ਐਡਮਿੰਟਨ— ਕੋਈ ਵੀ ਪਰਵਾਸੀ ਆਪਣਾ ਦੇਸ਼ ਅਤੇ ਘਰ-ਬਾਰ ਛੱਡ ਕੇ ਵਿਦੇਸ਼ ਵਿਚ ਰੋਜ਼ੀ-ਰੋਟੀ ਕਮਾਉਣ ਲਈ ਜਾਂਦਾ ਹੈ ਪਰ ਕੁਝ ਦੇਸ਼ਾਂ ਦੇ ਸ਼ਰਨਾਰਥੀਆਂ ਲਈ ਇਹ ਵਿਦੇਸ਼ ਜਿਊਂਦੇ ਰਹਿਣ ਦਾ ਮੌਕਾ ਹੁੰਦੇ ਹਨ ਅਤੇ ਜਿਸ ਦੇਸ਼ ਵਿਚ ਉਨ੍ਹਾਂ ਨੇ ਜਨਮ ਲਿਆ ਹੁੰਦਾ ਹੈ, ਉੱਥੇ ਮੌਤ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ ਇਕ ਸ਼ਰਨਾਰਥੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਇਹ ਪਰਿਵਾਰ ਗੁਆਟੇਮਾਲਾ ਦਾ ਹੈ। ਜਿਲਮਰ ਪਿਕੋਨ ਪਿਨੇਡਾ ਦੇ ਇਸ ਪਰਿਵਾਰ ਨੂੰ ਕੈਨੇਡਾ ਵਿਚ ਸ਼ਰਨਾਰਥੀ ਸਟੇਟਸ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਇਕ ਔਰਤ ਦੀ ਸਹਾਇਤਾ ਨਾਲ ਇੱਥੇ ਮਨੁੱਖੀ ਆਧਾਰ 'ਤੇ ਰਹਿਣ ਲਈ ਪੇਪਰ ਭਰੇ ਪਰ ਉਸ ਔਰਤ ਨੇ ਹਜ਼ਾਰਾਂ ਡਾਲਰ ਲੈ ਕੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ 2016 ਵਿਚ ਗਾਇਬ ਹੋ ਗਈ। ਹੁਣ ਜਿਮਲਰ ਦਾ ਪਰਿਵਾਰ ਨਾ ਤਾਂ ਕੈਨੇਡਾ ਦਾ ਸ਼ਰਨਾਰਥੀ ਪਰਿਵਾਰ ਹੈ ਅਤੇ ਨਾ ਹੀ ਉਨ੍ਹਾਂ ਕੋਲ ਇੱਥੇ ਰਹਿਣ ਦੀ ਆਗਿਆ ਹੈ। ਮੰਗਲਵਾਰ ਨੂੰ ਪਰਿਵਾਰ ਨੂੰ ਦੇਸ਼ 'ਚੋਂ ਜਾਣ ਦੇ ਆਰਡਰ ਦੇ ਦਿੱਤੇ ਗਏ। ਰੋਂਦੇ ਹੋਏ ਪਰਿਵਾਰ ਨੇ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਆਫਿਸ ਵਿਚ ਆਪਣੀ ਡਿਪੋਰਟੇਸ਼ਨ ਦੇ ਪੇਪਰਾਂ 'ਤੇ ਹਸਤਾਖਰ ਕੀਤੇ।
ਪਰਿਵਾਰ ਦਾ ਕਹਿਣਾ ਹੈ ਕਿ ਉਹ ਕੈਨੇਡਾ 'ਚੋਂ ਜਾਣ ਦੇ ਪੇਪਰਾਂ ਨਹੀਂ ਸਗੋਂ ਆਪਣੀ ਮੌਤ ਦੇ ਪੇਪਰਾਂ 'ਤੇ ਹਸਤਾਖਰ ਕਰ ਰਹੇ ਹਨ। ਹਾਲਾਂਕਿ ਪਰਿਵਾਰ ਦੇ ਡਿਪੋਰਟੇਸ਼ਨ ਆਰਡਰਾਂ ਨੂੰ ਤਿੰਨ ਹਫਤਿਆਂ ਤੱਕ ਰੋਕ ਦਿੱਤਾ ਗਿਆ ਹੈ। ਪਿਕੋਨ, ਉਸ ਦੀ ਪਤਨੀ ਅਤੇ ਉਸ ਦੇ ਵੱਡੇ ਬੇਟੇ ਨੂੰ 12 ਜੁਲਾਈ ਨੂੰ ਗੁਆਟੇਮਾਲਾ ਡਿਪੋਰਟ ਕਰ ਦਿੱਤਾ ਜਾਵੇਗਾ, ਜਿੱਥੋਂ ਹਿੰਸਾ ਤੋਂ ਬੱਚਦੇ ਹੋਏ ਦੋ ਦਹਾਕੇ ਪਹਿਲਾਂ ਉਹ ਵਿਦੇਸ਼ ਆਏ ਸਨ। ਪਰਿਵਾਰ ਦੇ ਛੋਟੇ ਚਾਰ ਬੱਚਿਆਂ ਨੂੰ 10 ਜੁਲਾਈ ਨੂੰ ਅਮਰੀਕਾ ਡਿਪੋਰਟ ਕਰ ਦਿੱਤਾ ਜਾਵੇਗਾ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਪਰਿਵਾਰ ਨੇ ਮਨੁੱਖੀ ਆਧਾਰ 'ਤੇ ਕੈਨੇਡਾ ਰਹਿਣ ਲਈ ਅਰਜ਼ੀ ਦਿੱਤੀ ਹੈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਇਸ ਅਰਜ਼ੀ 'ਤੇ ਛੇਤੀ ਤੋਂ ਛੇਤੀ ਵਿਚਾਰ ਕੀਤਾ ਜਾਵੇ, ਇਸ ਤੋਂ ਪਹਿਲਾਂ ਬਹੁਤ ਦੇਰ ਹੋ ਜਾਵੇ।
'ਕਾਰਨੇਗੀ ਮੈਡਲ ਆਫ ਫਿਲੈਂਥਰਾਪੀ' ਨਾਲ ਸਨਮਾਨਿਤ ਹੋਏ ਅਜੀਮ ਪ੍ਰੇਮਜੀ
NEXT STORY