ਬਰੇਸ਼ੀਆ (ਦਲਵੀਰ ਸਿੰਘ ਕੈਂਥ)- ਏਸ਼ੀਅਨ ਲੋਕ ਯੂਰਪ ਵਿੱਚ ਆਕੇ ਵੱਸਣ ਵਿੱਚ ਬਹੁਤ ਫ਼ਖਰ ਮਹਿਸੂਸ ਕਰਦੇ ਹਨ ਪਰ ਇੱਥੋਂ ਦਾ ਸਭਿਆਚਾਰ ਅਪਨਾਉਣ ਲਈ ਫਿਰ ਪਤਾ ਨਹੀਂ ਕਿਉਂ ਕੱਟੜ ਹੋ ਜਾਂਦੇ ਹਨ। ਇਸ ਕੱਟੜਤਾ ਦੀਆਂ ਅਣਗਿਣਤ ਉਦਾਹਰਣਾਂ ਹਨ। ਏਸ਼ੀਅਨ ਦੇਸ਼ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਸ਼੍ਰੀ ਲੰਕਾ ਆਦਿ ਲੋਕ ਉਸ ਵੇਲੇ ਬਹੁਤ ਖੁਸ਼ ਹੁੰਦੇ ਹਨ ਜਦੋਂ ਇਨ੍ਹਾਂ ਦੇ ਬੱਚੇ ਖਾਸ ਕਰ ਮੁੰਡੇ ਇਟਾਲੀਅਨ ਜਾਂ ਕਿਸੇ ਹੋਰ ਯੂਰਪੀਅਨ ਕੁੜੀਆਂ ਨਾਲ ਵਿਆਹ ਕਰਵਾਉਂਦੇ ਹਨ ਪਰ ਉਸ ਵੇਲੇ ਦੁੱਖੀ ਵੀ ਰੱਜਕੇ ਹੁੰਦੇ ਹਨ ਜਦੋਂ ਇਨ੍ਹਾਂ ਦੀਆਂ ਕੁੜੀਆਂ ਕਿਸੇ ਯੂਰਪੀਅਨ ਮੁੰਡੇ ਨਾਲ ਵਿਆਹ ਕਰਵਾ ਲੈਂਦੀਆਂ ਹਨ।
ਇਟਲੀ ਰਹਿੰਦੇ ਭਾਰਤੀ ਜਾਂ ਪਾਕਿਸਤਾਨੀ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ ਹਰ ਤੀਜੇ ਘਰ ਦੀ ਇਹੀ ਕਹਾਣੀ ਹੈ ਕਿ ਮਾਪੇ ਇਹ ਤਾਂ ਚਾਹੁੰਦੇ ਹਨ ਉਨ੍ਹਾਂ ਦੀ ਬਹੂ ਵਿਦੇਸ਼ੀ ਬਣ ਜਾਵੇ ਤਾਂ ਕੋਈ ਇਤਰਾਜ ਨਹੀਂ ਪਰ ਜਵਾਈ ਵਿਦੇਸ਼ੀ ਨਹੀਂ ਬਣਨਾ ਚਾਹੀਦਾ। ਉਂਝ ਇਹ ਲੋਕ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਲਈ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ। ਜਦੋਂ ਗੱਲ ਕੁੜੀ ਵੱਲੋਂ ਮਰਜ਼ੀ ਨਾਲ ਵਿਆਹ ਕਰਵਾਉਣ ਦੀ ਆਉਂਦੀ ਹੈ ਤਾਂ ਇਹ ਲੋਕ ਮਰਨ ਮਾਰਨ ਤੱਕ ਚਲੇ ਜਾਂਦੇ ਹਨ। ਯੂਰਪੀਅਨ ਖਾਸ ਕਰ ਇਟਾਲੀਅਨ ਲੋਕ ਹੈਰਾਨ ਹਨ ਇਨ੍ਹਾਂ ਲੋਕਾਂ ਦੀ ਇਹੀ ਸੋਚ ਉਪੱਰ ਕਿ ਇਹ ਲੋਕ ਅਜਿਹੀ ਮਾਨਸਿਕਤਾ ਨਾਲ ਨਾਰੀ ਪ੍ਰਧਾਨ ਦੇਸ਼ ਇਟਲੀ ਵਿੱਚ ਕਿੰਝ ਰਹਿ ਸਕਦੇ ਹਨ। ਬੀਤੇ ਸਮੇਂ ਵਿੱਚ ਇਟਾਲੀਅਨ ਸਮੇਤ ਸਾਰੇ ਦੇਸ਼ਾਂ ਦੇ ਲੋਕਾਂ ਦੀ ਚਰਚਾ ਵਿੱਚ ਰਿਹਾ ਕੇਸ ਸਮਨ ਅੱਬਾਸ ਨੇ ਤਾਂ ਸਿਰਾ ਹੀ ਕਰ ਛੱਡਿਆ। ਇਸ ਤੋਂ ਪਹਿਲਾਂ ਵੀ ਇੱਕ ਪਾਕਿਸਤਾਨੀ ਕੁੜੀ ਨੂੰ ਮਾਪਿਆਂ ਨੇ ਪਿਆਰ ਬਦਲੇ ਦਰਦਨਾਕ ਮੌਤ ਦਿੱਤੀ ਤੇ ਦੁਬਾਰਾ ਫਿਰ ਸਮਨ ਨੂੰ ਮਾਪਿਆਂ ਵੱਲੋਂ ਦਿੱਤੀ ਬੇਦਰਦੀ ਨਾਲ ਦਰਦਨਾਕ ਮੌਤ ਨੇ ਇਨਸਾਨੀਅਤ ਦੀਆਂ ਧੱਜੀਆਂ ਉੱਡਾ ਦਿੱਤੀਆਂ।
ਭਾਰਤੀ ਸਿੱਖ ਪਰਿਵਾਰ ਵਿੱਚ ਧੀ 'ਤੇ ਤਸ਼ੱਦਦ
ਭਾਰਤੀ ਜਾਂ ਪਾਕਿਸਤਾਨੀ ਲੋਕਾਂ ਲਈ ਇਹ ਘਟਨਾ ਸਧਾਰਨ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਦੋਨਾਂ ਦੇਸ਼ਾਂ ਵਿੱਚ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਪਿਆਰ ਬਦਲੇ ਮੌਤ ਦੀ ਨੀਂਦ ਸੁਲਾਇਆ ਗਿਆ ਪਰ ਹੁਣ ਜਦੋਂ ਇਹੀ ਲੋਕ ਯੂਰਪ ਜਾਂ ਇਟਲੀ ਆਕੇ ਅਜਿਹਾ ਖਿਲਾਰਾ ਪਾਉਣ ਤੋਂ ਗੁਰੇਜ ਨਹੀਂ ਕਰ ਰਹੇ ਤਾਂ ਇਟਾਲੀਅਨ ਲੋਕਾਂ ਦੀ ਨਫ਼ਰਤ ਦਾ ਰੱਜ ਕੇ ਸ਼ਿਕਾਰ ਹੋ ਰਹੇ ਹਨ। ਇਟਾਲੀਅਨ ਲੋਕ ਹਾਲੇ ਸਮਨ ਅੱਬਾਸ ਨੂੰ ਭੁੱਲੇ ਨਹੀਂ ਸੀ ਕਿ ਭਾਰਤੀ ਸਿੱਖ ਪਰਿਵਾਰ ਵਿੱਚ ਧੀ 'ਤੇ ਤਸ਼ੱਦਦ ਹੋਣਾ ਉਹ ਵੀ ਸਿਰਫ਼ ਇਸ ਕਾਰਨ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਇਸ ਗੱਲ ਨੂੰ ਇਟਾਲੀਅਨ ਲੋਕਾਂ ਵਿੱਚ ਪ੍ਰਮਾਣਿਤ ਕਰ ਦਿੰਦਾ ਹੈ ਕਿ ਭਾਰਤੀ ਹੋਣ ਜਾਂ ਪਾਕਿਸਤਾਨੀ ਇਨ੍ਹਾੰ ਲਈ ਔਰਤ ਸਿਵਾਏ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਦੇ ਕੁਝ ਨਹੀਂ। ਇਨ੍ਹਾਂ ਦੇ ਸੱਭਿਆਚਾਰ ਵਿੱਚ ਔਰਤ ਨੂੰ ਕੋਈ ਆਜ਼ਾਦੀ ਨਹੀਂ ਕੋਈ ਉਸ ਦੀ ਇੱਛਾ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪ੍ਰਵਾਸੀ ਨੂੰ ਮਿਲੇਗਾ ਇਨਸਾਫ! ਇਟਲੀ ਦੀ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ਮੁਕੱਦਮੇ 'ਚ ਸ਼ਾਮਲ
ਇਟਾਲੀਅਨ ਲੋਕਾਂ ਦੀ ਇਸ ਸੋਚ 'ਤੇ ਪੁੱਖਤਾ ਮੋਹਰ ਲਗਾਈ ਹੈ ਬਰੇਸ਼ੀਆਂ ਵਿੱਚ ਇੱਕ ਭਾਰਤੀ ਸਿੱਖ ਪਰਿਵਾਰ ਦੇ ਜ਼ਿੰਮੇਵਾਰ ਆਗੂ ਤੇ ਨਗਰ ਕੌਂਸਲ ਮੈਂਬਰ ਬਰੇਸ਼ੀਆ ਬਲਵਿੰਦਰ ਸਿੰਘ ਨੇ। ਬਲਵਿੰਦਰ ਸਿੰਘ ਵਲੋਂ ਪਰਿਵਾਰ ਨਾਲ ਰਲ-ਮਿਲ ਕੀਤੀ ਨਿੰਦਣਯੋਗ ਕਾਰਵਾਈ ਜਿਸ ਦੀ ਗਵਾਹੀ ਚੀਖ਼ ਚੀਖ਼ ਭਰ ਰਿਹਾ ਹੈ ਸੋਸ਼ਲ ਮੀਡੀਆ। ਉਂਝ ਇਹ ਕਹਾਣੀ ਬਹੁਤੇ ਭਾਰਤੀ ਤੇ ਪਾਕਿਸਤਾਨੀ ਪਰਿਵਾਰਾਂ ਦੀ ਹੈ ਪਰ ਜਿਹੜਾ ਫੜ੍ਹਿਆ ਗਿਆ ਉਹੀ ਚੋਰ। ਇਸ ਘਟਨਾ ਨਾਲ ਬਹੁਤੇ ਲੋਕਾਂ ਨੂੰ ਸ਼ਾਇਦ ਲੱਗਦਾ ਕਿ ਇਹ ਸਿਰਫ਼ ਬਲਵਿੰਦਰ ਸਿੰਘ ਦੇ ਪਰਿਵਾਰ ਦਾ ਮਸਲਾ ਹੈ ਪਰ ਨਹੀਂ ਜਦੋਂ ਤੱਕ ਇਹ ਗੱਲ ਜਨਤਕ ਨਹੀਂ ਸੀ ਉਂਦੋ ਤੱਕ ਪਰਿਵਾਰ ਦਾ ਹੀ ਮਾਮਲਾ ਸੀ ਪਰ ਜਦੋਂ ਜਨਤਕ ਹੋ ਗਿਆ ਹੁਣ ਇਹ ਮਾਮਲਾ ਦੇਸ਼ ਦਾ ਬਣ ਜਾਂਦਾ ਹੈ ਕਿਉਂਕਿ ਇਟਾਲੀਅਨ ਲੋਕ ਬਲਵਿੰਦਰ ਸਿੰਘ ਨੂੰ ਨਹੀਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਭੰਡ ਰਹੇ ਹਨ ਤੇ ਨਾਲ ਹੀ ਇਹ ਨਸੀਹਤਾਂ ਲੰਬਾਰਦੀਆਂ ਸੂਬੇ ਦੀ ਹਰ ਉਸ ਚਾਹ ਦੀ ਦੁਕਾਨ 'ਤੇ ਭਾਰਤੀਆਂ ਨੂੰ ਦਿੱਤੀਆਂ ਜਾ ਰਹੀਆਂ ਜਿੱਥੇ ਇਟਾਲੀਅਨ ਲੋਕ ਸਭ ਤੋਂ ਪਹਿਲਾਂ ਜਾਕੇ ਸਵੇਰੇ-ਸਵੇਰੇ ਚਾਹ ਪੀਂਦੇ ਹਨ ਉੱਥੇ ਇਟਾਲੀਅਨ ਲੋਕ ਭਾਰਤੀ ਤੇ ਪਾਕਿਸਤਾਨੀ ਲੋਕਾਂ ਦੀ ਤੁਲਨਾ ਜਾਨਵਰਾਂ ਨਾਲ ਕਰਦੇ ਕਹਿੰਦੇ ਹਨ ਕਿ ਇਨ੍ਹਾੰ ਨੂੰ ਜੇ ਜ਼ਿੰਦਗੀ ਜਿਉਣ ਦਾ ਢੰਗ ਨਹੀਂ ਆਉਂਦਾ ਤਾਂ ਕਿਰਪਾ ਵਾਪਸ ਚਲੇ ਜਾਣ। ਉਨ੍ਹਾਂ ਦੇ ਸਮਾਜ ਨੂੰ ਪ੍ਰੇਸ਼ਾਨ ਨਾ ਕਰਨ।
