ਮੈਲਬੌਰਨ (ਭਾਸ਼ਾ): ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਵਿਚ ਬੀਤੇ ਸਾਲ ਹੋਏ ਹਮਲੇ ਸੰਬੰਧੀ ਇਕ ਵੱਡਾ ਖੁਲਾਸਾ ਹੋਇਆ ਹੈ। ਇਸ ਹਮਲੇ ਵਿਚ 51 ਲੋਕਾਂ ਨੇ ਜਾਨ ਗਵਾਈ ਸੀ। ਹਮਲੇ ਦੇ ਦੋਸ਼ੀ ਆਸਟ੍ਰੇਲੀਆਈ ਮੂਲ ਦੇ ਬ੍ਰੇਂਟਨ ਟੈਰੇਂਟ ਨੇ ਨਿਊਜੀਲੈਂਡ ਜਾਣ ਤੋਂ ਪਹਿਲਾਂ ਭਾਰਤ ਸਮੇਤ ਦੁਨੀਆ ਭਰ ਦੀ ਯਾਤਰਾ ਕੀਤੀ ਸੀ। ਹਮਲੇ ਨਾਲ ਸਬੰਧਤ ਇਕ ਵਿਸਤ੍ਰਿਤ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ, ਜਿਸ ਵਿਚ ਇਹ ਜਾਣਕਾਰੀ ਸਾਹਮਣੇ ਆਈ।
ਭਾਰਤ ਵਿਚ ਗੁਜਾਰੇ 3 ਮਹੀਨੇ
ਰਿਪੋਰਟ ਦੇ ਮੁਤਾਬਕ, ਟੈਰੇਂਟ ਨੇ ਭਾਰਤ ਵਿਚ 3 ਮਹੀਨੇ ਗੁਜਾਰੇ ਸਨ। ਬੀਤੇ ਸਾਲ 15 ਮਾਰਚ, 2019 ਨੂੰ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਲੋਕ ਜ਼ਖਮੀ ਹੋਏ ਸਨ ਅਤੇ ਮਾਰੇ ਗਏ ਲੋਕਾਂ ਵਿਚ ਪੰਜ ਭਾਰਤੀ ਵੀ ਸ਼ਾਮਲ ਸਨ। 'ਰੋਇਲ ਕਮਿਸ਼ਨ ਆਫ ਇਨਕਵਾਰੀ' ਦੀ 792 ਸਫਿਆਂ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 30 ਸਾਲਾ ਹਮਲਾਵਰ ਨੇ ਸਕੂਲ ਛੱਡਣ ਦੇ ਬਾਅਦ ਇਕ ਸਥਾਨਕ ਜਿਮ ਵਿਚ 2012 ਤੱਕ ਨਿੱਜੀ ਟਰੇਨਰ ਦੇ ਤੌਰ 'ਤੇ ਕੰਮ ਕੀਤਾ। ਰਿਪੋਰਟ ਵਿਚ ਕਿਹਾ ਗਿਆ,''ਉਸ ਨੇ ਤਨਖਾਹ ਲੈਣ ਵਾਲੇ ਕਰਮਚਾਰੀ ਦੇ ਤੌਰ 'ਤੇ ਉਸ ਦੇ ਬਾਅਦ ਕਦੇ ਕੰਮ ਨਹੀਂ ਕੀਤਾ। ਇਸ ਦੀ ਬਜਾਏ ਉਹ ਆਪਣੇ ਪਿਤਾ ਦੇ ਪੈਸਿਆਂ 'ਤੇ ਗੁਜਾਰਾ ਕਰਦਾ ਰਿਹਾ।
ਪੜ੍ਹੋ ਇਹ ਅਹਿਮ ਖਬਰ- 800 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਿਤ
ਕਈ ਦੇਸ਼ਾਂ ਦੀ ਕੀਤੀ ਯਾਤਰਾ
ਆਪਣੇ ਪਿਤਾ ਦੇ ਪੈਸਿਆਂ ਨਾਲ ਉਸ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ। ਪਹਿਲਾਂ 2013 ਵਿਚ ਉਹ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਗਿਆ ਅਤੇ ਉਸ ਦੇ ਬਾਅਦ 2014 ਤੋਂ 2017 ਤੱਕ ਉਸ ਨੇ ਦੁਨੀਆ ਭਰ ਦੇ ਦੇਸ਼ਾਂ ਦੀ ਯਾਤਰਾ ਕੀਤੀ।'' ਰਿਪੋਰਟ ਦੇ ਮੁਤਾਬਕ, ਟੈਰੇਂਟ ਨੇ 