ਇਸਲਾਮਾਬਾਦ - ਪਾਕਿਸਤਾਨ ਦੇ ਸਿੰਧ ਸੂਬੇ ਵਿਚ ਕਣਕ ਦਾ ਭਾਰੀ ਸੰਕਟ ਪੈਦਾ ਹੋ ਗਿਆ ਹੈ। ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਨੇ ਖੁੱਲ੍ਹੇ ਬਾਜ਼ਾਰ ਵਿਚ ਕਣਕ ਦੀਆਂ ਵਧਦੀਆਂ ਕੀਮਤਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਹ ਪੂਰੀ ਸਥਿਤੀ ਸਰਕਾਰ ਦੀ ਉਸ ਨਾਕਾਮੀ ਨੂੰ ਉਜਾਗਰ ਕਰਦੀ ਹੈ, ਜਿੱਥੇ ਉਹ ਬਾਜ਼ਾਰ ਵਿਚ ਜਮ੍ਹਾਖੋਰਾਂ ਅਤੇ ਮੁਨਾਫ਼ਾਖੋਰਾਂ ’ਤੇ ਲਗਾਮ ਕੱਸਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।
4 ਜੂਨ ਤੱਕ ਖ਼ੁਰਾਕ ਵਿਭਾਗ ਨੇ 10 ਲੱਖ ਮੀਟ੍ਰਿਕ ਟਨ ਦੇ ਟੀਚੇ ਦੇ ਮੁਕਾਬਲੇ ਕੇਵਲ 79,835.66 ਮੀਟ੍ਰਿਕ ਟਨ ਕਣਕ ਦੀ ਹੀ ਖ਼ਰੀਦ ਕੀਤੀ ਹੈ, ਜੋ ਕਿ ਟੀਚੇ ਦੇ 8 ਫੀਸਦੀ ਤੋਂ ਵੀ ਘੱਟ ਹੈ। ਸਰਕਾਰ ਵੱਲੋਂ ਤੈਅ ਕੀਤਾ ਗਿਆ ਸਮਰਥਨ ਮੁੱਲ (3,500 ਪਾਕਿਸਤਾਨੀ ਰੁਪਏ ਪ੍ਰਤੀ 40 ਕਿੱਲੋ) ਬਾਜ਼ਾਰ ਦੇ ਭਾਅ ਨਾਲੋਂ ਕਾਫ਼ੀ ਘੱਟ ਸੀ। ਇਸ ਕਾਰਨ ਕਿਸਾਨਾਂ ਨੇ ਆਪਣੀ ਕਣਕ ਸਰਕਾਰੀ ਏਜੰਸੀਆਂ ਨੂੰ ਵੇਚਣ ਦੀ ਬਜਾਏ ਨਿੱਜੀ ਖ਼ਰੀਦਦਾਰਾਂ ਨੂੰ ਉੱਚੇ ਭਾਅ ’ਤੇ ਵੇਚਣਾ ਬਿਹਤਰ ਸਮਝਿਆ।
ਆਮ ਜਨਤਾ ’ਤੇ ਮਹਿੰਗਾਈ ਦੀ ਮਾਰ
ਸਰਕਾਰੀ ਖ਼ਰੀਦ ਨਾ ਹੋਣ ਅਤੇ ਨਿੱਜੀ ਖ਼ਰੀਦਦਾਰਾਂ ਦੇ ਦਬਦਬੇ ਕਾਰਨ ਪੂਰੇ ਦੇਸ਼ ਵਿਚ ਖੁੱਲ੍ਹੇ ਬਾਜ਼ਾਰ ’ਚ ਕਣਕ ਦੀਆਂ ਕੀਮਤਾਂ 25 ਫੀਸਦੀ ਤੱਕ ਵਧ ਗਈਆਂ ਹਨ। ਕਰਾਚੀ ਵਿਚ ਕਣਕ ਦੀ ਕੀਮਤ 11,100 ਰੁਪਏ ਪ੍ਰਤੀ 100 ਕਿੱਲੋਗ੍ਰਾਮ ਤੱਕ ਪਹੁੰਚ ਗਈ ਹੈ। ਹੈਦਰਾਬਾਦ ਵਿਚ ਇਹ ਕੀਮਤ 10,900 ਰੁਪਏ ਤੱਕ ਹੈ। ਇਸ ਸਭ ਦੇ ਨਤੀਜੇ ਵਜੋਂ ਆਟੇ ਦੀ ਰਿਟੇਲ ਕੀਮਤ 135 ਤੋਂ 140 ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਪਹੁੰਚ ਗਈ ਹੈ। ਇਹ ਸਰਕਾਰ ਵੱਲੋਂ ਤੈਅ ਕੀਤੀ ਗਈ ਸਬਸਿਡੀ ਵਾਲੀ ਕੀਮਤ (107 ਰੁਪਏ ਪ੍ਰਤੀ ਕਿੱਲੋ) ਤੋਂ ਕਿਤੇ ਵੱਧ ਹੈ, ਜਿਸ ਦਾ ਸਿੱਧਾ ਅਤੇ ਸਭ ਤੋਂ ਮਾੜਾ ਅਸਰ ਘੱਟ ਆਮਦਨ ਵਾਲੇ ਪਰਿਵਾਰਾਂ ’ਤੇ ਪੈ ਰਿਹਾ ਹੈ।
ਫਲਾਂ ਦਾ ਰਾਜਾ ਅੰਬ ਦੀ ਅਮਰੀਕਾ ’ਚ ਧੂਮ, ਭਾਰਤੀ ਕੌਂਸਲੇਟ ਨੇ ਪੇਸ਼ ਕੀਤੀਆਂ 7 ਕਿਸਮਾਂ
NEXT STORY