ਰੋਮ (ਏਪੀ) : ਅਮਰੀਕੀ ਸੰਘੀ ਜਾਂਚ ਬਿਊਰੋ (ਐੱਫਬੀਆਈ) ਨੇ ਉੱਤਰੀ ਕੋਰੀਆ ਨਾਲ ਜੁੜੇ ਹੈਕਰਾਂ 'ਤੇ ਦੁਬਈ ਸਥਿਤ ਇੱਕ ਕੰਪਨੀ ਤੋਂ ਲਗਭਗ ਡੇਢ ਅਰਬ ਅਮਰੀਕੀ ਡਾਲਰ ਦੀ ਕੀਮਤ ਦੇ ਈਥਰਿਅਮ (ਇੱਕ ਕਿਸਮ ਦੀ ਕ੍ਰਿਪਟੋਕਰੰਸੀ) ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਐੱਫਬੀਆਈ ਨੇ ਇਸਨੂੰ ਵਿਸ਼ਵ ਪੱਧਰ 'ਤੇ ਕ੍ਰਿਪਟੋਕਰੰਸੀ (ਵਰਚੁਅਲ ਕਰੰਸੀ) ਦੀ ਸਭ ਤੋਂ ਵੱਡੀ ਜਨਤਕ ਤੌਰ 'ਤੇ ਜਾਣੀ ਜਾਂਦੀ ਚੋਰੀ ਵਿੱਚੋਂ ਇੱਕ ਦੱਸਿਆ ਹੈ।
ਏਜੰਸੀ ਦੇ ਅਨੁਸਾਰ, 'ਟ੍ਰੇਡਰ ਟ੍ਰੈਟਰ' ਅਤੇ 'ਲਾਜ਼ਰਸ ਗਰੁੱਪ' ਸਮੂਹਾਂ ਦੇ ਹੈਕਰਾਂ ਨੇ ਫਰਵਰੀ ਦੇ ਸ਼ੁਰੂ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ, ਬਾਈਬਿਟ ਨੂੰ ਨਿਸ਼ਾਨਾ ਬਣਾਇਆ। ਬਾਈਬਿਟ ਨੇ ਕਿਹਾ ਕਿ ਹੈਕਰਾਂ ਨੇ "ਕੋਲਡ" ਜਾਂ ਆਫਲਾਈਨ ਵਾਲਿਟ ਰਾਹੀਂ ਈਥਰਿਅਮ ਦੇ ਨਿਯਮਤ ਟ੍ਰਾਂਸਫਰ ਵਿਚ "ਹੇਰਾਫੇਰੀ" ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਬਲਾਕਚੈਨਾਂ 'ਤੇ ਹਜ਼ਾਰਾਂ ਅਣਜਾਣ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ। ਐੱਫਬੀਆਈ ਨੇ ਕਿਹਾ ਕਿ ਹੈਕਰ "ਕ੍ਰਿਪਟੋਕਰੰਸੀ ਟ੍ਰੇਡਿੰਗ ਐਪਲੀਕੇਸ਼ਨਾਂ ਰਾਹੀਂ ਮਾਲਵੇਅਰ (ਵਾਇਰਸ) ਪਾ ਕੇ ਕ੍ਰਿਪਟੋਕਰੰਸੀ ਚੋਰੀ ਕਰਦੇ ਹਨ ਜੋ ਵਰਚੁਅਲ ਕਰੰਸੀ ਦੀ ਚੋਰੀ ਨੂੰ ਆਸਾਨ ਬਣਾਉਂਦੇ ਹਨ।" ਏਜੰਸੀ ਨੇ ਬੁੱਧਵਾਰ ਰਾਤ ਨੂੰ ਇੱਕ ਆਨਲਾਈਨ ਜਨਤਕ ਘੋਸ਼ਣਾ ਵਿੱਚ ਕਿਹਾ ਕਿ ਉਸਦਾ ਮੰਨਣਾ ਹੈ ਕਿ ਚੋਰੀ ਦੇ ਪਿੱਛੇ ਉੱਤਰੀ ਕੋਰੀਆ-ਸਮਰਥਿਤ ਹੈਕਰਾਂ ਦਾ ਹੱਥ ਹੈ।
ਘੋਸ਼ਣਾ ਦੇ ਅਨੁਸਾਰ, "ਟ੍ਰੇਡਰ ਟ੍ਰੇਟਰ ਹੈਕਰਾਂ ਨੇ ਤੇਜ਼ੀ ਨਾਲ ਕੰਮ ਕੀਤਾ ਅਤੇ ਕਈ ਬਲਾਕਚੈਨਾਂ 'ਤੇ ਹਜ਼ਾਰਾਂ ਅਗਿਆਤ ਖਾਤਿਆਂ ਰਾਹੀਂ ਚੋਰੀ ਕੀਤੇ ਗਏ ਕੁਝ ਈਥਰਿਅਮ ਨੂੰ ਬਿਟਕੋਇਨ ਅਤੇ ਹੋਰ ਵਰਚੁਅਲ ਮੁਦਰਾਵਾਂ ਵਿੱਚ ਬਦਲ ਦਿੱਤਾ।" 