ਨਵੀਂ ਦਿੱਲੀ : ਚੀਨ ’ਚ ਵਧਦੀ ਬੇਰੋਜ਼ਗਾਰੀ ਦੀ ਦਰ ਦੇ ਨਾਲ-ਨਾਲ ਚੀਨ ਦੀ ਅਰਥਵਿਵਸਥਾ ਸਮੇਂ ਦੇ ਨਾਲ ਸੁਸਤ ਪੈਂਦੀ ਜਾ ਰਹੀ ਹੈ। ਇਸ ਦੇ ਪਿੱਛੇ ਚੀਨ ਦਾ ਪੱਛਮ ਵੱਲ ਹੋੜ੍ਹ ਕਰਨਾ ਅਤੇ ਆਪਣੇ ਯਥਾਰਥ ਬਾਜ਼ਾਰ ਨੂੰ ਨਾ ਦੇਖਣਾ, ਸਰਕਾਰੀ ਨੀਤੀਆਂ ਦਾ ਖੋਖਲਾਪਨ ਅਤੇ ਭ੍ਰਿਸ਼ਟਾਚਾਰ ਵੱਡਾ ਕਾਰਨ ਹੈ। ਪੱਛਮੀ ਦੇਸ਼ ਆਪਣੇ ਖੇਤਰਾਂ ’ਚ ਜੋ ਵੀ ਪ੍ਰਾਜੈਕਟ ਚਲਾਉਂਦੇ ਹਨ ਉਨ੍ਹਾਂ ਦੇ ਿਪੱਛੇ ਅਰਥਸ਼ਾਸਤਰ ਦੀ ਮੰਗ ਅਤੇ ਸਪਲਾਈ ਦਾ ਸਿਧਾਂਤ ਕੰਮ ਕਰਦਾ ਹੈ ਪਰ ਚੀਨ ’ਚ ਸਪਲਾਈ ਦਾ ਟੀਚਾ ਤੈਅ ਕੀਤਾ ਗਿਆ ਉੱਥੇ ਹੀ ਬਾਜ਼ਾਰ ’ਚ ਮੰਗ ਦਾ ਧਿਆਨ ਨਹੀਂ ਰੱਖਿਆ ਗਿਆ।
ਲਗਭਗ 4 ਦਹਾਕੇ ਪਹਿਲਾਂ ਜਦੋਂ ਚੀਨ ਮਾਓ ਦੇ ਖੇਤੀਬਾੜੀ ਕਵਰ ਤੋਂ ਨਿਕਲ ਕੇ ਤੰਗ ਸ਼ਿਆਓ ਫਿੰਗ ਦੀ ਯੋਜਨਾ ਅਨੁਸਾਰ ਆਪਣਾ ਆਕਾਰ ਅਤੇ ਸਰੂਪ ਬਦਲ ਰਿਹਾ ਸੀ ਤਦ ਉਦੋਂ ਚਾਰੇ ਪਾਸੇ ਵਾਤਾਵਰਣ ਆਸ਼ਾਵਾਦ ਭਰਿਆ ਸੀ ਅਤੇ ਲੋਕ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਪਿੰਡਾਂ ’ਚੋਂ ਬਾਹਰ ਨਿਕਲ ਕੇ ਸ਼ਹਿਰਾਂ ਦਾ ਰੁਖ ਕਰਨ ਲੱਗੇ ਸਨ। ਉਹ ਖੇਤੀ-ਕਿਸਾਨੀ ਛੱਡ ਕੇ ਕਾਰਖਾਨਿਆਂ ’ਚ ਜਾਣ ਲੱਗੇ ਸਨ।
