ਰੋਮ (ਦਲਵੀਰ ਕੈਂਥ)-ਇਟਲੀ ’ਚ ਬਿਨਾਂ ਪੇਪਰਾਂ ਦੇ ਜ਼ਿੰਦਗੀ ਹੰਢਾਉਣੀ ਇਕ ਅਜਿਹਾ ਦਰਦ ਹੈ, ਜਿਸ ਨੂੰ ਸਿਰਫ਼ ਉਹੀ ਪ੍ਰਵਾਸੀ ਸਮਝ ਸਕਦਾ ਹੈ, ਜਿਸ ਨੇ ਬਿਨਾਂ ਪੇਪਰਾਂ ਦੇ ਬੇਵੱਸੀ ਤੇ ਲਾਚਾਰੀ ਦੇ ਆਲਮ ’ਚ ਡੰਗ ਟਪਾਏ ਹੋਣ। ਪ੍ਰਦੇਸਾਂ ’ਚ ਗੈਰ-ਕਾਨੂੰਨੀ ਜ਼ਿੰਦਗੀ ਜਿਊਣ ਲਈ ਪ੍ਰਵਾਸੀ ਭਾਰਤੀਆਂ ਦਾ ਉਚੇਚਾ ਜ਼ਿਕਰ ਅਕਸਰ ਹੁੰਦਾ ਹੈ ਤੇ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ, ਜਿਥੇ ਗ਼ੈਰ-ਕਾਨੂੰਨੀ ਪ੍ਰਵਾਸੀ ਰੈਣ ਬਸੇਰਾ ਨਹੀਂ ਕਰਦੇ। ਇਟਲੀ ਵੀ ਅਜਿਹਾ ਯੂਰਪੀਅਨ ਦੇਸ਼ ਹੈ, ਜਿਥੇ ਕਾਨੂੰਨੀ ਢਾਂਚਾ ਲਚਕੀਲਾ ਹੋਣ ਕਾਰਨ ਇਥੇ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੋਣਾ ਆਮ ਗੱਲ ਹੈ ਪਰ ਇਟਲੀ ਸਰਕਾਰ ਦੇਸ਼ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਤੌਰ ’ਤੇ ਰਹਿਣ ਲਈ ਕਈ ਵਾਰ ਇਮੀਗ੍ਰੇਸ਼ਨ ਖੋਲ੍ਹ ਚੁੱਕੀ ਹੈ, ਜਿਸ ਰਾਹੀਂ ਲੱਖਾਂ ਪ੍ਰਵਾਸੀ ਇਟਲੀ ਦੇ ਕਾਨੂੰਨੀ ਢੰਗ ਨਾਲ ਬਾਸ਼ਿੰਦੇ ਬਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਪਰ ਮੁਸੀਬਤ ਉਨ੍ਹਾਂ ਲੋਕਾਂ ਲਈ ਬਣ ਰਹੀ ਹੈ, ਜਿਹੜੇ ਕਿ ਜਦੋਂ ਇਮੀਗ੍ਰੇਸ਼ਨ ਖੁੱਲ੍ਹਦੀ ਹੈ ਤਾਂ ਫਰਜ਼ੀ ਪੇਪਰਾਂ ਰਾਹੀਂ ਇਟਲੀ ’ਚ ਪੱਕਾ ਹੋਣ ਲਈ ਸਰਕਾਰ ਦੀਆਂ ਅੱਖਾਂ ’ਚ ਘੱਟਾ ਪਾ ਕੇ ਆਪਣੇ ਪੈਰਾਂ ਉੱਪਰ ਹੀ ਕੁਹਾੜੀ ਮਾਰਨ ’ਚ ਕੋਈ ਕਸਰ ਨਹੀਂ ਛੱਡਦੇ। ਇਟਲੀ ਸਰਕਾਰ ਨੇ ਜਦੋਂ-ਜਦੋਂ ਵੀ ਇਟਲੀ ’ਚ ਓਪਨ ਇਮੀਗ੍ਰੇਸ਼ਨ ਖੋਲ੍ਹੀ ਹੈ ਤਾਂ ਕੁਝ ਸੁਆਰਥੀ ਏਜੰਟ ਜਿਹੜੇ ਕਿ ਮਜਬੂਰ ਤੇ ਲਾਚਾਰ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਪੱਕਾ ਕਰਨ ਦੇ ਇੱਕ ਪਾਸੇ ਹਜ਼ਾਰਾਂ ਯੂਰੋ ਵੀ ਲੈਂਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ਪੱਕੇ ਹੋਣ ਲਈ ਲੋੜੀਂਦੇ ਫਰਜ਼ੀ ਪੇਪਰ ਬਣਾ ਕੇ ਦੇ ਦਿੰਦੇ ਹਨ।
ਇਹ ਵੀ ਪੜ੍ਹੋ : ਹੋਲੇ ਮਹੱਲੇ ਤੋਂ ਪਰਤ ਰਹੇ 2 ਵਿਅਕਤੀ ਸਤਲੁਜ ਦਰਿਆ ’ਚ ਡੁੱਬੇ, ਮੌਤ
ਜਦੋਂ ਸਰਕਾਰ ਬਿਨੈਕਰਤਾ ਦੇ ਕੇਸ ਦੀ ਜਾਂਚ ਕਰਦੀ ਹੈ ਤਾਂ ਉਸ ਦੇ ਬਹੁਤੇ ਪੇਪਰ ਫਰਜ਼ੀ ਹੋਣ ਕਾਰਨ ਉਹ ਕਾਨੂੰਨੀ ਸ਼ਿਕੰਜੇ ’ਚ ਬੁਰੀ ਤਰ੍ਹਾਂ ਫਸ ਜਾਂਦਾ ਹੈ। ਅਜਿਹਾ ਹੀ ਕੁਝ ਮਾਹੌਲ ਇਟਲੀ ਦੇ ਲਾਸੀਓ ਸੂਬੇ ’ਚ ਅੱਜਕਲ ਬਣਿਆ ਹੋਇਆ ਹੈ, ਜਿਥੇ ਬਿਨਾਂ ਪੇਪਰਾਂ ਦੇ ਪ੍ਰਵਾਸੀਆਂ, ਖਾਸ ਕਰਕੇ ਭਾਰਤੀਆਂ ਨੇ ਸੰਨ 2020 ’ਚ ਖੁੱਲ੍ਹੀ ਇਮੀਗ੍ਰੇਸ਼ਨ ’ਚ ਪੇਪਰ ਭਰੇ ਹੋਏ ਸਨ ਤੇ ਜਦੋਂ ਉਨ੍ਹਾਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਲੋੜੀਂਦੇ ਪੇਪਰ ਮੰਗੇ ਤਾਂ ਏਜੰਟਨੁਮਾ ਲੋਕਾਂ ਨੇ ਉਨ੍ਹਾਂ ਤੋਂ ਸੈਂਕੜੇ ਯੂਰੋ ਲੈ ਕੇ ਫਰਜ਼ੀ ਪੇਪਰ ਤਿਆਰ ਕਰਕੇ ਦੇ ਦਿੱਤੇ, ਜਿਸ ਕਾਰਨ ਇਨ੍ਹਾਂ ਵਿਚਾਰਿਆਂ ਲਈ ਹੁਣ ਵੱਡੀ ਮੁਸੀਬਤ ਬਣ ਆਈ ਹੈ। ਸੂਬੇ ’ਚ ਸੈਂਕੜੇ ਅਜਿਹੇ ਪ੍ਰਵਾਸੀ ਹੋਣ ਦਾ ਖ਼ਦਸ਼ਾ ਹੈ, ਜਿਨ੍ਹਾਂ ਨੇ ਅਣਜਾਣਪੁਣੇ ’ਚ ਹੀ ਆਪਣਾ ਕੇਸ ਫਰਜ਼ੀ ਪੇਪਰਾਂ ਨਾਲ ਖਰਾਬ ਕਰ ਲਿਆ ਹੈ ਤੇ ਜਦੋਂ ਤੱਕ ਇਮੀਗ੍ਰੇਸ਼ਨ ਵਿਭਾਗ ਇਨ੍ਹਾਂ ਨੂੰ ਹਰੀ ਝੰਡੀ ਨਹੀਂ ਦਿੰਦਾ, ਉਦੋਂ ਤੱਕ ਇਨ੍ਹਾਂ ਵਿਚਾਰਿਆਂ ਉੱਪਰ ਕਾਨੂੰਨ ਦੀ ਤਲਵਾਰ ਲਟਕਦੀ ਹੀ ਰਹੇਗੀ। ਇਹ ਉਹ ਪ੍ਰਵਾਸੀ ਭਾਰਤੀ ਹਨ, ਜਿਹੜੇ ਕਿ ਲੱਖਾਂ ਰੁਪੲੇ ਕਰਜ਼ਾ ਚੁੱਕ ਇਟਲੀ ਘਰ ਦੀ ਗਰੀਬੀ ਦੂਰ ਕਰਨ ਆਏ ਹੋਏ ਹਨ ਪਰ ਅਫਸੋਸ ਬਿਨਾਂ ਪੇਪਰਾਂ ਦੇ ਇਨ੍ਹਾਂ ਦੀ ਹੱਡ ਭੰਨਵੀਂ ਮਿਹਨਤ ਦਾ ਪੂਰਾ ਮੁੱਲ ਨਹੀਂ ਪੈਂਦਾ। ਕੁਝ ਇਟਾਲੀਅਨ ਮਾਲਕ ਤੇ ਕੁਝ ਸੁਆਰਥੀ ਭਾਰਤੀ ਲੋਕ ਇਨ੍ਹਾਂ ਵਕਤ ਦੇ ਝੰਬੇ ਪ੍ਰਵਾਸੀਆਂ ਦਾ ਰੱਜ ਕੇ ਸ਼ੋਸ਼ਣ ਕਰਦੇ ਹਨ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਕੁਝ ਬਿਨਾਂ ਪੇਪਰਾਂ ਦੇ ਭਾਰਤੀ ਨੌਜਵਾਨਾਂ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਉਹ ਪਹਿਲਾਂ ਹੀ ਘਰ ਦੀ ਗਰੀਬੀ ਦੂਰ ਕਰਨ ਤੇ ਚੰਗੇ ਭੱਵਿਖ ਲਈ ਲੱਖਾਂ ਰੁਪੲੇ ਕਰਜ਼ਾ ਚੁੱਕ ਕੇ ਇਟਲੀ ਪਹੁੰਚੇ ਸੀ ਤੇ ਇੱਥੇ ਪੇਪਰ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਘੱਟ ਮਿਹਨਤਾਨਾ ਮਿਲਦਾ ਹੈ। ਹੋਰ ਵੀ ਅਨੇਕਾਂ ਪ੍ਰੇਸ਼ਾਨੀਆਂ ਬਿਨਾਂ ਪੇਪਰਾਂ ਦੇ ਉਹ ਝੱਲ ਰਹੇ ਹਨ।
ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਧੂਰੀ ’ਚ ਵਾਪਰਿਆ ਦਰਦਨਾਕ ਹਾਦਸਾ, ਪਿਓ-ਧੀ ਦੀ ਹੋਈ ਮੌਤ
ਹੁਣ ਜਦਕਿ ਰੱਬ ਉਨ੍ਹਾਂ ਦੀ ਸੁਣਨ ਲੱਗਾ ਤਾਂ ਠੱਗ ਏਜੰਟਾਂ ਨੇ ਫਿਰ ਉਨ੍ਹਾਂ ਦੀ ਬੇੜੀ ਵੱਟੇ ਪਾ ਦਿੱਤੇ। ਸੈਂਕੜੇ ਯੂਰੋ ਲੈ ਕੇ ਵੀ ਇਮੀਗ੍ਰੇਸ਼ਨ ਲਈ ਲੋੜੀਂਦੇ ਘਰ ਦੇ ਪੇਪਰ ਫਰਜ਼ੀ ਦੇ ਦਿੱਤੇ, ਜਿਸ ਕਾਰਨ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਪੇਪਰ ਰੋਕ ਦਿੱਤੇ ਹਨ। ਉਲਝੇ ਕੇਸ ਨੂੰ ਸਿੱਧਾ ਕਰਨ ਲਈ ਵਕੀਲ ਵੀ ਹਜ਼ਾਰਾਂ ਯੂਰੋ ਮੰਗ ਰਹੇ ਹਨ, ਜਦਕਿ ਉਨ੍ਹਾਂ ਕੋਲ ਤਾਂ ਦੋ ਵਕਤ ਦੀ ਰੋਟੀ ਲਈ ਵੀ ਕੋਈ ਪੱਕਾ ਕੰਮ ਨਹੀਂ। ਅਜਿਹੇ ਆਲਮ ’ਚ ਹੁਣ ਉਨ੍ਹਾਂ ਨੂੰ ਸਮਝ ਨਹੀਂ ਪੈਂਦੀ ਕਿ ਉਹ ਕਿਸ ਕੋਲ ਗੁਹਾਰ ਲਗਾਉਣ। ਭਾਰਤੀ ਅੰਬੈਸੀ ਰੋਮ ਦੇ ਅੰਬੈਸਡਰ ਮੈਡਮ ਡਾ. ਨੀਨਾ ਮਲਹੋਤਰਾ ਨੂੰ ਇਹ ਮਜਬੂਰ ਭਾਰਤੀਆਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਅੰਬੈਸੀ ਉਨ੍ਹਾਂ ਦੀ ਮਦਦ ਕਰੇ ਤਾਂ ਜੋ ਉਹ ਕਈ-ਕਈ ਸਾਲਾਂ ਤੋਂ ਵਿਛੜੇ ਮਾਪਿਆਂ ਨੂੰ ਮਿਲ ਸਕਣ ਤੇ ਨਾਲ ਹੀ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੇ ਉਨ੍ਹਾਂ ਤਮਾਮ ਲੋਕਾਂ ਨੂੰ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਪੇਪਰ ਹਾਲੇ ਨਹੀਂ ਮਿਲੇ ਕਿ ਉਹ ਪੱਕੇ ਹੋਣ ਲਈ ਲੋੜੀਂਦੇ ਪੇਪਰ ਅਸਲੀ ਹੀ ਇਮੀਗ੍ਰੇਸ਼ਨ ਵਿਭਾਗ ਨੂੰ ਦੇਣ, ਨਹੀਂ ਤਾਂ ਉਨ੍ਹਾਂ ਵਾਂਗ ਪਛਤਾਉਣਾ ਪਵੇਗਾ। ਲਾਸੀਓ ਸੂਬੇ ’ਚ ਇਸ ਘਟਨਾ ਦੀ ਕਾਫ਼ੀ ਚਰਚਾ ਹੈ। ਹੋ ਸਕਦਾ ਹੈ ਕਿ ਕੋਈ ਭਰਾਤਰੀ ਜਥੇਬੰਦੀ ਇਨ੍ਹਾਂ ਦੀ ਬਾਂਹ ਫ਼ੜ ਲਵੇ ਪਰ ਐਨਾ ਸੌਖਾ ਨਹੀਂ ਹੋਵੇਗਾ ਇਨ੍ਹਾਂ ਪ੍ਰਵਾਸੀਆਂ ਦੀ ਮਦਦ ਕਰਨਾ ਕਿਉਂਕਿ ਇਨ੍ਹਾਂ ਆਪਣੇ ਹੱਥੀਂ ਹੀ ਆਪਣੇ ਪੱਕੇ ਹੋਣ ਦੇ ਰਾਹ ’ਚ ਕੰਡੇ ਖਿਲਾਰੇ। ਇਟਲੀ ਰੈਣ ਬਸੇਰਾ ਕਰਦੇ ਹਰ ਪ੍ਰਵਾਸੀ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਫਰਜ਼ੀ ਪੇਪਰ ਨਾਲ ਗੁੰਮਰਾਹ ਕਰਨ ਦੀ ਕਾਰਵਾਈ ਉਨ੍ਹਾਂ ਨੂੰ ਇਟਲੀ ਦੇ ਕਾਨੂੰਨ ਦੀ ਕਾਲੀ ਸੂਚੀ ਦਾ ਭਾਗੀਦਾਰ ਬਣਾ ਸਕਦੀ ਹੈ।
ਪਾਕਿਸਤਾਨ ਖੇਤਰੀ ਸਮਝੌਤੇ ਤੋਂ ਬਾਅਦ ਹੀ ਤਾਲਿਬਾਨੀ ਸਰਕਾਰ ਨੂੰ ਦੇਵੇਗਾ ਮਾਨਤਾ
NEXT STORY