ਵੈਨਕੂਵਰ (ਮਲਕੀਤ ਸਿੰਘ)- 1988 ਦੇ ਦਹਾਕੇ ਦੌਰਾਨ ਚਰਚਿਤ ਰਹੇ ਟੀਵੀ ਸੀਰੀਅਲ ‘ਮਹਾਭਾਰਤ’ ਦੇ ਅਹਿਮ ਪਾਤਰ ਦੁਰਯੋਧਨ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਅੱਜ ਕੈਨੇਡਾ ਦੇ ਸਰੀ ਸ਼ਹਿਰ ਵਿਚ ਪੁੱਜਣ 'ਤੇ ਉਹਨਾਂ ਦੇ ਸ਼ੁਭ ਚਿੰਤਕਾਂ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕੈਨੇਡਾ ਦੇ ਪ੍ਰਸਿੱਧ ਰੈਸਟੋਰੈਂਟ ‘ਉਸਤਾਦ ਜੀ’ ਦੀ ਚੇਨ ਦੇ ਮਾਲਕ ਸੰਜੇ ਬਜਾਜ ਅਤੇ ਉਨਾਂ ਦੇ ਸਾਥੀਆਂ ਵੱਲੋਂ ਅੱਜ ਸ਼ਾਮੀ ਸਰੀ ਸੈਂਟਰ ਵਿਚ ਸਥਿਤ ਬ੍ਰਾਂਚ ਉਸਤਾਦ ਜੀ ਰੈਸਟੋਰੈਂਟ ਵਿਚ ਆਯੋਜਿਤ ਸਵਾਗਤੀ ਪਾਰਟੀ ਵਿਚ ਪੁੱਜੇ ਇਸਰ ਵੱਲੋਂ ਉੱਥੇ ਮੌਜੂਦ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਬੜੇ ਹੀ ਠਰਮੇ ਅਤੇ ਸੰਜੀਦਗੀ ਨਾਲ ਜਵਾਬ ਦਿੱਤੇ ਗਏ।

ਅਦਾਕਾਰ ਨੇ ਸਭ ਤੋਂ ਪਹਿਲਾਂ ਜਨਮ ਅਸ਼ਟਮੀ ਦੀ ਸਭ ਨੂੰ ਵਧਾਈ ਦਿੱਤੀ। ਉਪਰੰਤ ਆਪਣੇ ਫਿਲਮੀ ਕੈਰੀਅਰ ਦਾ ਸੰਖੇਪ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ‘ਮਹਾਭਾਰਤ’ ਦੇ ਮਸ਼ਹੂਰ ਸੀਰੀਅਲ ਤੋਂ ਇਲਾਵਾ ਉਹਨਾਂ ਨੇ ਚਰਚਿਤ ਫਿਲਮ ‘ਬਾਰਡਰ’ ਸਮੇਤ ਕਈ ਹੋਰਨਾਂ ਫਿਲਮਾਂ ਵਿਚ ਕਿਰਦਾਰ ਨਿਭਾਏ ਹਨ। ਉਹਨਾਂ ਅੱਗੇ ਕਿਹਾ ਕਿ ਪੂਰੇ ਵਿਸ਼ਵ ਵਿਚ ਵਸਦੇ ਪ੍ਰਵਾਸੀ ਭਾਰਤੀਆਂ ਨੇ ਸਖਤ ਮਿਹਨਤ ਕਰਕੇ ਬੇਹੱਦ ਫਖਰਯੋਗ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਪੂਰੇ ਵਿਸ਼ਵ ਵਿਚ ਭਾਰਤ ਦਾ ਨਾਮ ਚਮਕਾਇਆ ਹੈ। ਅਖੀਰ ਵਿਚ ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੁਦਰਤੀ ਖੂਬਸੂਰਤੀ ਤੋਂ ਬੇਹਦ ਪ੍ਰਭਾਵਿਤ ਹੋਏ ਹਨ। ਇਸ ਮੌਕੇ 'ਤੇ ਰੈਸਟੋਰੈਂਟ ਦੇ ਸਟਾਫ ਵੱਲੋਂ ਉਹਨਾਂ ਨੂੰ ਪੇਸ਼ ਕੀਤੇ ਕੁਲਚੇ ਛੋਲਿਆਂ ਦਾ ਆਨੰਦ ਵੀ ਅਦਾਕਾਰ ਅਤੇ ਉਹਨਾਂ ਦੇ ਸਾਥੀਆਂ ਨੇ ਮਾਣਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਰਵੀ ਕੌਸ਼ਲ, ਵਿਕਾਸ ਗੌਤਮ, ਅਮਨ ਢਿੱਲੋਂ, ਦਵਿੰਦਰ ਲਿਟ, ਸੱਸੀ ਬਜਾਜ, ਹਰੀਨਾ ਅਰੋੜਾ, ਸ਼ਿਫਾਲੀ, ਸ਼ੀਤਲ, ਜੈਦੀਪ ਸਿੰਘ ,ਚੰਦਨ ਸ਼ਰਮਾ, ਚੰਦਨ ਸਿੰਘ ਅਤੇ ਰਜਨੀਸ਼ ਗੁਪਤਾ ਆਦਿ ਪਤਵੰਤੇ ਹਾਜ਼ਰ ਸਨ।

ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ
NEXT STORY