Fact Cheak by Boom
ਲਾਸ ਏਂਜਲਸ- ਅਮਰੀਕੀ ਪੌਪ ਗਾਇਕਾ ਟੇਲਰ ਸਵਿਫਟ ਦਾ ਇੱਕ ਡੀਪਫੇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਲਾਸ ਏਂਜਲਸ ਵਿੱਚ ਲੱਗੀ ਅੱਗ ਨੂੰ ਗਾਜ਼ਾ 'ਤੇ ਕਾਰਵਾਈ ਲਈ ਰੱਬ ਦੀ ਸਜ਼ਾ ਦੱਸ ਰਹੀ ਹੈ।
ਬੂਮ ਨੇ ਫੈਕਟ ਚੈੱਕ ਵਿੱਚ ਪਾਇਆ ਗਿਆ ਕਿ ਵੀਡੀਓ ਨੂੰ ਡੀਪਫੇਕ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਕਈ ਡੀਪਫੇਕ ਵਿਸ਼ਲੇਸ਼ਣ ਟੂਲ 'ਤੇ ਵੀਡੀਓ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਵੀਡੀਓ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਹੇਰਾਫੇਰ ਕੀਤਾ ਗਿਆ ਹੈ।
ਅਸਲ ਵੀਡੀਓ 12 ਨਵੰਬਰ 2021 ਨੂੰ ਪ੍ਰਸਾਰਿਤ ਹੋਏ Tonight Show starring Jimmy Fallon ਦਾ ਹੈ, ਜਿਸ ਵਿਚ ਟੇਲਰ ਸਵਿਫਟ ਸ਼ਾਮਲ ਹੋਈ ਸੀ। ਇਹ ਐਪੀਸੋਡ ਲਾਸ ਏਂਜਲਸ ਦੀ ਅੱਗ ਅਤੇ ਗਾਜ਼ਾ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਹੁਤ ਪਹਿਲਾਂ ਬ੍ਰਾਡਕਾਸਟ ਹੋਇਆ ਸੀ।
ਅਮਰੀਕਾ ਦੇ ਪੱਛਮੀ ਤੱਟਵਰਤੀ ਲਾਸ ਏਂਜਲਸ ਖੇਤਰ ਵਿੱਚ ਜੰਗਲ ਦੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਇਸ ਦੌਰਾਨ ਮੌਸਮ ਵਿਗਿਆਨੀਆਂ ਨੇ ਇਸ ਹਫ਼ਤੇ ਦੁਬਾਰਾ ਤੇਜ਼ ਹਵਾਵਾਂ ਕਾਰਨ ਅੱਗ ਦੇ ਹੋਰ ਵੀ ਭਿਆਨਕ ਰੂਪ ਲੈਣ ਦੀ ਚੇਤਾਵਨੀ ਦਿੱਤੀ ਹੈ।
ਜੰਗਲ ਦੀ ਭਿਆਨਕ ਅੱਗ ਬਾਰੇ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਇਸ ਦੌਰਾਨ ਟੇਲਰ ਸਵਿਫਟ ਦਾ ਡੀਪਫੇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਉਹ ਅੰਗਰੇਜ਼ੀ ਵਿੱਚ ਕਹਿੰਦੀ ਹੋਈ ਨਜ਼ਰ ਆ ਰਹੀ ਹੈ, "ਇਜ਼ਰਾਈਲ ਨੇ ਡੇਢ ਸਾਲ ਤੱਕ ਅਮਰੀਕੀ ਟੈਕਸਦਾਤਾਵਾਂ ਦੁਆਰਾ ਵਿਤ-ਪੋਸ਼ਿਤ ਮਿਜ਼ਾਈਲਾਂ ਨਾਲ ਗਾਜ਼ਾ 'ਤੇ ਹਮਲਾ ਕੀਤਾ। ਹਾਲਾਂਕਿ, ਸਿਰਫ਼ 2 ਦਿਨਾਂ 'ਚ ਈਸ਼ਵਰ ਦੇ ਪ੍ਰਤੀਸ਼ੋਧ ਨੇ ਸੰਯੁਕਤ ਰਾਜ ਅਮਰੀਕਾ ਨੂੰ ਕੁਦਰਤੀ ਆਫ਼ਤ ਵਜੋਂ ਲਪੇਟ 'ਚ ਲਿਆ ਅਤੇ ਗਾਜ਼ਾ ਤੋਂ ਵੀ ਵੱਡੇ ਖੇਤਰ ਨੂੰ ਤਬਾਹ ਕਰ ਦਿੱਤਾ। ਇਹ ਘਟਨਾ ਨਿਆਂ ਅਤੇ ਜ਼ੁਲਮ ਦਾ ਸਮਰਥਨ ਕਰਨ ਦੇ ਨਤੀਜਿਆਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।"
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਯੂਜ਼ਰ ਨੇ ਫਰਜ਼ੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਹੁਣ ਗੈਰ-ਮੁਸਲਮਾਨ ਵੀ ਖੁੱਲ੍ਹ ਕੇ ਐਲਾਨ ਕਰ ਰਹੇ ਹਨ ਕਿ ਲਾਸ ਏਂਜਲਸ ਅਤੇ ਕੈਲੀਫੋਰਨੀਆ ਵਿੱਚ ਲੱਗੀ ਅੱਗ ਅਸਲ ਵਿੱਚ ਰੱਬ ਦੀ ਸਜ਼ਾ ਅਤੇ ਰੱਬ ਦਾ ਬਦਲਾ ਹੈ। ਇਹ ਅਮਰੀਕੀ ਖਾਤੂਨ ਇਸ ਅੱਗ ਨੂੰ ਗਾਜ਼ਾ ਵਿੱਚ ਹੋਏ ਜ਼ਾਲਮ ਇਜ਼ਰਾਈਲੀ ਕਤਲੇਆਮ ਅਤੇ ਅਮਰੀਕੀ ਵਿੱਤੀ ਸਹਾਇਤਾ ਦਾ ਨਤੀਜਾ ਮੰਨਦੀ ਹੈ।'
ਫੈਕਟ ਚੈੱਕ
ਲਾਸ ਏਂਜਲਸ ਦੀ ਅੱਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਟੇਲਰ ਸਵਿਫਟ ਦੀ ਵੀਡੀਓ ਫੇਕ ਹੈ। ਬੂਮ ਨੇ ਫੈਕਟ ਚੈੱਕ ਵਿੱਚ ਪਾਇਆ ਗਿਆ ਕਿ ਇਸਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਅਸਲ ਵੀਡੀਓ ਨਵੰਬਰ 2021 ਦਾ ਹੈ।
ਅਸੀਂ ਦਾਅਵੇ ਦੀ ਪੁਸ਼ਟੀ ਕਰਨ ਲਈ ਸੰਬੰਧਿਤ ਕੀਵਰਡਸ ਦੀ ਵਰਤੋਂ ਕਰਕੇ ਗੂਗਲ 'ਤੇ ਖੋਜ ਕੀਤੀ ਪਰ ਸਾਨੂੰ ਅਜਿਹੀ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ, ਜਿਵੇਂ ਕਿ ਵਾਇਰਲ ਵੀਡੀਓ ਵਿਚ ਕਿਹਾ ਜਾ ਰਿਹਾ ਹੈ।
ਇਸ ਤੋਂ ਬਾਅਦ ਅਸੀਂ ਵੀਡੀਓ ਦੇ ਕੀਫਰੇਮ ਲੈ ਕੇ ਰਿਵਰਸ ਇਮੇਜ ਸਰਚ ਰਾਹੀਂ ਪਤਾ ਲਗਾਇਆ ਕਿ ਇਹ ਅਮਰੀਕੀ ਟਾਕ ਸ਼ੋਅ Tonight Show starring Jimmy Fallon ਦਾ ਹੈ, ਜਿਸ ਦੇ 12 ਨਵੰਬਰ 2021 ਦੇ ਐਪੀਸੋਡ ਵਿੱਚ ਟੇਲਰ ਸਵਿਫਟ ਨਜ਼ਰ ਆਈ ਸੀ।
ਅਸੀਂ ਵਾਇਰਲ ਵੀਡੀਓ ਦੇ ਕੁਝ ਕੀਫਰੇਮ ਦੀ ਤੁਲਨਾ ਟਾਕ ਸ਼ੋਅ ਦੇ ਯੂਟਿਊਬ ਵੀਡੀਓ ਨਾਲ ਕੀਤੀ ਅਤੇ ਪਾਇਆ ਕਿ ਗਾਇਕ ਦੇ ਕੱਪੜੇ, ਮੇਕਅੱਪ, ਗਹਿਣੇ ਅਤੇ ਬੈਕਗਰਾਊਂਡ ਸੈਟਿੰਗ ਇੱਕੋ ਵਰਗੀ ਹੀ ਹੈ।
