ਨਿਊਜ਼ੀਲੈਂਡ (ਬੰਗੜ) - ਨਿਊਜ਼ੀਲੈਂਡ ਦੀ ਖੂਬਸੂਰਤੀ ਨੂੰ ਵੇਖ ਕੇ ਇੰਝ ਲਗਦਾ ਹੈ ਕਿ ਇਹ ਦੇਸ਼ ਕੁਦਰਤ ਦੀ ਗੋਦ ਵਿਚ ਨਹੀਂ ਸਗੋਂ ਕੁਦਰਤ ਇਸ ਦੇਸ਼ ਦੀ ਗੋਦ ਵਿਚ ਖੇਡ ਰਹੀ ਹੈ। ਇਥੋਂ ਦੇ ਮਟਾਮਟ ਸ਼ਹਿਰ ਨੇੜੇ ਇਕ ਖੂਬਸੂਰਤ ਹੋਬਿਟਨ ਪਿੰਡ ਹੈ, ਜਿਥੇ ਜਵਾਨ ਹੋਈ ਕੁਦਰਤ ਦਾ ਸਨੁੱਖਾਪਣ ਹਾਲੀਵੁੱਡ ਤੇ ਬਾਲੀਵੁੱਡ ਫ਼ਿਲਮਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੈ।
ਇਹ ਧਰਤੀ ਨਿਊਜ਼ੀਲੈਂਡ ਦੇ ਇਕ ਕੋਨੇ ’ਚੋਂ ਨਿੱਖਰ ਕੇ ਦੁਨੀਆਂ ਦੀ ਨਜ਼ਰ ਵਿਚ ਉਸ ਵਕਤ ਆਈ, ਜਦੋਂ ਇਥੇ ਹਾਲੀਵੁੱਡ ਡਾਇਰੈਕਟਰ ਪੀਟਰ ਜੈਕਸਨ ਨੇ ਫਿਲਮਾਂ ਦੇ ਦ੍ਰਿਸ਼ ਸ਼ੂਟ ਕੀਤੇ। 1998 ਵਿਚ ਫਿਲਮ ਦੀ ਟੀਮ ਨੇ ਮਟਾਮਾਟਾ ਵਿਚ ਸ਼ੂਟਿੰਗ ਲਈ ਸਥਾਨ ਚੁਣਿਆ ਤੇ ਇਕ ਨਕਲੀ ਪਿੰਡ ਬਣਾਇਆ, ਜਿਸ ਨੂੰ ‘ਦ ਸ਼ਾਇਰ’ ਕਿਹਾ ਜਾਂਦਾ ਹੈ। ਅੱਜ ਤੋਂ ਕਰੀਬ ਢਾਈ ਦਿਹਾਕੇ ਪਹਿਲਾਂ ਕੁਦਰਤ ਦੇ ਇਸ ਖੂਬਸੂਰਤ ਪਿੰਡ ਨੂੰ ਫ਼ਿਲਮਾਂ ਲਈ ਤਿਆਰ ਕਰ ਕੇ ਇਕ ਸੈੱਟ ਦੇ ਰੂਪ ਵਿਚ ਘੜ ਲਿਆ ਗਿਆ ਅਤੇ ਹੁਣ ਇਹ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਟੂਰਿਸਟ ਸਥਾਨ ਬਣ ਚੁੱਕਾ ਹੈ। ਹੁਣ ਹਰ ਸਾਲ ਹਜ਼ਾਰਾਂ ਸੈਲਾਨੀ ਦੁਨੀਆ ਭਰ ਤੋਂ ਇਥੇ ਆਉਂਦੇ ਹਨ।
