ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਕੁਈਨਜ਼ਲੈਂਡ ਸੂਬੇ ਵਿੱਚ ਸਾਹਿਤਕ ਪਸਾਰ ਲਈ ਸਰਗਰਮ ਸੰਸਥਾ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਅੱਜ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਸ਼ੰਮੀ ਜਲੰਧਰੀ ਦੁਆਰਾ ਰਚਿਤ ਗੁਰਮੁਖੀ ਅਤੇ ਸ਼ਾਹਮੁਖੀ ਦੇ ਬਹੁ-ਚਰਚਿਤ ਕਾਵਿ ਸੰਗ੍ਰਹਿ 'ਇਸ਼ਕ ਮੇਰਾ ਸੁਲਤਾਨ' 'ਤੇ ਵਿਚਾਰ ਗੋਸ਼ਟੀ ਕੀਤੀ ਗਈ ਅਤੇ ਨੌਜਵਾਨ ਕਵੀ ਗੁਰਮੁੱਖ ਸਿੰਘ ਦਾ ਪਲੇਠਾ ਕਾਵਿ ਸੰਗ੍ਰਹਿ 'ਸਵਰਗ ਦੇ ਪੰਛੀ' ਬ੍ਰਿਸਬੇਨ ਵਿਚ ਲੋਕ ਅਰਪਣ ਹੋਈ।
ਇਸ ਕਵੀ ਦਰਬਾਰ ਦਾ ਖਾਸ ਧੁਰਾ 'ਇਸ਼ਕ ਮੇਰਾ ਸੁਲਤਾਨ' ਦੀ ਗੋਸ਼ਟੀ ਹੀ ਰਿਹਾ। ਹਰਮਨਦੀਪ ਗਿੱਲ ਵੱਲੋਂ ਸਰੋਤਿਆਂ ਦਾ ਜੀ ਆਇਆਂ ਆਖਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਪਿਆਰੀ ਜਿਹੀ ਨਜ਼ਮ ਬੋਲ ਕੇ ਕੀਤੀ ਗਈ ਤੇ ਅਗਲੇਰੇ ਪ੍ਰੋਗਰਾਮ ਲਈ ਸਟੇਜ ਦੀ ਜ਼ਿੰਮੇਵਾਰੀ ਗ਼ਜ਼ਲਗੋ ਜਸਵੰਤ ਵਾਗਲਾ ਜੀ ਵਲੋਂ ਸੰਭਾਲੀ। ਜਸਵੰਤ ਵਾਗਲਾ ਨੇ ਕਿਤਾਬ 'ਇਸ਼ਕ ਮੇਰਾ ਸੁਲਤਾਨ' 'ਤੇ ਸਮੀਖਿਆ ਕਰਦਿਆਂ ਕੁਝ ਅਹਿਮ ਗੱਲਾਂ ਦੇ ਨਾਲ ਕਵਿਤਾ ਦੇ ਵਿਧਾ ਵਿਧਾਨ ਬਾਰੇ ਸਰੋਤਿਆਂ ਨਾਲ ਸੰਵਾਦ ਰਚਾਇਆ।
ਉਹਨਾਂ ਦੱਸਿਆ ਕਿ ਸ਼ਮੀ ਜਲੰਧਰੀ ਜੀ ਨਾਲ ਕਿਤਾਬ ਵਿਚਲੀਆਂ ਕਵਿਤਾਵਾਂ ਲਿਖਦਿਆਂ ਨਿਰੰਤਰ ਅੰਤ ਤੱਕ ਸਬੰਧ ਬਣਿਆ ਰਿਹਾ। ਵਾਗਲਾ ਜੀ ਨੇ ਸ਼ਬਦਾਂ ਦੀ ਸਰਲ ਵਰਤੋਂ, ਲਹਿੰਦੇ ਪੰਜਾਬ 'ਚ ਪ੍ਰਭਾਵ, ਕਾਵਿ ਸ਼ੈਲੀ ਆਦਿ ਬਾਰੇ ਗੱਲ ਕਰਦਿਆਂ ਕਾਵਿ ਸਾਹਿਤ ਦੀਆਂ ਵਿਧਾਵਾਂ ਉਪਰ ਡੂੰਘਾਈ ਝਾਤ ਪੁਆਈ। ਇਸ ਦੇ ਨਾਲ ਹਰਮਨਦੀਪ ਗਿੱਲ ਨੇ ਸ਼ੰਮੀ ਜਲੰਧਰੀ ਜੀ ਦੀ ਕਵਿਤਾ ਦੇ ਬਾਰੇ ਗੱਲ ਕਰਦਿਆਂ ਸਮੁੱਚੀ ਕਵਿਤਾ ਨੂੰ ਰੁਹਾਨੀ ਜੱਸ ਭਰਪੂਰ ਦੀ ਕਵਿਤਾ ਤੇ ਸੂਫ਼ੀ ਕਾਵਿ ਦੀ ਰੀਤ ਨੂੰ ਬਰਕਰਾਰ ਰੱਖਣ ਵਾਲੀ ਕਵਿਤਾ ਕਿਹਾ। ਉਹਨਾਂ ਕਿਹਾ ਸਮੁਚੀ ਸਾਹਿਤਕ ਰਚਨਾ ਕੁਦਰਤ ਦਾ ਪ੍ਰਭਾਵ ਤੇ ਉਸਦੇ ਮਨ 'ਤੇ ਅਸਰ ਦੀ ਕਵਿਤਾ ਹੈ। ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਪ੍ਰਗਤੀਵਾਦੀ ਪਰਵਾਸੀ ਸਾਹਿਤ ਵਜੋਂ ਰਚਿਆ ਜਾਂਦਾ ਸਾਹਿਤ ਵੀ ਅਸਲ ਵਿੱਚ ਵੈਰਾਗ ਹੀ ਹੁੰਦਾ ਹੈ। ਉਹਨਾਂ ਕਵਿਤਾ ਦੀ ਸਿਫ਼ਤ ਕਰਦਿਆਂ ਕਵੀ ਸਿਰ ਵਧਾਈ ਦਾ ਸਿਹਰਾ ਬੰਨ੍ਹਿਆਂ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਦੋ ਲੋਕਾਂ 'ਤੇ ਰਾਸ਼ਟਰਪਤੀ ਨੂੰ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼
ਸਭਾ ਦੇ ਮੀਤ ਪ੍ਰਧਾਨ ਜਗਜੀਤ ਖੋਸਾ ਜੀ ਨੇ ਵੀ ਭਾਵਪੂਰਤ ਤੇ ਅਰਥ ਭਰਪੂਰ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਵਾਈ। ਇਸ ਉਪਰੰਤ ਸਭਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ (ਹਰਮਨ) ਨੇ ਸੂਫੀ ਕਲਾਮ 'ਇਸ਼ਕ ਮੇਰਾ ਸੁਲਤਾਨ' ਨੂੰ ਤਰਜ਼ਬੰਦ ਕਰ ਸਰੋਤਿਆ ਅੱਗੇ ਪੇਸ਼ ਕੀਤਾ। ਜਿਸ ਦਾ ਸਰੋਤਿਆਂ ਨੇ ਖ਼ੂਬ ਆਨੰਦ ਮਾਣਿਆ। ਸਭਾ ਪ੍ਰਧਾਨ ਵਰਿੰਦਰ ਅਲੀਸ਼ੇਰ, ਰਿਤੀਕਾ ਅਹੀਰ ਨੇ ਵੀ ਆਪਣੀਆਂ ਕਵਿਤਾਵਾਂ, ਨਜ਼ਮਾਂ ਸੰਗ ਹਾਜ਼ਰੀ ਲੁਆਈ। ਵਰਿੰਦਰ ਅਲੀਸ਼ੇਰ ਜੀ ਵੱਲੋਂ ਸਮਾਪਤੀ ਸਮੇਂ ਮਾਝਾ ਯੂਥ ਕਲੱਬ ਤੋਂ ਪਹੁੰਚੇ ਰਣਜੀਤ ਸਿੰਘ ਗਿੱਲ, ਬਲਰਾਜ ਸਿੰਘ, ਸਰਵਣ ਸਿੰਘ ਤੇ ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਤੋਂ ਪਹੁੰਚੇ ਹਰਪ੍ਰੀਤ ਸਿੰਘ ਕੋਹਲੀ, ਜਸਕਰਨ ਸਿੰਘ ਆਦਿ ਦਾ ਧੰਨਵਾਦ ਕਰਦਿਆਂ ਸਭਾ ਦੇ ਲਗਾਤਾਰ ਕਵੀ ਦਰਬਾਰਾਂ ਵਿੱਚ ਸਰੋਤਿਆਂ ਨੂੰ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਅਪੀਲ ਕੀਤੀ ਤੇ ਸਭਾ ਦੀ ਕਾਰਜ਼ਸ਼ੀਲਤਾ ਨੂੰ ਬਰਕਰਾਰ ਰੱਖਣ ਦਾ ਵਾਅਦਾ ਵੀ ਕੀਤਾ।
ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ
NEXT STORY