ਸ਼ੰਘਾਈ : ਚੀਨ ਨੇ ਤਕਨਾਲੋਜੀ ਦੇ ਖੇਤਰ ਵਿੱਚ ਦੁਨੀਆ ਨੂੰ ਹੈਰਾਨ ਕਰਦੇ ਹੋਏ ਇੱਕ ਅਜਿਹਾ ਰੋਬੋਟ ਪੇਸ਼ ਕੀਤਾ ਹੈ ਜਿਸ ਦੀ ਦਿੱਖ ਅੱਧੀ ਇਨਸਾਨ ਅਤੇ ਅੱਧੀ ਜਾਨਵਰ ਵਰਗੀ ਹੈ। ਸ਼ੰਘਾਈ ਸਥਿਤ 'ਰਨ ਰੋਬੋਟਿਕਸ' ਨਾਮਕ ਕੰਪਨੀ ਵੱਲੋਂ ਤਿਆਰ ਕੀਤੇ ਗਏ ਇਸ ਅਨੋਖੇ ਰੋਬੋਟ ਨੂੰ 'ਸੈਂਟੋਰ ਰੋਬੋਟ' (Centaur Robot) ਦਾ ਨਾਮ ਦਿੱਤਾ ਗਿਆ ਹੈ। ਇਸ ਰੋਬੋਟ ਦੀ ਪਹਿਲੀ ਝਲਕ ਵਰਲਡ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਨਫਰੰਸ (WAIC 2026) ਦੌਰਾਨ ਦਿਖਾਈ ਗਈ ਹੈ।
ਇਸ ਰੋਬੋਟ ਦਾ ਉੱਪਰਲਾ ਹਿੱਸਾ ਇੱਕ ਹਿਊਮਨਾਈਡ (ਇਨਸਾਨ ਵਰਗਾ) ਰੋਬੋਟ ਹੈ, ਜਦੋਂ ਕਿ ਹੇਠਲਾ ਹਿੱਸਾ ਚਾਰ ਪੈਰਾਂ ਵਾਲੇ ਜਾਨਵਰ ਵਰਗਾ ਹੈ। ਇਸ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਇਸ ਦੇ ਪੈਰਾਂ ਦੇ ਹੇਠਾਂ ਪਹੀਏ ਵੀ ਲਗਾਏ ਗਏ ਹਨ। ਕੰਪਨੀ ਅਨੁਸਾਰ, ਇਸ ਡਿਜ਼ਾਈਨ ਦੀ ਪ੍ਰੇਰਣਾ 'ਹੈਰੀ ਪੌਟਰ' ਵਰਗੀਆਂ ਫਿਲਮਾਂ ਦੇ ਕਿਰਦਾਰਾਂ ਤੋਂ ਮਿਲਦੀ ਹੈ। ਇਹ ਰੋਬੋਟ 100 ਤੋਂ 120 ਕਿਲੋਗ੍ਰਾਮ ਤੱਕ ਦਾ ਭਾਰ ਆਸਾਨੀ ਨਾਲ ਚੁੱਕ ਸਕਦਾ ਹੈ।
'ਰਨ ਰੋਬੋਟਿਕਸ' ਦਾ ਕਹਿਣਾ ਹੈ ਕਿ ਇਹ ਰੋਬੋਟ ਭਵਿੱਖ ਵਿੱਚ ਬਚਾਅ ਕਾਰਜਾਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਇਹ ਅਜਿਹੀਆਂ ਖਤਰਨਾਕ ਸਥਿਤੀਆਂ ਵਿੱਚ ਆਸਾਨੀ ਨਾਲ ਜਾ ਸਕਦਾ ਹੈ ਜਿੱਥੇ ਇਨਸਾਨਾਂ ਦਾ ਪਹੁੰਚਣਾ ਮੁਸ਼ਕਿਲ ਹੋਵੇ। ਪਹੀਏ ਲੱਗੇ ਹੋਣ ਕਾਰਨ ਇਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਸਾਮਾਨ ਪਹੁੰਚਾਉਣ ਦੀ ਸਮਰੱਥਾ ਵੀ ਰੱਖਦਾ ਹੈ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਰੋਬੋਟ ਵਿੱਚ ਵਰਤੇ ਗਏ ਲਗਭਗ 95 ਫੀਸਦੀ ਪੁਰਜ਼ੇ ਖੁਦ ਚੀਨ ਵਿੱਚ ਹੀ ਤਿਆਰ ਕੀਤੇ ਗਏ ਹਨ। ਇਹ ਰੋਬੋਟ ਨਾ ਸਿਰਫ ਕੰਮ ਕਰਨ ਵਿੱਚ ਮਾਹਰ ਹੈ, ਬਲਕਿ ਇਸ ਨੂੰ ਮਨੁੱਖਾਂ ਦਾ ਸਾਥੀ ਬਣਨ ਲਈ ਵੀ ਡਿਜ਼ਾਈਨ ਕੀਤਾ ਗਿਆ ਹੈ। ਇਸ ਨਵੀਂ ਕਾਢ ਨੇ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਤਕਨਾਲੋਜੀ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ
NEXT STORY