ਰੋਮ (ਕੈਂਥ)- ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਕਸਤੇਲ ਫਰਾਂਕੋ ਇਮੀਲੀਆ (ਮੋਦਨਾ) ਵਿਖੇ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮੀਰੀ-ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸੰਬਧੀ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਆਰੰਭੇ ਸ਼੍ਰੀ ਆਖੰਡ ਪਾਠ ਸਾਹਿਬ ਜੀਓ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਜਿਸ 'ਚ ਵਿਸ਼ਵ ਪ੍ਰਸਿੱਧ ਢਾਡੀ ਕਸ਼ਮੀਰ ਸਿੰਘ ਕਾਦਰ ਮਹਿੰਦਪੁਰ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਦੇ ਜੱਥੇ ਨੇ ਆਪਣੀ ਬੁਲੰਦ ਅਤੇ ਦਮਦਾਰ ਆਵਾਜ਼ ਨਾਲ ਮੀਰੀ-ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜੀਵਨ ਬਿਰਤਾਂਤ ਸਰਵਣ ਕਰਵਾਇਆ।
ਸਮਾਗਮ ਮੌਕੇ ਭਾਈ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਅਤੇ ਬਾਬਾ ਤਰਸੇਮ ਸਿੰਘ ਹੈੱਡਗ੍ਰੰਥੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕਸਤੇਲ ਫਰਾਂਕੋ ਇਮੀਲੀਆ ਨੇ ਇਸ ਵਿਸ਼ੇਸ਼ ਸਮਾਗਮ 'ਚ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਵਿਦੇਸ਼ਾਂ 'ਚ ਸਿੱਖੀ ਦੀ ਚੜ੍ਹਦੀ ਕਲਾ ਲਈ ਸਦਾ ਹੀ ਸੇਵਾ 'ਚ ਰਹਿਣਾ ਚਾਹੀਦਾ ਹੈ। ਇਸ ਮੌਕੇ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਉਂਦਿਆਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਵਰਤਾਈ ਗਈ। ਸਮਾਗਮ 'ਚ ਜਿੱਥੇ ਇਲਾਕੇ ਭਰ ਤੋਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ ਉੱਥੇ ਨਾਲ ਹੀ ਬੀਤੇ ਦਿਨੀ ਨਗਰ ਕੌਂਸਲ ਚੋਣਾਂ ਵਿਚ ਜਿੱਤ ਦੇ ਝੰਡੇ ਗੱਡਣ ਵਾਲੇ ਭਾਈ ਲਖਵਿੰਦਰ ਸਿੰਘ (ਦਮਾਦ ਉੱਘੇ ਸਮਾਜ ਸੇਵਕ ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਨ.ਆਰ.ਆਈ ਵਿੰਗ ਇਟਲੀ) ਨੇ ਵੀ ਆਪਣੀ ਜਿੱਤ ਲਈ ਗੁਰੂ ਸਾਹਿਬ ਦਾ ਨਤਮਸਤਕ ਹੋ ਸ਼ੁਕਰਾਨਾ ਕਰਦਿਆਂ ਸਮਾਗਮ 'ਚ ਹਾਜ਼ਰੀ ਭਰੀ ਅਤੇ ਸੰਗਤਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਮਾਂ ਨੂੰ ਮਿਲਣ ਲਈ ਲੰਡਨੋਂ SUV ਚਲਾ ਭਾਰਤ ਪਹੁੰਚ ਗਿਆ ਪੁੱਤ
NEXT STORY