ਚਿਗਵੈੱਲ (ਰਮਨਦੀਪ ਸੋਢੀ) : ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਮੈਥਵਿਕ ਦੀ ਟੀਮ ਨੇ ਗੱਤਕਾ ਫੈਡਰੇਸ਼ਨ ਯੂ. ਕੇ. ਵੱਲੋਂ ਕਰਵਾਈ ਗਈ 5ਵੀਂ ਇਕ ਦਿਨਾ ਯੂ. ਕੇ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ 12 ਤੋਂ 14 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚਿਗਵੈੱਲ 'ਚ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤਕ ਕਰਵਾਈ ਗਈ ਇਸ ਗੱਤਕਾ ਚੈਂਪੀਅਨਸ਼ਿਪ ਦੇ 15 ਤੋਂ 17 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿਚ ਦਮਦਮੀ ਟਕਸਾਲ ਅਖਾੜਾ ਡਰਬੀ ਦੇ ਅਕਾਸ਼ਦੀਪ ਸਿੰਘ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਮੈਥਵਿਕ ਜਸਲੀਨ ਕੌਰ ਜੇਤੂ ਰਹੀ। ਇਸੇ ਤਰ੍ਹਾਂ 18 ਸਾਲ ਤੋਂ ਉਪਰ ਦੇ ਲੜਕਿਆਂ ਦੇ ਮੁਕਾਬਲੇ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਮੈਥਵਿਕ ਅਖਾੜਾ ਦੇ ਖਿਡਾਰੀ ਜੇਤੂ ਰਹੇ ਜਦਕਿ ਲੜਕੀਆਂ ਦੇ ਵਰਗ ਵਿਚ ਦਮਦਮੀ ਟਕਸਾਲ ਡਰਬੀ ਅਖਾੜਾ ਦੀ ਉਪਦੇਸ਼ ਕੌਰ ਜੇਤੂ ਰਹੀ।
12-14 ਲੜਕੇ ਵਰਗ ਦੇ ਜੇਤੂ ਖਿਡਾਰੀ ਗੁਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਯੂ. ਕੇ. ਤੋਂ ਪਹਿਲਾਂ ਅਸੀਂ ਇਟਲੀ ਰਹਿੰਦੇ ਸੀ। ਅਸੀਂ 2013 ਵਿਚ ਯੂ. ਕੇ. ਆ ਗਏ ਅਤੇ ਇਥੇ ਮੇਰੀ ਮੁਲਾਕਾਤ ਉਸਤਾਦ ਬਾਬਾ ਗੁਰਦੇਵ ਸਿੰਘ ਜੀ ਨਾਲ ਹੋਈ। ਮੈਂ ਉਨ੍ਹਾਂ ਤੋਂ ਸਿੱਖਣਾ ਸ਼ੁਰੂ ਕੀਤਾ ਅਤੇ ਪਿਛਲੇ 4 ਸਾਲ ਤੋਂ ਖੇਡ ਰਿਹਾ ਹਾਂ। ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਦੇਸ਼ 'ਚ ਪਿਛਲੇ 4 ਸਾਲ ਤੋਂ ਚੈਂਪੀਅਨਸ਼ਿਪ ਹੋ ਰਹੀ ਹੈ, ਜਿਸ ਨਾਲ ਸਾਡੀ ਕਲਾ ਨੂੰ ਹੁੰਗਾਰਾ ਮਿਲ ਰਿਹਾ ਹੈ ਅਤੇ ਅਸੀਂ ਆਪਣੇ ਗੁਰੂ ਵਲੋਂ ਦਿੱਤੀ ਕਲਾ ਨੂੰ ਸੰਭਾਲ ਰਹੇ ਹਾਂ।