'ਬਲਾਕਚੇਨ' ਇੱਕ ਸਾਂਝਾ ਡਿਜੀਟਲ ਲੇਜਰ ਹੈ ਜੋ ਇੱਕ ਪਲੇਟਫਾਰਮ 'ਤੇ ਵਰਚੁਅਲ ਮੁਦਰਾ ਲੈਣ-ਦੇਣ ਨੂੰ ਟਰੈਕ ਤੇ ਰਿਕਾਰਡ ਕਰਦਾ ਹੈ। ਐੱਫਬੀਆਈ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਵਰਚੁਅਲ ਮੁਦਰਾਵਾਂ ਹੋਰ ਮੁਦਰਾਵਾਂ 'ਚ ਬਦਲੀਆਂ ਜਾਂਦੀਆਂ ਹਨ ਤੇ ਅੰਤ 'ਚ ਕਾਨੂੰਨੀ ਟੈਂਡਰ 'ਚ ਬਦਲੀਆਂ ਜਾਂਦੀਆਂ ਹਨ।"
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਅਜੇ ਤੱਕ ਚੋਰੀ ਦੀ ਰਿਪੋਰਟ ਜਾਂ ਐੱਫਬੀਆਈ ਦੇ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲਾਂਕਿ, ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਦਾ ਦਾਅਵਾ ਹੈ ਕਿ ਉੱਤਰੀ ਕੋਰੀਆ ਨੇ ਪਿਛਲੇ ਪੰਜ ਸਾਲਾਂ ਵਿੱਚ ਅੰਦਾਜ਼ਨ 1.2 ਬਿਲੀਅਨ ਅਮਰੀਕੀ ਡਾਲਰ ਦੀ ਕ੍ਰਿਪਟੋਕਰੰਸੀ ਅਤੇ ਹੋਰ ਵਰਚੁਅਲ ਸੰਪਤੀਆਂ ਚੋਰੀ ਕੀਤੀਆਂ ਹਨ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੀ ਇੱਕ ਕਮੇਟੀ ਨੇ ਕਿਹਾ ਕਿ ਉਹ 2017 ਅਤੇ 2023 ਵਿਚਕਾਰ ਉੱਤਰੀ ਕੋਰੀਆ ਵੱਲੋਂ ਕਥਿਤ ਤੌਰ 'ਤੇ ਕੀਤੇ ਗਏ 58 ਸਾਈਬਰ ਹਮਲਿਆਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ "ਦੇਸ਼ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਸਮਰਥਨ ਦੇਣ ਲਈ" ਲਗਭਗ 3 ਬਿਲੀਅਨ ਡਾਲਰ ਦੀ ਚੋਰੀ ਕੀਤੀ ਸੀ।
ਬਾਈਬਿਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬੇਨ ਝੌ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਇਸ ਘਟਨਾ ਦੀ ਪੁਸ਼ਟੀ ਕੀਤੀ। ਉਸਨੇ ਪੋਸਟ ਦੇ ਨਾਲ ਇੱਕ ਵੈੱਬਸਾਈਟ ਦਾ ਲਿੰਕ ਸਾਂਝਾ ਕੀਤਾ ਜਿਸ ਨੇ ਚੋਰੀ ਹੋਈ ਵਰਚੁਅਲ ਕਰੰਸੀ ਦਾ ਪਤਾ ਲਗਾਉਣ ਅਤੇ ਇਸਨੂੰ ਹੋਰ ਐਕਸਚੇਂਜਾਂ ਦੁਆਰਾ 'ਫ੍ਰੀਜ਼' ਕਰਵਾਉਣ ਲਈ 140 ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਪੀਨ 'ਚ ਅੱਗ ਲੱਗਣ ਕਾਰਨ ਤਿੰਨ ਮੰਜ਼ਿਲਾ ਇਮਾਰਤ ਖਾਕ, 8 ਲੋਕਾਂ ਦੀ ਮੌਤ
NEXT STORY