ਇਸ ਤਬਦੀਲੀ ਨੇ ਚੀਨ ਦੀ ਦਿਸ਼ਾ ਤੈਅ ਕੀਤੀ ਸੀ ਜਿਸ ਦੇ ਕਾਰਨ ਚੀਨ ਨੇ ਵਿਸ਼ਵ ਦੀ ਦੂਜੀ ਮਹਾਸ਼ਕਤੀ ਬਣਨ ਤੱਕ ਦਾ ਸਫਰ ਤੈਅ ਕੀਤਾ। ਸ਼ਹਿਰਾਂ ’ਚ ਨੌਜਵਾਨਾਂ ਦੇ ਕੋਲ ਮਕਾਨ ਹੋਣ ਦਾ ਅਰਥ ਉਨ੍ਹਾਂ ਦੀ ਆਰਥਿਕ ਮਜ਼ਬੂਤੀ ਸੀ, ਵਿਆਹ ਦੇ ਬਾਜ਼ਾਰ ’ਚ ਅਜਿਹੇ ਲੜਕਿਆਂ ਦੀ ਮੰਗ ਬੜੀ ਵੱਧ ਸੀ ਜਿਨ੍ਹਾਂ ਦੇ ਕੋਲ ਖੁਦ ਦਾ ਮਕਾਨ ਅਤੇ ਗੱਡੀ ਹੁੰਦੀ ਸੀ।
ਓਧਰ ਚੀਨ ’ਚ ਲਾਗੂ ਹੋਈ ਇਕ ਬੱਚਾ ਨੀਤੀ ਕਾਰਨ ਲੜਕਿਆਂ ਅਤੇ ਲੜਕੀਆਂ ਦੇ ਅਨੁਪਾਤ ’ਚ ਬੜਾ ਵੱਡਾ ਫਰਕ ਆ ਗਿਆ ਹੈ। ਇਕ ਰਿਪੋਰਟ ਅਨੁਸਾਰ ਚੀਨ ’ਚ ਲੜਕੀਆਂ ਦੀ ਤੁਲਨਾ ’ਚ 3 ਕਰੋੜ 50 ਲੱਖ ਵੱਧ ਲੜਕੇ ਹਨ ਜਿਸ ਨਾਲ ਆਪਣੇ ਘਰ ਦੇ ਮਾਲਕ ਲੜਕਿਆਂ ਦੀ ਮੰਗ ਵੱਧ ਹੋਣ ਲੱਗੀ।
ਇਸ ਨੂੰ ਦੇਖਦੇ ਹੋਏ ਕਿਸੇ ਇਕ ਵਿਅਕਤੀ ਦੇ ਲਈ ਮਕਾਨ ਖਰੀਦਣ ’ਚ ਉਸ ਦੇ ਮਾਤਾ-ਪਿਤਾ, ਸਬੰਧੀ ਇੱਥੋਂ ਤੱਕ ਕਿ ਮਿੱਤਰ ਲੋਕ ਵੀ ਪੈਸੇ ਦਿੰਦੇ ਹੁੰਦੇ ਸਨ ਜਿਸ ਨਾਲ ਉਹ ਆਪਣਾ ਮਕਾਨ ਖਰੀਦ ਸਕੇ। ਅਜਿਹਾ ਇਸ ਲਈ ਹੋਣ ਲੱਗਾ ਕਿ ਮਕਾਨ ਦੀ ਮੰਗ ਅਤੇ ਭਾਅ ਅਚਾਨਕ ਅਸਮਾਨ ਛੂਹਣ ਲੱਗੇ, ਪੂਰੀ ਦੁਨੀਆ ’ਚ ਮਕਾਨਾਂ ਨੂੰ ਲੈ ਕੇ ਚੀਨ ਦੀ ਹਾਲਤ ਬੜੀ ਭੈੜੀ ਸੀ।
ਪਰ ਅਜਿਹੇ ਹਾਲਾਤ ਦਾ ਫਾਇਦਾ ਚੁੱਕ ਕੇ ਐਵਰਗ੍ਰਾਂਡੇ, ਕੰਟ੍ਰੀ ਗਾਰਡਨ, ਸੋਹੋ, ਪੋਲੀ, ਸ਼ਿਮਾਓ ਵਰਗੀਆਂ ਸਾਰੀਆਂ ਰੀਅਲ ਅਸਟੇਟ ਕੰਪਨੀਆਂ ਉਭਰਨ ਲੱਗੀਆਂ। ਲੋਕ ਇਸ ’ਚ ਪੈਸਾ ਲਗਾਉਣ ਲੱਗੇ ਅਤੇ ਮਕਾਨਾਂ ਦੇ ਭਾਅ ਵਧਣ ਦੇ ਨਾਲ ਚੀਨ ਦੀ ਅਰਥਵਿਵਸਥਾ ਅੱਗੇ ਵਧਣ ਲੱਗੀ। ਚੀਨੀ ਲੋਕ ਆਪਣਾ 70 ਫੀਸਦੀ ਪੈਸਾ ਰੀਅਲ ਅਸਟੇਟ ’ਚ ਨਿਵੇਸ਼ ਕਰਨ ਲੱਗੇ। ਹਾਊਸਿੰਗ ਸੈਕਟਰ ’ਚ ਸਾਲ 2020 ਤੱਕ 2 ਖਰਬ 70 ਅਰਬ ਡਾਲਰ ਦੀ ਬਿਕਵਾਲੀ ਹੋਈ ਸੀ। ਹਾਊਸਿੰਗ ਸੈਕਟਰ ’ਚ ਚੀਨ ਦਾ ਕੁਲ ਘਰੇਲੂ ਉਤਪਾਦ ਦਾ 30 ਫੀਸਦੀ ਪੈਸਾ ਲੱਗਣ ਲੱਗਾ।
ਇਹ ਖ਼ਬਰ ਵੀ ਪੜ੍ਹੋ - ਆਰਥਿਕ ਤੰਗੀ ਦੇ ਕਾਰਨ ਖਰਚਿਆਂ ’ਚ ਕਟੌਤੀ ਕਰ ਰਹੀ ਚੀਨੀ ਜਨਤਾ
ਇਕ ਪਾਸੇ ਜਿੱਥੇ ਚੀਨ ਸਰਕਾਰ ਰੀਅਲ ਅਸਟੇਟ ਨੂੰ ਚੜ੍ਹਦੇ ਹੋਏ ਦੇਖ ਰਹੀ ਸੀ ਤਾਂ ਉੱਥੇ ਸਰਕਾਰ ਹਾਈ ਸਪੀਡ ਟ੍ਰੇਨ ਪ੍ਰਾਜੈਕਟ ’ਚ ਪੈਸਾ ਲਾ ਰਹੀ ਸੀ, ਸਾਲ 2008 ਦੀ ਆਰਥਿਕ ਮੰਦੀ ਦੇ ਤੁਰੰਤ ਬਾਅਦ ਚੀਨ ਸਰਕਾਰ ਨੇ ਇਸ ’ਚ ਪੈਸਾ ਲਾਇਆ, ਇਹ ਇਕ ਵੱਡਾ ਪ੍ਰਾਜੈਕਟ ਸੀ ਪਰ ਸਰਕਾਰੀ ਨੀਤੀ ਦੇ ਤਹਿਤ ਬਾਜ਼ਾਰ ਦੀ ਅਣਦੇਖੀ ਕਰ ਕੇ ਸਿਰਫ ਰੇਲਵੇ ਨੈੱਟਵਰਕ ਵਧਾਉਣ ’ਤੇ ਧਿਆਨ ਦਿੱਤਾ ਗਿਆ ਜਿਸ ਦੇ ਤਹਿਤ ਕਾਰੋਬਾਰੀ ਰੂਟ ’ਤੇ ਰੇਲਵੇ ਲਾਈਨ ਨਾ ਵਿਛਾ ਕੇ ਅਜਿਹੇ ਸ਼ਹਿਰਾਂ ’ਚ ਸਟੇਸ਼ਨ ਬਣਾਏ ਗਏ ਜਿੱਥੇ ਵੱਧ ਯਾਤਰੀ ਨਹੀਂ ਜਾਂਦੇ ਸਨ।
ਇਸ ਪ੍ਰਾਜੈਕਟ ਲਈ ਬੈਂਕ, ਸਥਾਨਕ ਪ੍ਰਾਸੈਸਿੰਗ ਅਤੇ ਲੋਕਾਂ ਲਈ ਬਾਂਡਸ ਜਾਰੀ ਕੀਤੇ ਗਏ ਜਿੱਥੋਂ ਸਰਕਾਰ ਨੇ ਇਸ ਪ੍ਰਾਜੈਕਟ ਲਈ ਪੈਸੇ ਲਏ। ਹਾਲਾਂਕਿ ਇਸ ਨਾਲ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਅਤੇ ਸੀਮੈਂਟ ਸਟੀਲ ਉਦਯੋਗ ਨੂੰ ਵੀ ਅੱਗੇ ਵਧਣ ਦਾ ਸਹਾਰਾ ਮਿਲਿਆ ਪਰ ਇਸ ਪ੍ਰਾਜੈਕਟ ’ਚ ਰੇਲਵੇ ਨੂੰ ਜੋ ਕਮਾਈ ਹੋ ਰਹੀ ਸੀ ਉਸ ਤੋਂ ਕਿਤੇ ਵੱਧ ਬੈਂਕਾਂ ਅਤੇ ਦੂਜੇ ਵਸੀਲਿਆਂ ਤੋਂ ਉਧਾਰ ਲਏ ਗਏ ਪੈਸਿਆਂ ਦਾ ਵਿਆਜ ਜਾ ਰਿਹਾ ਸੀ ਭਾਵ ਕਮਾਈ ਨਾਲੋਂ ਵੱਧ ਖਰਚ ਹੋ ਰਹੇ ਸਨ।
ਸਾਲ 2021 ਤੱਕ ਇਸ ਪ੍ਰਾਜੈਕਟ ’ਤੇ ਸਰਕਾਰ ਦੀ ਦੇਣਦਾਰੀ 900 ਅਰਬ ਡਾਲਰ ਦੀ ਬਣ ਰਹੀ ਸੀ ਭਾਵ ਚੀਨ ਦੇ ਕੁਲ ਘਰੇਲੂ ਉਤਪਾਦ ਦਾ 5 ਫੀਸਦੀ ਬਣ ਰਹੀ ਸੀ ਜਦਕਿ ਕਮਾਈ ਇਸ ਨਾਲੋਂ ਕਿਤੇ ਘੱਟ ਸੀ। ਕੋਵਿਡ ਮਹਾਮਾਰੀ ਨਾਲ ਇਹ ਨੁਕਸਾਨ ਹੋਰ ਵੱਧ ਗਿਆ। ਤਦ ਸਰਕਾਰ ਨੇ 300 ਅਰਬ ਡਾਲਰ ਦੇ ਵੱਖਰੇ ਰੇਲਵੇ ਬਾਂਡ ਜਾਰੀ ਕੀਤੇ ਪਰ ਘਾਟੇ ’ਚ ਚੱਲ ਰਹੀ ਹਾਈ ਸਪੀਡ ਰੇਲਵੇ ਨੂੰ ਇਸ ਦਾ ਕੋਈ ਫਾਇਦਾ ਨਾ ਹੋਇਆ।
4 ਦਿਹਾਤੀ ਬੈਂਕਾਂ ਦੇ ਦਿਵਾਲੀਆ ਹੋਣ ਨਾਲ 4 ਲੱਖ ਲੋਕ ਆਪਣੇ ਜਮ੍ਹਾ ਪੈਸਿਆਂ ਨੂੰ ਕੱਢ ਨਹੀਂ ਸਕਦੇ ਪਰ ਪ੍ਰਸ਼ਾਸਨ ਦੀ ਜ਼ਿੱਦ ਕਾਰਨ ਇਨ੍ਹਾਂ ਭੈੜੇ ਹੁੰਦੇ ਹਾਲਾਤ ’ਚ ਕੋਈ ਤਬਦੀਲੀ ਦਿਖਾਈ ਨਹੀਂ ਦੇ ਰਹੀ ਹੈ। ਜੋ ਦੇਸ਼ ਕਦੀ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਹੁਣ ਉਸ ਦੀ ਵਿਵਸਥਾ ’ਚ ਵੱਡੀਆਂ ਤਰੇੜਾਂ ਨਜ਼ਰ ਆਉਣ ਲੱਗੀਆਂ ਹਨ। ਲੋਕਾਂ ਦਾ ਭਰੋਸਾ ਸਰਕਾਰ ਤੋਂ ਉਠਦਾ ਜਾ ਰਿਹਾ ਹੈ। ਆਉਣ ਵਾਲੇ ਕੁਝ ਸਾਲ ਚੀਨ ਲਈ ਮੁਸ਼ਕਲ ਭਰੇ ਹੋਣਗੇ, ਦੁਨੀਆ ’ਤੇ ਇਸ ਦਾ ਵੱਡਾ ਅਸਰ ਹੋਵੇਗਾ। ਖਾਸ ਕਰ ਕੇ ਉਨ੍ਹਾਂ ਦੇਸ਼ਾਂ ਦੀ ਅਰਥਵਿਵਸਥਾ ’ਤੇ ਜੋ ਚੀਨ ਤੋਂ ਵੱਡੇ ਪੱਧਰ ’ਤੇ ਦਰਾਮਦ ਬਰਾਮਦ ਕਰਦੇ ਹਨ, ਚੀਨ ਤੋਂ ਸਪਲਾਈ ਘਟਣ ਨਾਲ ਦੁਨੀਆ ’ਚ ਵਸਤੂਆਂ ਦੇ ਭਾਅ ਵਧਣਗੇ, ਅਮਰੀਕਾ ਦਾ 20 ਫੀਸਦੀ ਦਰਾਮਦ ਰੁਕੇਗਾ, ਬਾਕੀ ਦੇਸ਼ਾਂ ’ਚ ਵਸਤੂਆਂ ਦੇ ਭਾਅ ਵਧਣਗੇ ਕਿਉਂਕਿ ਕਈ ਦੇਸ਼ ਚੀਨ ਤੋਂ ਦਰਾਮਦ ਨਹੀਂ ਕਰ ਸਕਦੇ। ਇਨ੍ਹਾਂ ਦੇਸ਼ਾਂ ’ਚ ਸਥਾਨਕ ਉਤਪਾਦਨ ਨੂੰ ਪਟੜੀ ’ਤੇ ਆਉਣ ’ਚ ਸਮਾਂ ਲੱਗੇਗਾ।
ਚੀਨ ਦਾ ਹੇਠਾਂ ਜਾਣਾ ਦੁਨੀਆ ਲਈ ਇਕ ਸਬਕ ਹੋਵੇਗਾ ਕਿ ਇਕ ਦੇਸ਼ ’ਤੇ ਕਿੰਨਾ ਭਰੋਸਾ ਕੀਤਾ ਜਾਵੇ। ਵਿਸ਼ਵੀਕਰਨ ਦੀ ਪ੍ਰਕਿਰਿਆ ਅੱਗੇ ਚੱਲੇਗੀ ਜਾਂ ਇਸ ਦੇ ਬਦਲ ਲੱਭੇ ਜਾਣਗੇ, ਸਥਾਨਕ ਉਤਪਾਦਨ ਨੂੰ ਹੁਲਾਰਾ ਮਿਲੇਗਾ ਜਾਂ ਵਿਸ਼ਵੀਕਰਨ ਨੂੰ ਰਫਤਾਰ ਮਿਲੇਗੀ। ਇਕ ਦੇਸ਼ ਦੀ ਮੰਦੀ ਦਾ ਅਸਰ ਪੂਰੀ ਦੁਨੀਆ ਦੀ ਆਰਥਿਕ ਰਫਤਾਰ ’ਤੇ ਹੋਵੇਗਾ। ਇਸ ਨੂੰ ਦੇਖਦੇ ਹੋਏ ਬਾਕੀ ਦੇਸ਼ ਆਪਣੀ ਘਰੇਲੂ ਅਰਥਵਿਵਸਥਾ ਨੂੰ ਹਰ ਤਰ੍ਹਾਂ ਆਤਮ-ਨਿਰਭਰ ਬਣਾਉਣਗੇ? ਸਥਾਨਕ ਪੱਧਰ ’ਤੇ ਉਤਪਾਦਨ ਵਧੇਗਾ? ਇਨ੍ਹਾਂ ਸਭ ਦਾ ਜਵਾਬ ਸਮਾਂ ਦੱਸੇਗਾ।
ਵੱਡੀ ਖ਼ਬਰ: ਬ੍ਰਿਟੇਨ ਦੀ ਪ੍ਰਧਾਨ ਮੰਤਰੀ Liz Truss ਦੇਵੇਗੀ ਅਸਤੀਫ਼ਾ
NEXT STORY