ਵੈਨਕੂਵਰ/ਲੰਡਨ (ਸਰਬਜੀਤ ਸਿੰਘ ਬਨੂੜ)- ਕੈਨੇਡਾ 'ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਸਿੱਖਸ ਫ਼ਾਰ ਜਸਟਿਸ (SFJ) ਨੇ ਇੱਕ ਤਸਵੀਰ ਅਤੇ ਕੁਝ ਕਥਿਤ ਆਪਰੇਸ਼ਨਲ ਰਿਕਾਰਡ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਕਤਲ ਦੇ ਮੁਲਜ਼ਮ ਕਰਨ ਬਰਾੜ ਤੱਕ ਭਾਰਤੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਵੱਲੋਂ ‘ਕਿੱਲ ਮਨੀ’ ਪਹੁੰਚਾਈ ਗਈ ਸੀ।
SFJ ਵੱਲੋਂ ਜਾਰੀ ਤਸਵੀਰ 'ਚ ਕਰਨ ਬਰਾੜ ਦੱਸਿਆ ਜਾ ਰਿਹਾ ਵਿਅਕਤੀ ਨਕਦੀ ਦੀ ਵੱਡੀ ਗੱਥੀ ਅਤੇ ਇੱਕ ਹਥਿਆਰ ਨਾਲ ਦਿਖਾਈ ਦੇ ਰਿਹਾ ਹੈ। ਪੰਨੂੰ ਨੇ ਨਕਦੀ ਦੀ ਰਕਮ ਲਗਭਗ ਇਕ ਲੱਖ ਡਾਲਰ ਹੋਣ ਦਾ ਅਨੁਮਾਨ ਲਾਇਆ ਹੈ। SFJ ਨੇ ਦਾਅਵਾ ਕੀਤਾ ਕਿ ਤਸਵੀਰ ਵਿੱਚ ਦਿਖਾਈ ਦੇ ਰਿਹਾ ਹਥਿਆਰ ਵੀ ਨਿੱਝਰ ਕਤਲ ਨਾਲ ਸਬੰਧਤ ਹੋ ਸਕਦਾ ਹੈ। ਹਾਲਾਂਕਿ ਤਸਵੀਰ, ਨਕਦੀ ਦੀ ਰਕਮ ਅਤੇ ਹਥਿਆਰ ਸਬੰਧੀ ਇਨ੍ਹਾਂ ਦਾਅਵਿਆਂ ਦੀ ਕਿਸੇ ਕੈਨੇਡੀਅਨ ਜਾਂਚ ਏਜੰਸੀ ਵੱਲੋਂ ਜਨਤਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ।
SFJ ਦਾ ਕਹਿਣਾ ਹੈ ਕਿ ਉਸ ਕੋਲ ਮੌਜੂਦ ਕਥਿਤ ਰਿਕਾਰਡਾਂ ਮੁਤਾਬਕ ਸਤੰਬਰ 2023 ਵਿੱਚ ਕੈਨੇਡਾ ਤੋਂ ਕੱਢੇ ਗਏ RAW ਦੇ ਤਤਕਾਲੀ ਸਟੇਸ਼ਨ ਚੀਫ਼ ਪਵਨ ਕੁਮਾਰ ਰਾਏ ਨੇ ਕਥਿਤ ਹਿੱਟ ਟੀਮ ਲਈ 3 ਲੱਖ ਡਾਲਰ ਤੋਂ ਵੱਧ ਦੀ ਫੰਡਿੰਗ ਦਾ ਪ੍ਰਬੰਧ ਕੀਤਾ ਸੀ। ਕੈਨੇਡਾ ਨੇ ਸਤੰਬਰ 2023 ਵਿੱਚ ਰਾਏ ਨੂੰ ਦੇਸ਼ 'ਚੋਂ ਕੱਢ ਦਿੱਤਾ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਪਛਾਣ ਭਾਰਤੀ ਖੁਫੀਆ ਏਜੰਸੀ ਦੇ ਕੈਨੇਡਾ ਸਥਿਤ ਮੁਖੀ ਵਜੋਂ ਕੀਤੀ ਗਈ ਸੀ।
SFJ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ, “ਅਸੀਂ ਨਿੱਝਰ ਦੇ ਕਤਲ ਦੇ ਮੁਲਜ਼ਮ ਨੂੰ ਦਿੱਤੀ ਗਈ ਕਥਿਤ ‘ਕਿੱਲ ਮਨੀ’ ਦੇ ਸਬੂਤ ਜਾਰੀ ਕਰਨ ਲਈ ਮਜਬੂਰ ਹਾਂ। ਭਾਰਤ ਪ੍ਰੌਕਸੀ ਗੈਂਗਾਂ ਦੀ ਵਰਤੋਂ ਕਰ ਕੇ ਸਰਕਾਰੀ ਨਿਰਦੇਸ਼ਾਂ ਹੇਠ ਹੋਏ ਕਤਲ ਨੂੰ ਗੈਂਗਾਂ ਦੀ ਆਪਸੀ ਦੁਸ਼ਮਣੀ ਵਜੋਂ ਪੇਸ਼ ਕਰ ਰਿਹਾ ਹੈ, ਪਰ ਪੈਸਿਆਂ ਦਾ ਰਿਕਾਰਡ ਇਸ ਬਿਰਤਾਂਤ ਦੇ ਖ਼ਿਲਾਫ਼ ਗਵਾਹੀ ਭਰ ਰਿਹਾ ਹੈ।”

ਇਹ ਵੀ ਪੜ੍ਹੋ- ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ
ਪੰਨੂ ਨੇ ਦੋਸ਼ ਲਾਇਆ ਕਿ ਭਾਰਤੀ ਖੁਫੀਆ ਤੰਤਰ ਨੇ ਕੈਨੇਡੀਅਨ ਧਰਤੀ ’ਤੇ ਇੱਕ ਕੈਨੇਡੀਅਨ ਨਾਗਰਿਕ ਦੇ ਕਤਲ ਲਈ ਕਥਿਤ ਤੌਰ ’ਤੇ ਵਿੱਤੀ, ਖੁਫੀਆ ਅਤੇ ਲੌਜਿਸਟਿਕ ਢਾਂਚਾ ਮੁਹੱਈਆ ਕਰਵਾਇਆ। ਉਨ੍ਹਾਂ ਇਸ ਘਟਨਾ ਨੂੰ ਕੌਮਾਂਤਰੀ ਸਰਹੱਦਾਂ ਤੋਂ ਪਾਰ ਕੀਤਾ ਗਿਆ ਅੱਤਵਾਦੀ ਹਮਲਾ ਕਰਾਰ ਦਿੱਤਾ।
