ਇੰਟਰਨੈਸ਼ਨਲ ਡੈਸਕ : ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰੀ ਤੇ ਦੁਬਈ ਦੇ ਕਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਫਲਾਈਦੁਬਈ ਦੇ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਇਲਾਜ ਦੌਰਾਨ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸ਼ਾਨਦਾਰ ਬਹਾਦਰੀ ਦੀ ਤਾਰੀਫ਼ ਕੀਤੀ।
ਬੁੱਧਵਾਰ ਨੂੰ ਦੁਬਈ ਤੋਂ ਤੇਲ ਅਵੀਵ (ਇਜ਼ਰਾਈਲ) ਜਾ ਰਹੀ ਫਲਾਈਦੁਬਈ ਦੀ ਉਡਾਣ FZ1073 ਦੇ ਕਾਕਪਿਟ ਵਿੱਚ ਓਮਾਨੀ ਨਾਗਰਿਕ ਕੋ-ਪਾਇਲਟ ਹਮਾਮ ਅਲ-ਹਮਾਮੀ ਨੇ ਕੈਪਟਨ ਸਮਿਤ ਮਛਾਰ 'ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਮਛਾਰ ਨੇ ਸਮਝਦਾਰੀ ਦਿਖਾਉਂਦੇ ਹੋਏ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਨਾਲ ਜਹਾਜ਼ ਦੇ ਅਮਲੇ ਅਤੇ ਯਾਤਰੀਆਂ ਨੂੰ ਕੋ-ਪਾਇਲਟ 'ਤੇ ਕਾਬੂ ਪਾਉਣ ਦਾ ਮੌਕਾ ਮਿਲ ਗਿਆ।
ਇਸ ਤੋਂ ਬਾਅਦ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਸ਼ਹਿਰ ਸਥਿਤ ਪ੍ਰਿੰਸ ਸੁਲਤਾਨ ਬਿਨ ਅਬਦੇਲ ਅਜ਼ੀਜ਼ ਹਵਾਈ ਅੱਡੇ ਵੱਲ ਸੁਰੱਖਿਅਤ ਮੋੜ ਦਿੱਤਾ ਗਿਆ। ਉਸ ਸਮੇਂ ਜਹਾਜ਼ ਵਿੱਚ 27 ਬੱਚਿਆਂ ਸਮੇਤ ਕੁੱਲ 174 ਯਾਤਰੀ ਸਵਾਰ ਸਨ। ਦੁਬਈ ਦੇ ਪ੍ਰਿੰਸ ਹਮਦਾਨ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਕੈਪਟਨ ਸਮਿਤ ਮਛਾਰ ਨੂੰ 'ਅਸਲ ਹੀਰੋ' ਦੱਸਿਆ। ਉਨ੍ਹਾਂ ਲਿਖਿਆ ਕਿ ਕੈਪਟਨ ਮਛਾਰ ਨੇ ਹਿੰਮਤ, ਜ਼ਿੰਮੇਵਾਰੀ ਅਤੇ ਮਨੁੱਖੀ ਜਾਨਾਂ ਦੀ ਸੁਰੱਖਿਆ ਦੀ ਬੇਮਿਸਾਲ ਮਿਸਾਲ ਕਾਇਮ ਕੀਤੀ ਹੈ ਤੇ ਪੂਰੇ ਯੂ.ਏ.ਈ. ਨੂੰ ਉਨ੍ਹਾਂ 'ਤੇ ਮਾਣ ਹੈ।
ਯੂ.ਏ.ਈ. ਵਿੱਚ ਭਾਰਤੀ ਦੂਤਾਵਾਸ ਨੇ ਪੁਸ਼ਟੀ ਕੀਤੀ ਹੈ ਕਿ ਕੈਪਟਨ ਸਮਿਤ ਮਛਾਰ ਦਾ ਦੁਬਈ ਵਿੱਚ ਵਧੀਆ ਡਾਕਟਰੀ ਦੇਖਭਾਲ ਹੇਠ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਯੂ.ਏ.ਈ. ਦੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲ 'ਚ ਬੱਸ ਹਾਦਸੇ 'ਚ 6 ਲੋਕਾਂ ਦੀ ਮੌਤ
NEXT STORY