ਬੇਸ਼ੱਕ ਕਿ ਇਟਾਲੀਅਨ ਲੋਕ ਵੀ ਔਰਤਾਂ 'ਤੇ ਅੱਤਿਆਚਾਰ ਵਿੱਚ ਪਿੱਛੇ ਨਹੀਂ ਪਰ ਇਨ੍ਹਾਂ ਸਾਰੀਆਂ ਭੰਡੀ ਪ੍ਰਚਾਰ ਦੀਆਂ ਘਟਨਾਵਾਂ ਵਿੱਚ ਕਿਤੇ ਨਾ ਕਿਤੇ ਜਿਣਸੀ ਜਾਂ ਨਸਲੀ ਭਿੰਨ-ਭੇਦ ਵੀ ਭਾਰਤੀ ਤੇ ਪਾਕਿਸਤਾਨੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਨਸਲੀ ਭਿੰਨ -ਭੇਦ ਤੋਂ ਤਾਂ ਕੈਨੇਡਾ ਦੇ ਸਾਬਕਾ ਕੇਂਦਰੀ ਮੰਤਰੀ ਹਰਜੀਤ ਸਿੰਘ ਸੱਜਣ ਨਹੀਂ ਬਚ ਸਕੇ ਬਾਕੀਆਂ ਦੀ ਤਾਂ ਗੱਲ ਹੀ ਛੱਡ ਦਿਓ।ਬਲਵਿੰਦਰ ਸਿੰਘ ਦੇ ਪਰਿਵਾਰ ਵਿੱਚ ਜੋ ਕੁਝ ਵੀ ਹੋਇਆ ਉਸ ਨੇ ਬਲਵਿੰਦਰ ਸਿੰਘ ਦਾ ਤਾਂ ਸਿਆਸੀ ਕੈਰੀਅਰ ਤਬਾਹ ਕੀਤਾ ਹੀ ਹੈ ਪਰ ਨਾਲ ਹੀ ਇਸ ਘਟਨਾ ਨੇ ਪਿਛਲੇ ਲੰਬੇ ਸਮੇਂ ਤੋਂ ਮਹਾਨ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਦੀ ਚੱਲ ਰਹੀ ਲੜਾਈ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਜਿਸ ਦੇ ਨਤੀਜੇ ਭੱਵਿਖ ਵਿੱਚ ਦੇਖਣ ਨੂੰ ਮਿਲਣਗੇ। ਇਸ ਸੂਬੇ ਵਿੱਚ ਜਿਨ੍ਹਾਂ ਸੰਗਤ ਨੇ ਮਹਾਨ ਸਿੱਖ ਧਰਮ ਦੀ ਹੋਂਦ ਪ੍ਰਗਟਾਉਣ ਲਈ ਖਰਚਾ ਕਈ ਦਹਾਕਿਆਂ ਤੋਂ ਕੀਤਾ ਉਹ ਇਸ ਘਟਨਾ ਨੇ ਪਲਾ ਵਿੱਚ ਹੀ ਮਿੱਟੀ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤੀ ਪ੍ਰਵਾਸੀ ਨੂੰ ਮਿਲੇਗਾ ਇਨਸਾਫ! ਇਟਲੀ ਦੀ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ਮੁਕੱਦਮੇ 'ਚ ਸ਼ਾਮਲ
NEXT STORY