ਓਨਟਾਰੀਓ— ਕੈਥੇ ਪੈਸੀਫਿਕ ਦੇ ਇਕ ਪਾਇਲਟ, ਜਿਸ ਨੂੰ ਏਅਰ ਕੈਨੇਡਾ ਨਾਲ ਧੋਖਾ ਕਰਕੇ ਮੁਫਤ ਹਵਾਈ ਉੱਡਾਣਾਂ ਹਾਸਲ ਕਰਨ ਦਾ ਦੋਸ਼ੀ ਪਾਇਆ ਗਿਆ, ਨੂੰ ਏਅਰਲਾਈਨ ਨੂੰ ਹਜ਼ਾਰਾਂ ਡਾਲਰ ਭੁਗਤਾਨ ਕਰਨ ਦੀ ਸ਼ਰਤ 'ਤੇ ਰਿਹਾਅ ਕਰ ਦਿੱਤਾ ਗਿਆ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਇਕ ਅਦਾਲਤ ਨੇ ਕੈਥੇ ਪੈਸੀਫਿਕ ਦੇ ਇਕ ਪਾਇਲਟ ਮਾਰਕ ਐਂਥਨੀ ਟਾਕੀ ਨੂੰ 6 ਮਹੀਨੇ 20 ਘੰਟੇ ਕਮਿਊਨਿਟੀ ਕੰਮ ਤੇ ਏਅਰ ਕੈਨੇਡਾ ਨੂੰ 36,551.27 ਡਾਲਰ ਭੁਗਤਾਨ ਕਰਨ ਦਾ ਹੁਕਮ ਸੁਣਾਇਆ ਹੈ।
ਦਸਤਾਵੇਜ਼ਾਂ ਮੁਤਾਬਕ 42 ਸਾਲਾਂ ਟਾਕੀ ਕੈਨੇਡੀਅਨ ਹੈ ਤੇ ਹਾਂਗਕਾਂਗ ਦਾ ਸਥਾਈ ਨਿਵਾਸੀ ਹੈ, ਜੋ ਕਿ ਕੈਥੇ ਪੈਸੀਫਿਕ ਬ੍ਰਾਂਡ ਦੇ ਅਧੀਨ ਕੈਥੇ ਡ੍ਰੈਗਨ ਦੇ ਪਾਇਲਟ ਵਜੋਂ ਕੰਮ ਕਰਦਾ ਹੈ। ਸਾਲ 2012 ਤੇ 13 'ਚ ਏਅਰ ਕੈਨੇਡਾ ਨੇ ਇਕ ਮਿਸਟਰੀ ਸ਼ਾਪਰ ਪ੍ਰੋਗਰਾਮ 'ਚ ਹਿੱਸਾ ਲਿਆ ਸੀ, ਜਿਸ 'ਚ ਇਕ ਐੱਸ.ਕਿਊ.ਐੱਮ. ਕੋਡ ਰਾਹੀਂ ਟਿਕਟ ਬੁੱਕ ਕਰਵਾਉਣ 'ਤੇ ਯਾਤਰਾ 'ਚ ਛੋਟ ਤੇ ਪੈਸੇ ਰੀਫੰਡ ਦੀ ਸੁਵਿਧਾ ਦਿੱਤੀ ਗਈ ਸੀ। ਟਾਕੀ ਨੇ ਇਸ ਦੌਰਾਨ ਐੱ.ਕਿਊ.ਐੱਮ. ਕੋਡ ਹਾਸਲ ਕੀਤਾ ਪਰ ਉਹ ਖੁਦ ਇਸ ਨਾਲ ਰਜਿਸਟਰ ਨਹੀਂ ਹੋਇਆ ਤੇ ਨਾ ਹੀ ਕੰਪਨੀ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ।
ਅਦਾਲਤੀ ਦਸਤਾਵੇਜ਼ਾਂ 'ਚ ਨੋਟ ਕੀਤਾ ਗਿਆ ਕਿ ਮਾਰਚ 2013 ਤੋਂ ਜੁਲਾਈ 2013 ਦੇ ਵਿਚਕਾਰ ਟਾਕੀ ਨੇ ਆਪਣੇ ਤੇ ਆਪਣੇ ਪਰਿਵਾਰ ਲਈ ਚਾਰ ਵਾਰ ਇਸ ਕੋਡ ਦੀ ਵਰਤੋਂ ਕੀਤੀ, ਜਿਨ੍ਹਾਂ 'ਚੋਂ ਕੁਝ ਫਸਟ ਕਲਾਸ ਦੀਆਂ ਫਲਾਈਟਾਂ ਸਨ। ਟਾਕੀ ਨੇ ਕੋਡ ਦੀ ਦੁਰਵਰਤੋਂ ਕਰਦਿਆਂ ਆਪਣੇ ਕੁਝ ਦੋਸਤਾਂ ਨੂੰ ਵੀ ਇਸ ਰਾਹੀਂ ਪੈਸੇ ਰੀਫੰਡ ਕਰਵਾਏ। ਕੁਲ ਮਿਲਾ ਕੇ ਟਾਕੀ ਨੂੰ 35,996.95 ਡਾਲਰ ਦੀ ਕੀਮਤ ਦੀਆਂ ਮੁਫਤ ਉੱਡਾਣਾਂ ਲਈ ਜ਼ਿੰਮੇਦਾਰ ਠਹਿਰਾਇਆ ਗਿਆ।
ਨਤੀਜੇ ਵਜੋਂ ਜੱਜ ਨੇ ਸਜ਼ਾ ਦੀ ਬਜਾਏ ਉਸ ਨੂੰ ਇਸ ਸ਼ਰਤ 'ਤੇ ਰਿਹਾਅ ਕਰ ਦਿੱਤਾ ਕਿ ਉਸ ਨੂੰ ਕਮਿਊਨਿਟੀ 'ਚ 20 ਘੰਟੇ ਕੰਮ ਕਰਨਾ ਹੋਵੇਗਾ ਤੇ ਨਾਲ ਹੀ ਏਅਰ ਕੈਨੇਡਾ ਨੂੰ ਵੀ 36,551.27 ਡਾਲਰ ਦੇਣੇ ਹੋਣਗੇ।
ਟਰੰਪ ਤੇ ਕਿਮ ਜੋਂਗ ਦੇ ਟਵੀਟਾਂ ਦਾ ਸੋਸ਼ਲ ਮੀਡੀਆ 'ਤੇ ਉਡਾਇਆ ਜਾ ਰਿਹੈ ਮਜ਼ਾਕ
NEXT STORY