ਡੀਪਫੇਕ ਡਿਟੈਕਸ਼ਨ ਟੂਲਸ ਦੀ ਵਰਤੋਂ ਜ਼ਰੀਏ ਪੜਤਾਲ
ਇਸ ਤੋਂ ਸੰਕੇਤ ਮਿਲਿਆ ਕਿ ਟੇਲਰ ਸਵਿਫਟ ਦੇ ਜਿੰਮੀ ਫੈਲਨ ਦੇ ਟਾਕ ਸ਼ੋਅ ਵੀਡੀਓ ਨਾਲ ਛੇੜਛਾੜ ਕਰਕੇ ਐਡਿਟ ਕੀਤਾ ਗਿਆ ਹੈ। ਅਸਲ ਵੀਡੀਓ ਲਾਸ ਏਂਜਲਸ ਦੀ ਅੱਗ ਅਤੇ ਗਾਜ਼ਾ 'ਤੇ ਇਜ਼ਰਾਈਲ ਦੇ ਹਮਲੇ ਤੋਂ ਕਾਫ਼ੀ ਪਹਿਲਾਂ ਦਾ ਹੈ। ਇਜ਼ਰਾਈਲ ਨੇ 7 ਅਕਤੂਬਰ 2023 ਨੂੰ ਗਾਜ਼ਾ 'ਤੇ ਆਪਣਾ ਪਹਿਲਾ ਹਵਾਈ ਹਮਲਾ ਕੀਤਾ ਸੀ।
ਅਸੀਂ ਹੋਰ ਪੜਤਾਲ ਲਈ ਡੀਪਫੇਕ ਵਿਸ਼ਲੇਸ਼ਣ ਯੂਨਿਟ (DAU) ਦੇ ਆਪਣੇ ਭਾਈਵਾਲ ਦੀ ਮਦਦ ਲਈ, ਜਿਨ੍ਹਾਂ ਨੇ ਸਾਨੂੰ ਵੀਡੀਓ ਵਿੱਚ AI ਦੀ ਵਰਤੋਂ ਕਰਕੇ ਆਡੀਓ ਹੇਰਾਫੇਰ ਦੇ ਠੋਸ ਸਬੂਤ ਪ੍ਰਦਾਨ ਕੀਤੇ। DAU ਦੇ ਅਨੁਸਾਰ, ਡੀਪਫੇਕ ਆਡੀਓ ਡਿਟੈਕਸ਼ਨ ਟੂਲ Hiya AI ਨੇ ਆਡੀਓ ਟਰੈਕ ਦੇ AI ਦੁਆਰਾ ਤਿਆਰ ਕੀਤੇ ਜਾਣ ਦੀ 99 ਫੀਸਦੀ ਸੰਭਾਵਨਾ ਜਤਾਈ।
ਇਸ ਤੋਂ ਇਲਾਵਾ Hive Moderation ਦੇ AI ਆਡੀਓ ਡਿਟੈਕਸ਼ਨ ਟੂਲ ਨੇ ਵੀਡੀਓ ਦੇ ਪਹਿਲੇ 20 ਸਕਿੰਟਾਂ ਵਿੱਚ AI ਵੌਇਸ ਕਲੋਨਿੰਗ ਦੀ ਵਰਤੋਂ ਕੀਤੇ ਜਾਣ ਦੀ ਮਜ਼ਬੂਤ ਸੰਭਾਵਨਾ ਦਾ ਸੰਕੇਤ ਦਿੱਤਾ।
ਅਸੀਂ ਅੱਗੇ ਆਡੀਓ ਦੀ University at Buffalo ਦੇ ਮੀਡੀਆ ਫੋਰੈਂਸਿਕ ਲੈਬ ਦੇ ਡੀਪਫੇਕ ਡਿਟੈਕਸ਼ਨ ਟੂਲਸ ਰਾਹੀਂ ਵੀ ਜਾਂਚ ਕੀਤੀ, ਜਿਸ ਦੇ ਦੋ AI ਵੀਡੀਓ ਡਿਟੈਕਸ਼ਨ ਮਾਡਲ LIPINC (2024) ਅਤੇ WAV2LIP-STA (2022) ਨੇ ਵੀਡੀਓ ਵਿਚ ਹੇਰਾਫੇਰ ਕਰਨ ਲਈ AI ਦੀ ਵਰਤੋਂ ਕੀਤੇ ਜਾਣ ਦਾ ਕ੍ਰਮਵਾਰ 85 ਫੀਸਦੀ ਅਤੇ 87.4 ਫੀਸਦੀ ਸੰਭਾਵਨਾ ਦੱਸੀ।
(Disclaimer: ਇਹ ਫੈਕਟ ਮੂਲ ਤੌਰ 'ਤੇ Boomlive News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Fact Check: ਅਮਰੀਕਾ 'ਚ ਅੱਗ ਦੀਆਂ ਲਪਟਾਂ ਤੋਂ ਖਰਗੋਸ਼ ਦਾ ਰੈਸਕਿਊ, ਜਾਣੋ ਵੀਡੀਓ ਦੀ ਸੱਚਾਈ
NEXT STORY