ਰੋਮ,(ਕੈਂਥ)— ਇਟਲੀ ਦੀ ਰਾਜਧਾਨੀ ਰੋਮ ਦੇ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਉਸ ਵੇਲੇ ਲੋਕ ਦੰਗ ਰਹਿ ਗਏ ਜਦੋਂ ਇੱਕ 58 ਸਾਲਾਂ ਦੇ ਇਟਾਲੀਅਨ ਟੈਕਸੀ ਡਰਾਈਵਰ ਨੇ ਗੁੱਸੇ ਵਿੱਚ ਆ ਕੇ ਆਪਣੀ ਸਵਾਰੀ ਦੇ ਨੱਕ ਨੂੰ ਮੁੱਕਾ ਮਾਰ ਕੇ ਉਸ ਦਾ ਨੱਕ ਤੋੜ ਦਿੱਤਾ। ਬੀਤੇ ਦਿਨੀ ਰਾਜਧਾਨੀ ਰੋਮ ਦੇ ਫਿਊਮੀਚੀਨੋ ਏਅਰਪੋਰਟ ਦੇ ਬਾਹਰ ਇੱਕ ਵਿਦੇਸ਼ੀ ਯਾਤਰੀ ਰੋਮ ਸ਼ਹਿਰ ਜਾਣਾ ਚਾਹੁੰਦਾ ਸੀ ਜਿਸ ਲਈ ਉਸ ਨੇ ਇੱਕ ਟੈਕਸੀ ਨੂੰ ਇਸ਼ਾਰਾ ਕੀਤਾ ਤਾਂ ਤੁਰੰਤ ਇੱਕ 58 ਸਾਲ ਦਾ ਇਟਾਲੀਅਨ ਟੈਕਸੀ ਡਰਾਈਵਰ ਉਸ ਕੋਲ ਆ ਗਿਆ ਤੇ ਉਸ ਨੇ ਵਿਦੇਸ਼ੀ ਯਾਤਰੀ ਦਾ ਸਮਾਨ ਗੱਡੀ 'ਚ ਰੱਖਣਾ ਸ਼ੁਰੂ ਕੀਤਾ।
ਯਾਤਰੀ ਨੇ ਗੱਲਾਂ-ਗੱਲਾਂ ਵਿੱਚ ਹੀ ਡਰਾਈਵਰ ਨੂੰ ਗੱਡੀ ਦੇ ਮੀਟਰ ਨੂੰ ਚਲਾਉਣ ਦੀ ਗੱਲ ਕਹਿ ਦਿੱਤੀ ਬਸ ਫਿਰ ਕੀ ਸੀ ਡਰਾਈਵਰ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਉਸ ਨੇ ਯਾਤਰੀ 'ਤੇ ਹਮਲਾ ਕਰਕੇ ਉਸ ਦੇ ਨੱਕ 'ਤੇ ਮੁੱਕਾ ਮਾਰ ਦਿੱਤਾ ਜਿਸ ਕਾਰਨ ਯਾਤਰੀ ਸੜਕ 'ਤੇ ਡਿੱਗ ਪਿਆ। ਹਮਲੇ ਨਾਲ ਯਾਤਰੀ ਦੇ ਨੱਕ ਦੀ ਹੱਡੀ ਟੁੱਟ ਗਈ ਤੇ ਉਹ ਦਰਦ ਨਾਲ ਕੁਰਲਾ ਉੱਠਿਆ। ਸਥਾਨਕ ਪੁਲਸ ਪ੍ਰਸ਼ਾਸ਼ਨ ਨੇ ਯਾਤਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਸ ਘਟਨਾ ਦੀ ਰਾਜਧਾਨੀ ਰੋਮ ਵਿੱਚ ਚੁਫੇਰਿਓਂ ਨਿੰਦਿਆ ਹੋ ਰਹੀ ਹੈ ।
ਰੋਮ ਦੀ ਮੇਅਰ ਮੈਡਮ ਵਿਰਜੀਨੀਆ ਈਲੇਨਾ ਰਾਜੀ ਜੋ ਇੱਕ ਵਕੀਲ ਵੀ ਹਨ ਤੇ ਰੋਮ ਸ਼ਹਿਰ ਦੀ ਪਹਿਲੀ ਔਰਤ ਹਨ ਜਿਨ੍ਹਾਂ ਨੇ ਸਾਲ 2016 ਤੋਂ ਰੋਮ ਦੇ ਮੇਅਰ ਵਜੋਂ ਸ਼ਹਿਰ ਦੀ ਵਾਗਡੋਰ ਸਾਂਭੀ ਹੋਈ ਹੈ। ਉਨ੍ਹਾਂ ਨੇ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਹਾਦਸਾ ਅਸਹਿ ਹੈ। ਸ਼ਹਿਰ ਵਿੱਚ ਅਜਿਹੇ ਹਾਦਸੇ ਲਈ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਡਰਾਈਵਰ ਹੈ, ਉਸ 'ਤੇ ਬਣਦੀ ਕਾਰਵਾਈ ਹੋ ਰਹੀ ਹੈ ।ਜਾਣਕਾਰੀ ਅਨੁਸਾਰ ਦੋਸ਼ੀ ਡਰਾਈਵਰ ਦਾ ਲਾਇਸੈਂਸ ਰੱਦ ਕਰਨ ਲਈ ਪ੍ਰਕਿਰਿਆ ਚੱਲ ਰਹੀ ਹੈ। ਉਸ ਦੇ ਲਾਇਸੈਂਸ ਨੂੰ ਮੁਅੱਤਲ ਕਰਨ ਲਈ ਪਹਿਲਾਂ ਵੀ ਕਾਰਵਾਈ ਚੱਲ ਰਹੀ ਸੀ। ਰੋਮ ਮੇਅਰ ਮੈਡਮ ਰਾਜੀ ਨੇ ਸ਼ਹਿਰ ਦੇ ਤਮਾਮ ਟੈਕਸੀ ਡਰਾਇਵਰਾਂ ਨੂੰ ਸੁਚੇਤ ਕੀਤਾ ਹੈ ਕਿ ਆਪਣੇ ਗ੍ਰਾਹਕਾਂ ਨਾਲ ਸੁਚੱਜੇ ਢੰਗ ਨਾਲ ਵਿਵਹਾਰ ਕਰਨ ਕਿਉਂਕਿ ਕੁਤਾਹੀ ਵਰਤਣ ਵਾਲੇ ਲਈ ਕਾਨੂੰਨ ਵਿੱਚ ਕੋਈ ਛੋਟ ਨਹੀਂ ਹੈ।
ਦੱਖਣੀ ਏਸ਼ੀਆ 'ਚ ਪੈਦਾ ਹੋਣ ਜਾ ਰਿਹੈ ਵੱਡਾ ਸ਼ਰਨਾਰਥੀ ਸੰਕਟ : ਇਮਰਾਨ ਖਾਨ
NEXT STORY