ਸੈਲਾਨੀਆਂ ਲਈ ਇਥੇ ਸਭ ਤੋਂ ਜ਼ਿਆਦਾ ਖਿੱਚ ਦਾ ਕਾਰਨ ਬਣਦੇ ਹਨ ਹੋਬਿਟ ਹਾਊਸਜ਼, ਜਿਸ ਦਾ ਮਤਲਬ ਹੈ ਧਰਤੀ ਅੰਦਰ ਬਣੇ ਆਰਾਮਦਾਇਕ ਆਸ਼ਿਆਨੇ। ਇਨ੍ਹਾਂ ਨਿੱਕੇ-ਨਿੱਕੇ ਘਰਾਂ ਦੇ ਛੋਟੇ ਦਰਵਾਜ਼ਿਆਂ ਅਤੇ ਹਰੀ-ਭਰੀਆਂ ਟੇਕੜੀਆਂ ਵਿਚ ਸੈਲਾਨੀਆਂ ਵੱਲੋਂ ਫੋਟੋ ਖਿਚਵਾਉਣ ਲਈ ਉਤਾਵਲਾਪਣ ਬੇਕਾਬੂ ਹੋ ਕੇ ਸਾਹਮਣੇ ਆਉਂਦਾ ਹੈ। ਇਨ੍ਹਾਂ ਗੋਲ ਅਤੇ ਆਕਰਸ਼ਿਤ ਦਰਵਾਜ਼ਿਆ ਅੱਗੇ ਭਾਂਤ-ਭਾਂਤ ਦੇ ਫੁੱਲ ਬੂਟੇ ਅਤੇ ਤੁਹਾਡਾ ਧਿਆਨ ਆਪਣੇ ਵੱਲ ਖਿੱਚਣ ਲਈ ਕਲਾਕ੍ਰਿਤੀ ਨਾਲ ਜੁੜੀਆਂ ਹੋਰ ਵਸਤੂਆਂ ਵੀ ਰੱਖੀਆ ਗਈਆਂ ਹਨ। ਇਨ੍ਹਾਂ ਭੂਮੀਗਤ ਘਰਾਂ ਅੱਗੇ ਤੋਂ ਇਕ ਖੂਬਸੂਰਤ ਪਗਡੰਡੀ ਲੰਘਦੀ ਹੈ, ਜਿਸ ਉਪਰੋਂ ਸੈਲਾਨੀ ਅੱਗੇ ਵਧਦੇ ਹਨ। ਇਸ ਪਗਡੰਡੀ ਤੋਂ ਥੱਲੇ ਵੱਲ ਦੇਖਣ ’ਤੇ ਪਾਣੀ ਦਾ ਇਕ ਖੂਬਸੂਰਤ ਤਲਾਬ ਨਜ਼ਰ ਆਉਂਦਾ ਹੈ।
ਇਥੇ ਦੀ ਕੁਦਰਤੀ ਖੂਬਸੂਰਤੀ ਦੀ ਸਾਂਭ-ਸੰਭਾਲ ਲਈ ਕੰਮ ਕਰਦੇ ਮੁਲਾਜ਼ਮ ਸੈਲਾਨੀਆਂ ਨੂੰ ਕਿਸੇ ਵੀ ਬੇਲ ਬੂਟੇ ਤੋਂ ਦੂਰ ਰਹਿਣ ਲਈ ਬੇਨਤੀ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਮਕਸਦ ਪ੍ਰਕ੍ਰਿਤੀ ਦੀ ਖੂਬਸੂਰਤੀ ਨੂੰ ਜਵਾਨ ਅਤੇ ਬਰਕਰਾਰ ਰੱਖਣਾ ਹੈ। ਸੈਲਾਨੀਆਂ ਦੇ ਮੰਨੋਰੰਜਨ ਦੇ ਨਾਲ–ਨਾਲ ਇਥੇ ਇਕ ਰੈਸਟੋਰੈਟ ਵੀ ਉਪਲੱਬਧ ਹੈ, ਜਿਥੇ ਸੈਲਾਨੀ ਲੋਕਲ ਖਾਣੇ ਤੇ ਪੀਣ ਵਾਲੇ ਪਦਾਰਥਾਂ ਦਾ ਆਨੰਦ ਲੈਂਦੇ ਹਨ।
ਪ੍ਰਮਾਣੂ ਪ੍ਰੋਗਰਾਮ 'ਤੇ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਕਰੇਗਾ ਈਰਾਨ, ਸੁਪਰੀਮ ਲੀਡਰ ਖਾਮੇਨੀ ਨੇ ਕੀਤੀ ਨਾਂਹ
NEXT STORY