ਬੀਜਿੰਗ (ਬਿਊਰੋ): ਮੌਜੂਦਾ ਸਮੇਂ ਵਿਚ ਜਾਨਲੇਵਾ ਕੋਰੋਨਾਵਾਇਰਸ ਦੀ ਦਹਿਸ਼ਤ ਦੁਨੀਆ ਭਰ ਵਿਚ ਹੈ। ਇਸ ਪ੍ਰਕੋਪ ਕਾਰਨ ਚੀਨ ਵਿਚ ਮੈਡੀਕਲ ਕਰਮਚਾਰੀ ਅਤੇ ਨਰਸਾਂ ਮੁਸ਼ਕਲ ਦੌਰ ਵਿਚੋਂ ਲੰਘ ਰਹੇ ਹਨ। ਇਕ ਪਾਸੇ ਇਨਫੈਕਟਿਡ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਦੂਜੇ ਪਾਸੇ ਡਾਕਟਰਾਂ ਅਤੇ ਨਰਸਾਂ 'ਤੇ ਮੌਤਾਂ ਨੂੰ ਘੱਟ ਕਰਨ ਦਾ ਦਬਾਅ ਹੈ। ਇਸ ਸਥਿਤੀ ਵਿਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਦੇ ਵੀ ਇਨਫੈਕਟਿਡ ਹੋਣ ਦਾ ਖਤਰਾ ਹੈ।
ਚੀਨ ਦੀ ਸਰਕਾਰੀ ਮੀਡੀਆ ਨੇ ਉਹਨਾਂ ਮੈਡੀਕਲ ਕਰਮੀਆਂ ਦੀਆਂ ਮਾਸਕ ਉਤਾਰਨ ਦੇ ਬਾਅਦ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਜੋ ਲੰਬੇ ਸਮੇਂ ਤੋਂ ਮਰੀਜ਼ਾਂ ਦੇ ਦੇਖਭਾਲ ਵਿਚ ਲੱਗੇ ਹੋਏ ਹਨ। ਉਹਨਾਂ ਦੇ ਚਿਹਰੇ 'ਤੇ ਲੰਬੇ ਸਮੇਂ ਤੱਕ ਮੈਡੀਕਲ ਮਾਸਕ ਪਹਿਨਿਆ ਹੋਣ ਕਾਰਨ ਡੂੰਘੇ ਨਿਸ਼ਾਨ ਬਣ ਚੁੱਕੇ ਹਨ। ਇਹਨਾਂ ਤਸਵੀਰਾਂ ਨੂੰ ਦੇਖ ਕੇ ਲੋਕਾਂ ਦਾ ਦਿਲ ਪਸੀਜ ਗਿਆ।
ਕੋਰੋਨਾਵਾਇਰਸ ਰੋਗੀਆਂ ਦੇ ਇਲਾਜ ਦੇ ਲਈ ਚੀਨ ਨੇ ਕਈ ਐਮਰਜੈਂਸੀ ਸਹੂਲਤਾਂ ਦੇ ਨਾਲ ਡਾਕਟਰਾਂ ਅਤੇ ਨਰਸਾਂ ਦੀ ਡਿਊਟੀ ਲਗਾਈ ਹੋਈ ਹੈ। ਮੈਡੀਕਲ ਕਰਮੀਆਂ ਦੀ ਦੇਸ਼ ਵਿਚ ਮੰਗ ਵੱਧ ਚੁੱਕੀ ਹੈ ਅਤੇ ਦੇਸ਼ ਦੇ ਰੱਖਿਆ ਕਰਮੀ ਇਸ ਸੰਕਟ ਦੇ ਸਮੇਂ ਵਿਚ ਉਹਨਾਂ ਦੀ ਮਦਦ ਲਈ ਅੱਗੇ ਆਏ ਹਨ। ਸਾਰਸ ਅਤੇ ਇਬੋਲਾ ਵਾਇਰਸ ਦੇ ਇਲਾਜ ਵਿਚ ਅਨੁਭਵ ਰੱਖਣ ਵਾਲੇ ਕਈ ਮਿਲਟਰੀ ਡਾਕਟਰਾਂ ਅਤੇ ਨਰਸਾਂ ਨੂੰ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਦੇ ਕੰਮ ਵਿਚ ਲਗਾਇਆ ਗਿਆ ਹੈ।
ਇੱਥੇ ਦੱਸ ਦਈਏ ਕਿ ਚੀਨ ਵਿਚ ਇਸ ਖਤਰਨਾਕ ਜਾਨਲੇਵਾ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 563 ਹੋ ਚੁੱਕੀ ਹੈ। ਉੱਥੇ ਬੁੱਧਵਾਰ ਨੂੰ 73 ਲੋਕਾਂ ਦੀ ਮੌਤ ਹੋ ਗਈ ਜੋ ਕਿ ਇਕ ਦਿਨ ਵਿਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ ਨਾਲ ਸਭ ਤੋਂ ਵੱਧ ਹੈ। ਹੁਣ ਤੱਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 28,018 ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਹੈ।
328 ਦਿਨ ਸਪੇਸ 'ਚ ਬਿਤਾ ਧਰਤੀ 'ਤੇ ਪਰਤੀ ਨਾਸਾ ਦੀ ਕ੍ਰਿਸਟੀਨਾ ਕੋਚ
NEXT STORY