ਲੰਡਨ (ਰਾਜਵੀਰ ਸਮਰਾ)— ਯੂਰਪੀ ਸੰਘ ਤੋਂ ਬਰਤਾਨੀਆ ਨੂੰ ਵੱਖ ਹੋਣ ਦੀ ਪ੍ਰਕਿਰਿਆ 'ਚ ਦੇਰੀ ਹੋ ਰਹੀ ਹੈ, ਜਿਸ ਕਰਕੇ 23 ਮਈ ਨੂੰ ਯੂਰਪੀਅਨ ਸੰਸਦੀ ਚੋਣਾਂ 'ਚ ਯੂ.ਕੇ. ਨੂੰ ਹਿੱਸਾ ਲੈਣਾ ਪਵੇਗਾ। ਭਾਵੇਂਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਲੇਬਰ ਪਾਰਟੀ ਤੋਂ ਬ੍ਰੈਗਜ਼ਿਟ ਲਈ ਲਗਾਤਾਰ ਸਹਿਯੋਗ ਮੰਗਿਆ ਜਾ ਰਿਹਾ ਹੈ ਅਤੇ ਉਹ ਲੋਕਾਂ ਵਲੋਂ ਜਨਮਤ ਰਾਹੀਂ ਦਿੱਤੇ ਫ਼ੈਸਲੇ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨਾ ਚਾਹੁੰਦੀ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਸਫ਼ਲਤਾ ਨਹੀਂ ਮਿਲੀ।
ਕੈਬਨਿਟ ਮੰਤਰੀ ਡੇਵਿਡ ਲਿਡਿੰਗਟਨ ਨੇ ਕਿਹਾ ਹੈ ਕਿ 23 ਮਈ ਤੋਂ ਪਹਿਲਾਂ ਬ੍ਰੈਗਜ਼ਿਟ ਦਾ ਨੇਪਰੇ ਚੜ੍ਹਨਾ ਮੁਸ਼ਕਿਲ ਹੈ। ਇਸ ਕਰਕੇ ਜ਼ਰੂਰੀ ਹੈ ਕਿ 23 ਮਈ ਨੂੰ ਹੋਣ ਵਾਲੀਆਂ ਯੂਰਪੀਅਨ ਸੰਸਦੀ ਚੋਣਾਂ 'ਚ ਹਿੱਸਾ ਲਿਆ ਜਾਵੇ। ਦੂਸਰੇ ਪਾਸੇ ਯੂ.ਕੇ. ਵਲੋਂ ਇਸ ਦੀਆਂ ਤਿਆਰੀਆਂ ਪਹਿਲਾਂ ਹੀ ਕੀਤੀਆਂ ਗਈਆਂ ਹਨ ਅਤੇ ਕੌਂਸਲਰਾਂ ਵਲੋਂ ਲੋਕਾਂ ਦੇ ਘਰਾਂ 'ਚ ਉਨ੍ਹਾਂ ਦੀਆਂ ਵੋਟਾਂ ਡਾਕ ਰਾਹੀਂ ਭੇਜ ਵੀ ਦਿੱਤੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੌਂਸਲ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਦੀ ਖ਼ਰਾਬ ਕਾਰਗੁਜ਼ਾਰੀ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਥੈਰੇਸਾ ਮੇਅ 'ਤੇ ਅਸਤੀਫ਼ੇ ਲਈ ਦਬਾਅ ਵੱਧ ਰਿਹਾ ਹੈ। ਕੁਝ ਸੂਤਰਾਂ ਮੁਤਾਬਕ ਯੂਰਪੀਅਨ ਸੰਸਦੀ ਚੋਣਾਂ ਬਾਅਦ ਉਹ ਕਿਸੇ ਵੇਲੇ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਸਕਦੀ ਹੈ।
ਇੰਗਲੈਂਡ 'ਚ ਪ੍ਰੋਗਰਾਮ ਦੌਰਾਨ ਅਸ਼ੋਕ ਪ੍ਰਿੰਸ ਤੇ ਤਜਿੰਦਰ ਤੇਜੀ ਨੇ ਲਾਈਆਂ ਰੌਣਕਾਂ
NEXT STORY