ਲੰਡਨ (ਬਿਊਰੋ): ਬ੍ਰਿਟੇਨ ਦੇ ਵਿਗਿਆਨੀਆਂ ਨੇ 'ਨਕਲੀ ਸੂਰਜ' ਬਣਾਉਣ ਦੀ ਦਿਸ਼ਾ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬ੍ਰਿਟੇਨ ਦੇ ਵਿਗਿਆਨੀ ਸੂਰਜ ਦੀ ਤਕਨੀਕ 'ਤੇ ਨਿਊਕਲੀਅਰ ਫਿਊਜ਼ਨ ਕਰਨ ਵਾਲਾ ਰਿਐਕਟਰ ਬਣਾਉਣ 'ਚ ਕਾਮਯਾਬ ਹੋਏ ਹਨ, ਜੋ ਅਥਾਹ ਊਰਜਾ ਛੱਡਦਾ ਹੈ। ਆਕਸਫੋਰਡ ਯੂਨੀਵਰਸਿਟੀ ਨੇੜੇ ਕੀਤੇ ਗਏ ਪ੍ਰਯੋਗ ਦੌਰਾਨ ਇਸ ਰਿਐਕਟਰ ਤੋਂ 59 ਮੈਗਾਜੂਲ ਊਰਜਾ ਨਿਕਲੀ, ਜੋ ਕਿ ਦੁਨੀਆ 'ਚ ਆਪਣੇ ਆਪ 'ਚ ਇਕ ਰਿਕਾਰਡ ਹੈ। ਊਰਜਾ ਦੀ ਇਸ ਮਾਤਰਾ ਨੂੰ ਪੈਦਾ ਕਰਨ ਲਈ, 14 ਕਿਲੋ ਟੀਐਨਟੀ ਦੀ ਵਰਤੋਂ ਕਰਨੀ ਪੈਂਦੀ ਹੈ।
ਇਸ ਸ਼ਾਨਦਾਰ ਪ੍ਰਾਜੈਕਟ ਨੂੰ ਕੁਲਹਮ ਵਿੱਚ ਜੁਆਇੰਟ ਯੂਰਪੀਅਨ ਟੋਰਸ ਦੁਆਰਾ ਅੰਜਾਮ ਦਿੱਤਾ ਗਿਆ ਹੈ। ਵਿਗਿਆਨੀਆਂ ਦੀ ਇਸ ਪ੍ਰਾਪਤੀ ਨੂੰ ਮੀਲ ਪੱਥਰ ਦੱਸਿਆ ਜਾ ਰਿਹਾ ਹੈ। ਇਸ ਤਕਨੀਕ ਦੀ ਮਦਦ ਨਾਲ ਤਾਰਿਆਂ ਦੀ ਊਰਜਾ ਦੀ ਵਰਤੋਂ ਕੀਤੀ ਜਾਵੇਗੀ ਅਤੇ ਧਰਤੀ 'ਤੇ ਸਸਤੀ ਅਤੇ ਸਾਫ਼ ਊਰਜਾ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ। ਪ੍ਰਯੋਗਸ਼ਾਲਾ ਨੇ 59 ਮੈਗਾਜੁਲ ਊਰਜਾ ਪੈਦਾ ਕਰਕੇ 1997 ਵਿੱਚ ਕਾਇਮ ਕੀਤਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਬ੍ਰਿਟੇਨ ਦੀ ਪਰਮਾਣੂ ਊਰਜਾ ਅਥਾਰਿਟੀ ਨੇ ਬੁੱਧਵਾਰ ਨੂੰ ਇਸ ਸਫਲ ਪ੍ਰਯੋਗ ਦਾ ਐਲਾਨ ਕੀਤਾ।
ਵਿਗਿਆਨੀਆਂ ਨੇ ਹਾਸਲ ਕੀਤੀ ਸਫਲਤਾ
ਏਜੰਸੀ ਨੇ ਕਿਹਾ ਕਿ 21 ਦਸੰਬਰ ਨੂੰ ਆਏ ਨਤੀਜੇ ਦੁਨੀਆ ਭਰ ਵਿਚ ਪ੍ਰਮਾਣੂ ਫਿਊਜ਼ਨ ਦੀ ਤਕਨਾਲੋਜੀ ਦੇ ਆਧਾਰ 'ਤੇ ਊਰਜਾ ਦੀ ਸੁਰੱਖਿਅਤ ਅਤੇ ਟਿਕਾਊ ਸਪਲਾਈ ਦੀ ਸੰਭਾਵਨਾ ਦਾ ਪ੍ਰਦਰਸ਼ਨ ਹੈ। ਬ੍ਰਿਟੇਨ ਦੇ ਵਿਗਿਆਨ ਮੰਤਰੀ ਜਾਰਜ ਫ੍ਰੀਮੈਨ ਨੇ ਇਸ ਨਤੀਜੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮੀਲ ਦਾ ਪੱਥਰ ਦੱਸਿਆ ਹੈ। ਫ੍ਰੀਮੈਨ ਨੇ ਕਿਹਾ ਕੁ ਇਹ ਸਬੂਤ ਹੈ ਕਿ ਯੂਕੇ ਵਿੱਚ ਮਹੱਤਵਪੂਰਨ ਖੋਜ ਅਤੇ ਨਵੀਨਤਾਵਾਂ ਨੂੰ ਅੱਗੇ ਵਧਾਇਆ ਗਿਆ ਹੈ ਅਤੇ ਯੂਰਪੀਅਨ ਭਾਈਵਾਲਾਂ ਦੀ ਮਦਦ ਨਾਲ ਪ੍ਰਮਾਣੂ ਫਿਊਜ਼ਨ-ਆਧਾਰਿਤ ਊਰਜਾ ਨੂੰ ਇੱਕ ਵਾਸਤਵਿਕ ਰੂਪ ਦਿੱਤਾ ਗਿਆ ਹੈ।
