ਮੈਲਬੌਰਨ (ਮਨਦੀਪ ਸਿੰਘ ਸੈਣੀ): ਬੀਤੇ ਕੱਲ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਇਸ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਅਤੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਨਮਿਤ ਇਕ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਗੁਰਬਾਣੀ ਦੇ ਕੀਰਤਨ ਅਤੇ ਕਥਾ ਵਿਚਾਰ ਦੀ ਸਾਂਝ ਪਾਉਂਦਿਆਂ ਸੰਗਤ ਨੂੰ ਇਸ ਸਾਕੇ ਦੇ ਇਤਿਹਾਸ ਨਾਲ ਜੋੜਿਆ ਗਿਆ। ਗੁਰੂ ਘਰ ਦੇ ਰਾਗੀ ਜਥੇ ਭਾਈ ਤਰਸੇਮ ਸਿੰਘ ਅਤੇ ਸਾਥੀਆਂ ਵਲੋਂ ਗੁਰਬਾਣੀ ਵਿੱਚ ਸ਼ਹਾਦਤ ਦੇ ਸੰਕਲਪ ਨੂੰ ਪ੍ਰਗਟਾਉਂਦੇ ਸ਼ਬਦਾਂ ਦਾ ਗਾਇਨ ਕੀਤਾ ਗਿਆ। ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਦਯਾਕਰਨ ਸਿੰਘ ਵਲੋਂ ਵੀ ਸਿੱਖ ਧਰਮ ਵਿੱਚ ਸ਼ਹਾਦਤ ਦੇ ਫ਼ਲਸਫ਼ੇ ਬਾਰੇ ਕਥਾ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਨੂੰ ਵੀ ਯਾਦ ਕੀਤਾ ਗਿਆ ਅਤੇ ਉਸ ਦੀ ਪਤਨੀ ਮਨਸਵੀਤ ਕੌਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦਿਆਂ ਉਸ ਦੀ ਇਕ ਸਮੈਸਟਰ ਦੀ ਪੜ੍ਹਾਈ ਦੀ ਫ਼ੀਸ ਤੋਂ ਇਲਾਵਾ ਪੰਜ ਹਜ਼ਾਰ ਡਾਲਰ ਦੇ ਕਰੀਬ ਰਾਸ਼ੀ ਦੀ ਮਦਦ ਵੀ ਦਿੱਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੁੱਖ ਸੇਵਾਦਾਰ ਸ. ਪਰਮਜੀਤ ਸਿੰਘ ਗਰੇਵਾਲ਼ ਅਤੇ ਮੁੱਖ ਸਕੱਤਰ ਸ. ਗੁਰਦੀਪ ਸਿੰਘ ਮਠਾਰੂ ਵਲੋਂ ਵੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੀਆਂ ਸ਼ਹਾਦਤਾਂ ਯਾਦ ਕੀਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਨਵਰੀਤ ਦੇ ਪਰਿਵਾਰ ਦੁਆਰਾ ਵੱਖ ਵੱਖ ਅੰਦੋਲਨਾਂ ਵਿਚ ਦਿੱਤੇ ਸੌ ਸਾਲਾਂ ਦੇ ਯੋਗਦਾਨ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕਿ ਨਵਰੀਤ ਸਿੰਘ ਦੇ ਵੱਡ ਵਡੇਰੇ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਆਪਣੀ ਜਾਨ ਕੌਮ ਲੇਖੇ ਲਾ ਚੁੱਕੇ ਹਨ, ਇਸ ਤੋਂ ਬਿਨਾਂ ਹੋਰ ਮੋਰਚਿਆਂ ਅਤੇ ਮੁਹਿੰਮਾਂ ਵਿੱਚ ਪਰਿਵਾਰ ਦੀ ਜ਼ਿਕਰਯੋਗ ਸਮੂਲੀਅਤ ਰਹੀ ਹੈ। ਇਸ ਮੌਕੇ ਮਾਹੌਲ ਭਾਵੁਕ ਸੀ, ਭਰੀਆਂ ਅੱਖਾਂ ਨਾਲ ਨਵਰੀਤ ਨੂੰ ਯਾਦ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਮਿਸੌਰੀ ਦੇ ਇਕ ਕਲੱਬ 'ਚ ਗੋਲੀਬਾਰੀ, 1 ਦੀ ਮੌਤ ਤੇ 4 ਜ਼ਖਮੀ
NEXT STORY