ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਅਤੇ ਸਕਾਟਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਬੰਦੀਛੋੜ ਦਿਵਸ 'ਤੇ ਦੀਵਾਲੀ ਦੀਆਂ ਸਾਂਝੀਆਂ ਰੌਣਕਾਂ ਨੇ ਜਿੱਥੇ ਸਾਂਝੀਵਾਲਤਾ ਦਾ ਹੋਕਾ ਦਿੱਤਾ, ਉੱਥੇ ਭਾਰਤੀ ਮੂਲ ਦੇ ਲੋਕਾਂ ਦੀ ਭਰਵੀਂ ਵਸੋਂ ਵਾਲੇ ਸਾਊਥਾਲ, ਹੰਸਲੋ, ਮਾਨਚੈਸਟਰ, ਲੈਸਟਰ, ਬਰਮਿੰਘਮ, ਕਾਵੈਂਟਰੀ, ਬਰੈਡਫੋਰਡ, ਗਲਾਸਗੋ ਸਮੇਤ ਹੋਰ ਵੀ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਚਾਲ ਧੀਮੀ ਰਹੀ। ਆਪੋ ਆਪਣੇ ਇਸ਼ਟ ਨਾਲ ਸੰਬੰਧਤ ਅਸਥਾਨਾਂ, ਆਪਣੇ ਸਕੇ-ਸੰਬੰਧੀਆਂ ਦੇ ਘਰੀਂ ਜਾ ਕੇ ਖੁਸ਼ੀਆਂ ਸਾਂਝੀਆਂ ਕਰਨ ਦੇ ਚਾਅ ਕਾਰਨ ਸੜਕੀ ਆਵਾਜਾਈ ਵਿੱਚ ਪੂਰਾ ਦਿਨ ਭੁਚਾਲ ਆਇਆ ਰਿਹਾ।
ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਸੰਗਤਾਂ ਨੇ ਸ਼ਰਧਾ-ਪੂਰਵਕ ਹਾਜ਼ਰੀ ਭਰਨ ਦੇ ਨਾਲ ਗੁਰਬਾਣੀ ਅਤੇ ਕੀਰਤਨ ਦਰਬਾਰਾਂ ਦਾ ਆਨੰਦ ਮਾਣਿਆ। ਭਾਰਤੀ ਮੂਲ ਦੀ ਵਸੋਂ ਵਾਲੇ ਸ਼ਹਿਰਾਂ 'ਚ ਪਟਾਕਿਆਂ ਦੀ ਗ਼ਰਦਾਗੋਰ ਪੰਜਾਬ ਦੀ ਦੀਵਾਲੀ ਦੀ ਯਾਦ ਤਾਜ਼ਾ ਕਰ ਰਹੀ ਸੀ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਗੁਰਦੁਆਰਾ ਸੈਂਟਰਲ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ ਮੈਹਮੀ, ਸਕੱਤਰ ਦਲਜੀਤ ਸਿੰਘ ਦਿਲਬਰ, ਸ੍ਰੀ ਗੁਰੁ ਨਾਨਕ ਦੇਵ ਸਿੱਖ ਟੈਂਪਲ ਦੇ ਪ੍ਰਧਾਨ ਭੁਪਿੰਦਰ ਸਿੰਘ ਬਰ੍ਹਮੀਂ, ਸਕੱਤਰ ਸੋਹਣ ਸਿੰਘ ਸੌਂਦ ਨੇ ਦੂਰੋਂ ਨੇੜਿਉਂ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਬੰਦੀ ਛੋੜ ਦਿਵਸ ਦੀ ਹਾਰਦਿਕ ਵਧਾਈ ਵੀ ਪੇਸ਼ ਕੀਤੀ।
ਗਲਾਸਗੋ ਦੇ ਐਲਬਰਟ ਡਰਾਈਵ ਤੇ ਸੈਂਟਰਲ ਗੁਰਦੁਆਰਾ ਸਾਹਿਬਾਨਾਂ ਅੰਦਰ ਚੱਲਦੇ ਪੰਜਾਬੀ ਸਕੂਲਾਂ ਦੇ ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਵਧਾਈ ਸੰਦੇਸ਼ ਵਾਲੇ ਕਾਰਡ ਤਿਆਰ ਕਰਕੇ ਚੈਰਿਟੀ ਕਾਰਜਾਂ ਵਿੱਚ ਬਣਦਾ ਯੋਗਦਾਨ ਪਾਇਆ। ਐਲਬਰਟ ਡਰਾਈਵ ਗੁਰੂਘਰ ਪੰਜਾਬੀ ਸਕੂਲ ਦੀ ਸੰਚਾਲਿਕਾ ਸ੍ਰੀਮਤੀ ਦਲਜੀਤ ਕੌਰ ਦਿਲਬਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਬੱਚਿਆਂ ਵੱਲੋਂ ਤਿਆਰ ਕੀਤੇ ਕਾਰਡ ਸੰਗਤਾਂ ਨੂੰ ਵੇਚ ਕੇ ਚੈਰਿਟੀ ਲਈ ਦਾਨ ਇਕੱਤਰ ਕੀਤਾ ਜਾਵੇਗਾ, ਉੱਥੇ ਬੱਚਿਆਂ ਨੂੰ ਕਿਰਤ ਨਾਲ ਜੋੜਨ ਦੀ ਕੋਸ਼ਿਸ਼ ਤਹਿਤ ਆਪਣੇ ਪਰਿਵਾਰ ਦੇ ਘਰੇਲੂ ਕੰਮਾਂਕਾਰਾਂ ਵਿੱਚ ਹੱਥ ਵਟਾ ਕੇ ਰਾਸ਼ੀ ਜੁਟਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਉਕਤ ਰਾਸ਼ੀ ਦੀ ਮਦਦ ਨਾਲ 550 ਕੰਬਲ ਖਰੀਦ ਕੇ ਗਲਾਸਗੋ ਇਲਾਕੇ ਦੇ ਬੇਘਰੇ ਲੋਕਾਂ ਨੂੰ ਕੰਬਲ ਤਕਸੀਮ ਕੀਤੇ ਜਾਣਗੇ। ਵੱਖ-ਵੱਖ ਗੁਰੂਘਰਾਂ ਵਿੱਚ ਹੋਰਨਾਂ ਭਾਈਚਾਰਿਆਂ, ਮੁਲਕਾਂ ਦੇ ਲੋਕਾਂ ਦੀ ਆਮਦ ਵੀ ਵੱਖਰਾ ਨਜ਼ਾਰਾ ਪੇਸ਼ ਕਰ ਰਹੀ ਸੀ। ਸੈਲਾਨੀਆਂ ਦੀ ਉਤਸੁਕਤਾ ਨੂੰ ਦੇਖਦਿਆਂ ਵਲੰਟੀਅਰ ਉਹਨਾਂ ਨੂੰ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਰਹੇ।
'FATF ਦੀ ਗ੍ਰੇ ਲਿਸਟ 'ਚੋਂ ਬਾਹਰ ਨਿਕਲਣ ਲਈ ਪਾਕਿ ਨੂੰ ਹੋਰ ਕਦਮ ਚੁੱਕਣੇ ਪੈਣਗੇ'
NEXT STORY