ਨਿਊਕਲੀਅਰ ਫਿਊਜ਼ਨ ਤਕਨਾਲੋਜੀ ਵਿਚ ਠੀਕ ਉਹੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸੂਰਜ ਗਰਮੀ ਪੈਦਾ ਕਰਨ ਲਈ ਵਰਤਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਵਿੱਖ ਵਿੱਚ ਮਨੁੱਖਤਾ ਨੂੰ ਇੱਕ ਭਰਪੂਰ, ਸੁਰੱਖਿਅਤ ਅਤੇ ਸਾਫ਼ ਊਰਜਾ ਸਰੋਤ ਮਿਲੇਗਾ, ਜਿਸ ਨਾਲ ਜਲਵਾਯੂ ਤਬਦੀਲੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਪਰਮਾਣੂ ਫਿਊਜ਼ਨ 'ਤੇ ਕੇਂਦ੍ਰਿਤ ਬ੍ਰਿਟਿਸ਼ ਪ੍ਰਯੋਗਸ਼ਾਲਾ ਵਿੱਚ ਸਾਲਾਂ ਦੇ ਪ੍ਰਯੋਗਾਂ ਤੋਂ ਬਾਅਦ ਸਫਲਤਾ ਮਿਲੀ ਹੈ। ਇਸ ਪ੍ਰਯੋਗਸ਼ਾਲਾ ਵਿੱਚ ਡੋਨਟ ਆਕਾਰ ਦੀ ਮਸ਼ੀਨ ਲਗਾਈ ਗਈ ਹੈ, ਜਿਸ ਨੂੰ ਟੋਕਾਮੈਕ ਨਾਮ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨੇ ਲੰਮੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਮਿਜ਼ਾਈਲ ਦਾ ਕੀਤਾ ਉਦਘਾਟਨ
ਸੂਰਜ ਦੇ ਕੇਂਦਰ ਦੀ ਤੁਲਨਾ ਵਿਚ 10 ਗੁਣਾ ਜ਼ਿਆਦਾ ਗਰਮ ਕੀਤਾ
ਜੇਈਟੀ ਪ੍ਰਯੋਗਸ਼ਾਲਾ ਵਿਚ ਲਗਾਈ ਗਈ ਟੋਕਾਮੈਕ ਮਸ਼ੀਨ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸ਼ਕਤੀਸ਼ਾਲੀ ਮਸ਼ੀਨ ਹੈ। ਇਸ ਮਸ਼ੀਨ ਦੇ ਅੰਦਰ ਬਹੁਤ ਘੱਟ ਮਾਤਰਾ ਵਿੱਚ ਡਿਊਟੇਰੀਅਮ ਅਤੇ ਟ੍ਰਿਟੀਅਮ ਭਰਿਆ ਗਿਆ ਸੀ। ਇਹ ਦੋਵੇਂ ਹਾਈਡ੍ਰੋਜਨ ਦੇ ਆਈਸੋਟੋਪ ਹਨ ਅਤੇ ਡਿਊਟੇਰੀਅਮ ਨੂੰ ਭਾਰੀ ਹਾਈਡ੍ਰੋਜਨ ਕਿਹਾ ਜਾਂਦਾ ਹੈ। ਇਸ ਨੂੰ ਪਲਾਜ਼ਮਾ ਬਣਾਉਣ ਲਈ ਸੂਰਜ ਦੇ ਕੇਂਦਰ ਨਾਲੋਂ 10 ਗੁਣਾ ਜ਼ਿਆਦਾ ਗਰਮ ਕੀਤਾ ਗਿਆ ਸੀ। ਇਸ ਨੂੰ ਇੱਕ ਸੁਪਰਕੰਡਕਟਰ ਇਲੈਕਟ੍ਰੋਮੈਗਨੇਟ ਦੀ ਵਰਤੋਂ ਕਰਕੇ ਇੱਕ ਥਾਂ ਤੇ ਰੱਖਿਆ ਗਿਆ ਸੀ। ਇਸ ਦੇ ਰੋਟੇਸ਼ਨ 'ਤੇ ਊਰਜਾ ਦੀ ਇੱਕ ਵੱਡੀ ਮਾਤਰਾ ਜਾਰੀ ਕੀਤੀ ਗਈ ਸੀ। ਪ੍ਰਮਾਣੂ ਫਿਊਜ਼ਨ ਦੁਆਰਾ ਪੈਦਾ ਕੀਤੀ ਊਰਜਾ ਸੁਰੱਖਿਅਤ ਹੈ ਅਤੇ ਕੋਲੇ, ਤੇਲ ਜਾਂ ਗੈਸ ਦੁਆਰਾ ਪੈਦਾ ਕੀਤੀ ਊਰਜਾ ਨਾਲੋਂ ਇੱਕ ਕਿਲੋਗ੍ਰਾਮ ਵਿੱਚ 4 ਮਿਲੀਅਨ ਗੁਣਾ ਵੱਧ ਊਰਜਾ ਪੈਦਾ ਕਰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਸਟਿਨ ਟਰੂਡੋ ਨੇ ਕੋਵਿਡ-19 ਸਬੰਧੀ ਪਾਬੰਦੀਆਂ ਦੇ ਹੱਕ ’ਚ ਆਪਣਾ ਸਟੈਂਡ ਕੀਤਾ ਸਪੱਸ਼ਟ
NEXT STORY