SFJ ਨੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਅਤੇ ਫੈਡਰਲ ਪ੍ਰੋਸੀਕਿਊਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਲ ਰਹੀ ਕਾਨੂੰਨੀ ਕਾਰਵਾਈ ਦੌਰਾਨ ਕਥਿਤ RAW ਵਿੱਤੀ ਨੈੱਟਵਰਕ ਦੀ ਜਾਂਚ ਕਰਨ ਅਤੇ ਸਬੂਤਾਂ ਦੇ ਆਧਾਰ ’ਤੇ ਕਿਸੇ ਵੀ ਅਧਿਕਾਰੀ ਦੀ ਭੂਮਿਕਾ ਸਾਬਤ ਹੋਣ ’ਤੇ ਜਵਾਬਦੇਹੀ ਤੈਅ ਕਰਨ।
ਜ਼ਿਕਰਯੋਗ ਹੈ ਕਿ ਕਰਨ ਬਰਾੜ ਸਮੇਤ 4 ਭਾਰਤੀ ਨਾਗਰਿਕਾਂ ਖ਼ਿਲਾਫ਼ ਪਹਿਲੀ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਹੇਠ ਕਾਰਵਾਈ ਚੱਲ ਰਹੀ ਹੈ। ਸਾਰੇ ਮੁਲਜ਼ਮਾਂ ਉੱਤੇ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ। ਜੁਲਾਈ 2026 ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਜਾਰੀ ਇੱਕ ਵੱਖਰੇ ਦੋਸ਼-ਪੱਤਰ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ’ਤੇ ਨਿੱਝਰ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਸਨ, ਪਰ ਉਸ ਦੋਸ਼-ਪੱਤਰ ਵਿੱਚ ਭਾਰਤ ਸਰਕਾਰ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ।
ਰਤ ਸਰਕਾਰ ਨਿੱਝਰ ਕਤਲ ਵਿੱਚ ਆਪਣੀ ਕਿਸੇ ਵੀ ਭੂਮਿਕਾ ਤੋਂ ਲਗਾਤਾਰ ਇਨਕਾਰ ਕਰਦੀ ਆਈ ਹੈ। ਇਸ ਨਵੇਂ ਦਾਅਵੇ ਬਾਰੇ ਭਾਰਤੀ ਹਾਈ ਕਮਿਸ਼ਨ, ਕੈਨੇਡੀਅਨ ਪੁਲਸ ਜਾਂ ਸਰਕਾਰੀ ਵਕੀਲਾਂ ਦੀ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ SFJ ਵੱਲੋਂ ਜਾਰੀ ਸਮੱਗਰੀ ਦੀ ਪ੍ਰਮਾਣਿਕਤਾ ਦਾ ਅੰਤਿਮ ਫ਼ੈਸਲਾ ਜਾਂਚ ਏਜੰਸੀਆਂ ਅਤੇ ਅਦਾਲਤ ਵੱਲੋਂ ਹੀ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਵੀਡਿਓ ਵਿੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਖਾਲਸਾਈ ਇਨਸਾਫ਼ ਤੇ ਖਾਲਸਾਈ ਸਜ਼ਾ ਤਹਿ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ- ਭਾਰਤ ਲਈ ਵੱਜੀ ਖ਼ਤਰੇ ਦੀ ਘੰਟੀ ! 14 ਦੇਸ਼ਾਂ ਦੀ ਸਰਹੱਦ ਨੇੜੇ Mega Project ਬਣਾ ਰਿਹੈ ਚੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਸਪਤਾਲ ਦੇ ਵਾਸ਼ਰੂਮ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ; ਪਾਕਿਸਤਾਨ ਦੇ ਹੈਲਥਕੇਅਰ ਸਿਸਟਮ 'ਤੇ ਉੱਠੇ ਸਵਾਲ
NEXT STORY