ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਸੋਸ਼ਲ ਮੀਡੀਆ ’ਤੇ ਫੌਜ ਬਾਰੇ ਮਾੜਾ ਪ੍ਰਚਾਰ ਕਰਨ ’ਚ ਸ਼ਾਮਲ ਲੋਕਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੇ ਕਥਿਤ ਰੂਪ ਨਾਲ ਦਾਅਵਾ ਕੀਤਾ ਸੀ ਕਿ ਫੌਜ ਨੇ ਹਮਦਰਦੀ ਹਾਸਲ ਕਰਨ ਲਈ ਹਾਲ ਹੀ ’ਚ ਹੋਏ ਇਕ ਹੈਲੀਕਾਪਟਰ ਹਾਦਸੇ ਦੀ ਸਾਜ਼ਿਸ਼ ਰਚੀ ਸੀ, ਜਿਸ ’ਚ ਛੇ ਸੀਨੀਅਰ ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ।
ਇਕ ਅਗਸਤ ਨੂੰ ਬਲੂਚਿਸਤਾਨ ਸੂਬੇ ’ਚ ਹੜ੍ਹ ਰਾਹਤ ਮੁਹਿੰਮ ਦੌਰਾਨ ਖ਼ਰਾਬ ਮੌਸਮ ਕਾਰਨ ਪਾਕਿ ਫੌਜ ਦਾ ਐੱਮ. ਆਈ.-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ’ਚ ਇਕ ਸੀਨੀਅਰ ਜਨਰਲ ਤੇ 5 ਫੌਜੀ ਅਧਿਕਾਰੀਆਂ ਦੀ ਜਾਨ ਚਲੀ ਗਈ ਸੀ। ਹਾਦਸੇ ਤੋਂ ਬਾਅਦ ਕੁਝ ਟਵੀਟ ਕੀਤੇ ਗਏ ਸਨ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨੀ ਫੌਜ ਨੇ ਹਮਦਰਦੀ ਹਾਸਲ ਕਰਨ ਲਈ ਹਾਦਸੇ ਦੀ ਸਾਜ਼ਿਸ਼ ਰਚੀ ਸੀ।
ਇਹ ਖ਼ਬਰ ਵੀ ਪੜ੍ਹੋ : ਹੈਕਰਾਂ ਦਾ ਕਾਰਾ, ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ 'ਤੇ ਲਗਾ ਦਿੱਤਾ ਚੀਨ ਦਾ ਝੰਡਾ
ਹੈਲੀਕਾਪਟਰ ਹਾਦਸੇ ’ਚ ਮਾਰੇ ਗਏ ਛੇ ਲੋਕਾਂ ’ਚ 12ਵੀਂ ਕੋਰ ਦੇ ਕਮਾਂਡਰ ਜਨਰਲ ਸਰਫਰਾਜ਼ ਅਲੀ ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਐਤਵਾਰ ਨੂੰ ਕਿਹਾ ਕਿ ਸ਼ਹੀਦਾਂ ਦੇ ਬਲਿਦਾਨ ਦਾ ਅਪਮਾਨ ਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਣਾ ਡਰਾਉਣਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਐੱਫ. ਆਈ. ਏ. ਹਰਕਤ ’ਚ ਆ ਗਈ। ਪ੍ਰਧਾਨ ਮੰਤਰੀ ਦੇ ਟਵੀਟ ਦੇ ਕੁਝ ਘੰਟਿਆਂ ਬਾਅਦ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਪੁਸ਼ਟੀ ਕੀਤੀ ਕਿ ਐੱਫ. ਆਈ. ਏ. ਸੋਸ਼ਲ ਮੀਡੀਆ ’ਤੇ ਚਲਾਏ ਜਾ ਰਹੇ ਮਾੜੇ ਪ੍ਰਚਾਰ ਦੀ ਮੁਹਿੰਮ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰੇਗੀ।
ਉਨ੍ਹਾਂ ਕਿਹਾ ਕਿ ਐੱਫ. ਆਈ. ਏ. ਦੀ ਸਾਈਬਰ ਅਪਰਾਧ ਸ਼ਾਖਾ ਦੇ ਵਧੀਕ ਡਾਇਰੈਕਟਰ ਜਨਰਲ ਮੁਹੰਮਦ ਜ਼ਫਰ ਤੇ ਡਾਇਰੈਕਟਰ (ਸਾਈਬਰ ਅਪਰਾਧ, ਉੱਤਰ) ਵਕਾਰੂਦੀਨ ਸਈਦ ਸਮੇਤ ਚਾਰ ਅਧਿਕਾਰੀ ਟੀਮ ਦੇ ਮੈਂਬਰ ਹੋਣਗੇ। ਹਾਲਾਂਕਿ ਇਹ ਪਤਾ ਨਹੀਂ ਲੱਗਾ ਹੈ ਕਿ ਮੁਹਿੰਮ ਕਿਸ ਦੇ ਸਮਰਥਨ ਨਾਲ ਚਲਾਈ ਜਾ ਰਹੀ ਸੀ ਪਰ ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਤੇ ਉਸ ਦੇ ਮੁਖੀ ਇਮਰਾਨ ਖ਼ਾਨ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਉਥੇ ਪੀ. ਟੀ. ਆਈ. ਨੇਤਾਵਾਂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੈਕਰਾਂ ਦਾ ਕਾਰਾ, ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ 'ਤੇ ਲਗਾ ਦਿੱਤਾ ਚੀਨ ਦਾ ਝੰਡਾ
NEXT STORY