ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਆਸਟ੍ਰੇਲੀਆਈ ਸੰਘੀ ਸਰਕਾਰ ਨੇ ਆਪਣੀਆਂ ਨੀਤੀਆਂ ‘ਚ ਹੋਰ ਸਖ਼ਤੀ ਕਰਦਿਆਂ ਆਪਣੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਅਗਲੇ ਸਾਲ ਮਾਰਚ ਦੇ ਅੱਧ ਤਕ ਦੇਸ਼ ਤੋਂ ਬਾਹਰ ਯਾਤਰਾ ਕਰਨ ਤੋਂ ਵਰਜਿਆ ਹੈ।
ਗੌਰਤਲਬ ਹੈ ਕਿ ਮੁਲਕ ਤੋਂ ਬਾਹਰ ਜਾਣ ਲਈ ਅੰਤਰਾਸ਼ਟਰੀ ਯਾਤਰਾ 'ਤੇ ਇਹ ਪਾਬੰਦੀ 18 ਮਾਰਚ, 2020 ਤੋਂ ਲਾਗੂ ਹੋਈ ਸੀ ਜਿਸਦੀ ਮਿਆਦ 17 ਦਸੰਬਰ ਨੂੰ ਖਤਮ ਹੋਣ ਵਾਲੀ ਸੀ ਪਰ ਹੁਣ ਇਸ ਨੂੰ 17 ਮਾਰਚ, 2021 ਤੱਕ ਵਧਾ ਦਿੱਤਾ ਗਿਆ ਹੈ।
ਫ਼ੈਡਰਲ ਸਰਕਾਰ ਦਾ ਮੰਨਣਾ ਹੈ ਕਿ ਇਸ ਤਤਕਾਲੀਨ ਮਿਆਦ ਨੂੰ ਵਧਾਉਣ ਦਾ ਫ਼ੈਸਲਾ ਨਾਗਰਿਕਾਂ ਦੀ ਭਵਿੱਖੀ ਸਿਹਤ ਸੁਰੱਖਿਆ ਅਤੇ ਬਾਹਰੀ ਮੁਲਕਾਂ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੌਜੂਦਾ ਯਾਤਰਾ ਦੀਆਂ ਪਾਬੰਦੀਆਂ ਅਧੀਨ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਵਸਨੀਕ ਉਦੋਂ ਤੱਕ ਦੇਸ਼ ਨਹੀਂ ਛੱਡ ਸਕਦੇ ਜਦੋਂ ਤੱਕ ਉਨ੍ਹਾਂ ਨੂੰ ਆਸਟ੍ਰੇਲੀਅਨ ਬਾਰਡਰ ਫੋਰਸ (ਏਬੀਐਫ) ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਅਤੇ ਵਿਭਾਗ ਵੱਲੋਂ ਇਹ ਯਾਤਰਾ ਮਨਜ਼ੂਰੀ ਬਹੁਤ ਹੀ ਮੁਸ਼ਕਿਲ ਹਲਾਤਾਂ ਵਿਚ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਛੋਟੂ, ਤੁਹਾਡੀ ਸੇਵਾ 'ਚ! IOC ਨੇ 5 ਕਿਲੋ ਦੇ ਸਿਲੰਡਰ ਨੂੰ ਬ੍ਰਾਂਡ ਦੀ ਪਛਾਣ ਦਿੱਤੀ
ਭਾਵ ਸਿਰਫ਼ ਵਿਸ਼ੇਸ਼ ਹਾਲਾਤਾਂ ਜਿਵੇਂ ਪਰਿਵਾਰ ‘ਚ ਮੌਤ, ਕਾਰੋਬਾਰ, ਡਾਕਟਰੀ ਇਲਾਜ, ਤਰਸਵਾਨ ਜਾਂ ਮਾਨਵਤਾਵਾਦੀ ਅਧਾਰਾਂ, ਰਾਸ਼ਟਰੀ ਹਿੱਤ ਜਾਂ ਤੁਸੀਂ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰ ਰਹੇ ਹੋ ਆਦਿ ਸਥਿਤੀ ‘ਚ ਯਾਤਰਾ ਮਨਜ਼ੂਰੀ ਮਿਲਣੀ ਸੰਭਵ ਹੈ। ਏ. ਬੀ. ਐੱਫ. ਵੱਲੋਂ ਹੁਣ ਤੱਕ 95,325 ਛੋਟਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਨੂੰ ਗਵਰਨਰ-ਜਨਰਲ ਵਲੋਂ ਅਗਲੇ ਹਫ਼ਤੇ ਰਸਮੀ ਤੌਰ 'ਤੇ ਮਨਜ਼ੂਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।
►ਆਸਟ੍ਰੇਲੀਆ ਸਰਕਾਰ ਦੇ ਇਸ ਫ਼਼ੈਸਲੇ ਦਾ ਤੁਹਾਡਾ ਕੀ ਵਿਚਾਰ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਇ
ਨੇਪਾਲ 'ਚ ਕੋਰੋਨਾ ਵਾਇਰਸ ਦੇ 1044 ਨਵੇਂ ਮਾਮਲੇ ਆਏ ਸਾਹਮਣੇ
NEXT STORY