ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਮੰਗਲਵਾਰ ਨੂੰ ਜਾਫਰ ਐਕਸਪ੍ਰੈਸ ਟਰੇਨ 'ਤੇ ਬੰਬ ਹਮਲਾ ਹੋਇਆ, ਜਿਸ 'ਚ ਕਰੀਬ 12 ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਕਵੇਟਾ ਜਾ ਰਹੀ ਟਰੇਨ ਮਸਤੁੰਗ ਜ਼ਿਲ੍ਹੇ ਦੇ ਸਪੀਜੇਂਦ ਇਲਾਕੇ ਤੋਂ ਲੰਘ ਰਹੀ ਸੀ। ਸਥਾਨਕ ਪੁਲਸ ਨੇ ਪੁਸ਼ਟੀ ਕੀਤੀ ਕਿ ਧਮਾਕਾ ਟਰੈਕ 'ਤੇ ਲਗਾਏ ਗਏ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਕਾਰਨ ਹੋਇਆ। ਹਮਲੇ ਕਾਰਨ ਟਰੇਨ ਦੀਆਂ 6 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਇਕ ਬੋਗੀ ਪਲਟ ਗਈ। ਹਾਦਸੇ ਵੇਲੇ ਟਰੇਨ 'ਚ ਕਰੀਬ 270 ਯਾਤਰੀ ਸਵਾਰ ਸਨ। ਜੇਕਰ ਟਰੇਨ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੁੰਦੀ ਤਾਂ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਲਾਕੇ 'ਚ 10 ਘੰਟਿਆਂ ਦੇ ਅੰਦਰ ਇਹ ਦੂਜਾ ਧਮਾਕਾ ਸੀ।
ਘਟਨਾ ਤੋਂ ਤੁਰੰਤ ਬਾਅਦ ਬਚਾਅ ਟੀਮਾਂ ਅਤੇ ਪੁਲਸ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਜ਼ਖਮੀਆਂ 'ਚੋਂ 5 ਯਾਤਰੀ ਪਲਟੀ ਹੋਈ ਬੋਗੀ 'ਚ ਸਵਾਰ ਸਨ, ਜਦਕਿ ਬਾਕੀਆਂ ਨੂੰ ਦੂਜੀਆਂ ਬੋਗੀਆਂ ਦੇ ਪਟੜੀ ਤੋਂ ਉਤਰਨ ਕਾਰਨ ਸੱਟਾਂ ਲੱਗੀਆਂ। ਜ਼ਿਕਰਯੋਗ ਹੈ ਕਿ ਜਾਫਰ ਐਕਸਪ੍ਰੈਸ ਨੂੰ ਇਸ ਸਾਲ ਮਾਰਚ 'ਚ ਵੀ ਬਲੋਚ ਲੜਾਕਿਆਂ ਨੇ ਨਿਸ਼ਾਨਾ ਬਣਾਇਆ ਸੀ। ਉਸ ਵੇਲੇ ਬਲੋਚ ਲਿਬਰੇਸ਼ਨ ਆਰਮੀ (BLA)ਨੇ ਟਰੇਨ ਨੂੰ ਹਾਈਜੈਕ ਕਰ ਲਿਆ ਸੀ ਅਤੇ ਫੌਜ ਨਾਲ ਕਰੀਬ 40 ਘੰਟੇ ਤੱਕ ਮੁਕਾਬਲਾ ਚੱਲਿਆ ਸੀ।
ਅੱਤਵਾਦ ਨਾਲ ਜੂਝ ਰਿਹਾ ਪਾਕਿਸਤਾਨ
ਗਲੋਬਲ ਟੈਰੋਰਿਜ਼ਮ ਇੰਡੈਕਸ 2025 ਮੁਤਾਬਕ ਪਾਕਿਸਤਾਨ ਦੁਨੀਆ ਦਾ ਦੂਜਾ ਸਭ ਤੋਂ ਵੱਧ ਅੱਤਵਾਦ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਰਿਪੋਰਟ ਮੁਤਾਬਕ ਦੇਸ਼ ਦੀਆਂ ਕੁੱਲ ਅੱਤਵਾਦੀ ਘਟਨਾਵਾਂ 'ਚੋਂ 90 ਫੀਸਦ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ 'ਚ ਹੁੰਦੀਆਂ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੂੰ ਦੇਸ਼ ਦਾ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਦੱਸਿਆ ਗਿਆ ਹੈ।
ਕਾਠਮੰਡੂ ਹਵਾਈ ਅੱਡੇ 'ਤੇ ਭਾਰਤੀ ਨਾਗਰਿਕ ਤੋਂ 800 ਗ੍ਰਾਮ ਤੋਂ ਵੱਧ ਸੋਨਾ ਬਰਾਮਦ, ਗ੍ਰਿਫ਼ਤਾਰ
NEXT STORY