15 ਅਪ੍ਰੈਲ 2014 ਤੋਂ 17 ਅਗਸਤ 2017 ਦਰਮਿਆਨ ਇਕੱਲੇ ਯਾਤਰਾ ਕੀਤੀ। ਇਸ ਦੌਰਾਨ ਉਹ ਉੱਤਰੀ ਕੋਰੀਆ ਦੀ ਯਾਤਰਾ 'ਤੇ ਇਕ ਸਮੂਹ ਦੇ ਨਾਲ ਗਿਆ ਸੀ। ਰਿਪੋਰਟ ਨੂੰ ਤਿਆਰ ਕਰਨ ਵਿਚ ਲੱਗਭਗ 18 ਮਹੀਨੇ ਲੱਗੇ। ਇਸ ਵਿਚ ਕਿਹਾ ਗਿਆ,''ਸਭ ਤੋਂ ਲੰਬੇ ਸਮੇਂ ਤੱਕ ਉਹ ਭਾਰਤ ਵਿਚ ਹੀ ਰਿਹਾ ਜਿੱਥੇ ਉਹ 21 ਨਵੰਬਰ, 2015 ਤੋਂ 18 ਫਰਵਰੀ, 2016 ਤੱਕ ਰਿਹਾ। ਉਹ ਇਕ ਮਹੀਨਾ ਜਾਂ ਉਸ ਤੋਂ ਵੱਧ ਸਮੇਂ ਤੱਕ ਚੀਨ, ਜਾਪਾਨ, ਰੂਸ, ਦੱਖਣੀ ਕੋਰੀਆ ਆਦਿ ਦੇਸ਼ਾਂ ਵਿਚ ਰਿਹਾ।'' ਜਾਂਚ ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਟੈਰੇਂਟ ਨੇ ਭਾਰਤ ਵਿਚ 3 ਮਹੀਨਿਆਂ ਦੌਰਾਨ ਕੀ ਕੀਤਾ।
ਰਿਪੋਰਟ ਵਿਚ ਹੋਇਆ ਇਹ ਖੁਲਾਸਾ
'ਦੀ ਨਿਊਜ਼ੀਲੈਂਡ ਹੇਰਾਲਡ' ਅਖ਼ਬਾਰ ਦੀ ਖ਼ਬਰ ਦੇ ਮੁਤਾਬਕ, ਇਸ ਗੱਲ ਦੇ ਸਬੂਤ ਨਹੀਂ ਮਿਲੇ ਕਿ ਵਿਦੇਸ਼ ਵਿਚ ਘੁੰਮਦੇ ਹੋਏ ਟੈਰੇਂਟ ਕਿਸੇ ਅੱਤਵਾਦੀ ਸਮੂਹ ਦੇ ਸੰਪਰਕ ਵਿਚ ਆਇਆ ਸੀ ਜਾਂ ਉਸ ਨੇ ਹਮਲਾ ਕਰਨ ਦੀ ਕੋਈ ਟਰੇਨਿੰਗ ਲਈ। ਜਾਂਚ ਰਿਪੋਰਟ ਦੇ ਮੁਤਾਬਕ, ਇਹ ਨਹੀਂ ਮੰਨਿਆ ਜਾ ਸਕਦਾ ਕਿ ਟੈਰੇਂਟ ਵੱਲੋਂ ਕੀਤੀਆਂ ਗਈਆਂ ਯਾਤਰਾਵਾਂ ਨਾਲ ਉਸ ਨੂੰ ਹਮਲਾ ਕਰਨ ਦੀ ਪ੍ਰੇਰਣਾ ਮਿਲੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਕੋਲ ਕਰਨ ਲਈ ਕੋਈ ਕੰਮ ਨਹੀਂ ਸੀ। ਇਸ ਲਈ ਉਸ ਨੇ ਯਾਤਰਾਵਾਂ ਕੀਤੀਆਂ।ਜਾਂਚ ਰਿਪੋਰਟ ਵਿਚ ਕਿਹਾ ਗਿਆ ਕਿ ਟੈਰੇਂਟ ਇੰਟਰਨੈੱਟ 'ਤੇ ਕੱਟੜਪੰਥੀ ਸਮੱਗਰੀ ਅਤੇ ਅਜਿਹੀ ਵਿਚਾਰਧਾਰਾ ਵਾਲੇ ਯੂ-ਟਿਊਬ ਚੈਨਲ ਦੇਖਿਆ ਕਰਦਾ ਸੀ। ਰਿਪੋਰਟ ਦੇ ਮੁਤਾਬਕ, ਉਸ ਨੇ ਪ੍ਰਵਾਸ ਅਤੇ ਈਸਾਈਅਤ ਤੇ ਇਸਲਾਮ ਦੇ ਵਿਚ ਇਤਿਹਾਸਿਕ ਲੜਾਈ ਦਾ ਡੂੰਘਾ ਅਧਿਐਨ ਕੀਤਾ ਸੀ।
ਨੋਟ- ਕ੍ਰਾਈਸਟਚਰਚ ਮਸਜਿਦ ਦੇ ਹਮਲਾਵਰ ਨੇ ਕੀਤੀ ਸੀ ਭਾਰਤ ਯਾਤਰਾ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਚੀਨ ਦੀ ਡਿਜ਼ੀਟਲ ਸਟਰਾਈਕ, ਅਮਰੀਕਾ ਸਮੇਤ ਕਈ ਦੇਸ਼ਾਂ ਦੀਆਂ 105 ਐਪਸ 'ਤੇ ਲਾਈ ਪਾਬੰਦੀ
NEXT STORY