15-17 ਲੜਕੇ ਵਰਗ ਦੇ ਜੇਤੂ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਮੈਂ ਪਿਛਲੇ ਚਾਰ ਸਾਲ ਤੋਂ ਪੜ੍ਹਾਈ ਨਾਲ ਗੱਤਕਾ ਖੇਡ ਰਿਹਾ ਹਾਂ। ਮੈਂ ਵਿਸਾਖੀ ਵਾਲੇ ਦਿਨ ਗੱਤਕੇ ਦੇ ਜੌਹਰ ਦੇਖੇ ਸਨ, ਬਹੁਤ ਪ੍ਰਭਾਵਿਤ ਹੋਇਆ। ਸੋਚਿਆ ਖੁਦ ਵੀ ਗੱਤਕਾ ਸਿੱਖਣਾ ਹੈ ਅਤੇ ਆਪਣੀ ਇੱਛਾ ਪੂਰਤੀ ਲਈ ਮੈਂ ਯੂ. ਕੇ. ਰਹਿੰਦੇ ਗੱਤਕਾ ਉਸਤਾਦ ਬਾਬਾ ਗੁਰਦੇਵ ਸਿੰਘ ਜੀ ਕੋਲ ਗਿਆ ਅਤੇ ਗੱਤਕੇ ਦੀ ਸਿੱਖਿਆ ਲਈ। ਕਈ ਮੁਕਾਬਲੇ ਜਿੱਤ ਚੁੱਕਾ ਹਾਂ। ਮੇਰਾ ਸੁਪਨਾ ਹੈ ਕਿ ਮੈਂ ਇਸ ਖੇਡ ਨੂੰ ਓਲੰਪਿਕ ਵਿਚ ਖੇਡ ਸਕਾਂ।
ਕੋਟ ਸ੍ਰੀ ਗੁਰੂ ਸਿੰਘ ਸਭਾ ਬਾਰਕਿੰਗ ਅਤੇ ਸੈਵਨ ਕਿੰਗਜ਼ ਸਹਿਯੋਗ ਨਾਲ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚ ਇੰਗਲੈਂਡ ਦੀਆਂ ਪ੍ਰਮੁੱਖ ਟੀਮਾਂ ਨੇ ਹਿੱਸਾ ਲਿਆ। ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਯਤਨਾ ਸਦਕਾ ਹੀ ਉਹ ਲਗਾਤਾਰ ਇਸ ਚੈਂਪੀਅਨਸ਼ਿਪ ਨੂੰ ਕਰਵਾ ਰਹੇ ਹਨ। ਪਹਿਲਾ ਟੂਰਨਾਮੈਂਟ ਗਰੇਵਸੈਂਡ ਸ਼ਹਿਰ ਕੈਂਟ, ਦੂਜਾ ਟੂਰਨਾਮੈਂਟ ਦੇਸ਼ ਦੇ ਉੱਤਰੀ ਹਿੱਸੇ ਡਰਬੀ ਵਿਚ ਕਰਵਾਇਆ ਗਿਆ। ਤੀਸਰਾ ਟੂਰਨਾਮੈਂਟ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਚੌਥੇ ਸਾਲ ਦਾ ਟੂਰਨਾਮੈਂਟ ਮਿਡਲੈਂਡ ਬਰਮਿੰਘਮ ਵਿਚ ਕਰਵਾਇਆ ਗਿਆ ਅਤੇ ਹੁਣ ਪੰਜਵੇਂ ਸਾਲ ਸਿੰਘ ਸਭਾ ਈਸਟ ਲੰਡਨ ਬਾਰਕਿੰਗ ਅਤੇ ਸੈਵਨ ਕਿੰਗਸ ਗੁਰਦੁਆਰਾ ਕਮੇਟੀ ਵਲੋਂ ਕੀਤੀ ਗਈ।
ਤਨਮਨਜੀਤ ਸਿੰਘ ਢੇਸੀ, ਪ੍ਰਧਾਨ ਗੱਤਕਾ ਫੈੱਡਰੇਸ਼ਨ ਯੂ. ਕੇ.
ਹਰਚਰਨ ਸਿੰਘ ਭੁੱਲਰ ਅਤੇ ਗੁਰਜੀਤ ਸਿੰਘ ਗਰੇਵਾਲ ਦੇ ਨਾਲ ਮਿਲ ਕੇ ਅਸੀਂ 2008 ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹਿਲਾ ਗਤਕਾ ਟੂਰਨਾਮੈਂਟ ਸ਼ੁਰੂ ਕੀਤਾ। ਜਿਸ ਵਿਚ ਲੱਗਭਗ 3200 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਹੁਣ ਇਹ ਸਿਲਸਿਲਾ ਯੂ. ਕੇ. ਤੱਕ ਆ ਪੁੱਜਾ ਹੈ ਅਤੇ ਇਥੇ ਵੀ ਪਿਛਲੇ ਪੰਜ ਸਾਲ ਤੋਂ ਸਫਲਤਾਪੂਰਵਕ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਾਡਾ ਮਕਸਦ ਇਸ ਖੇਡ ਨੂੰ ਓਲੰਪਿਕ ਦੇ ਪੱਧਰ ਤਕ ਲੈ ਕੇ ਜਾਣਾ ਹੈ। ਇਸ ਤੋਂ ਪਹਿਲਾਂ ਅਸੀਂ 2009 ਵਿਚ ਮੋਹਾਲੀ ਵਿਖੇ ਗਤਕਾ ਟੂਰਨਾਮੈਂਟ ਕਰਵਾ ਚੁੱਕੇ ਹਾਂ ਅਤੇ ਇਸ ਟੂਰਨਾਮੈਂਟ ਤੋਂ ਬਾਅਦ ਵਰਲਡ ਗੱਤਕਾ ਫੈਡਰੇਸ਼ਨ ਬਣਾਈ ਗਈ ਅਤੇ ਢੀਂਡਸਾ ਨੂੰ ਇਸ ਦੇ ਚੇਅਰਮੈਨ ਬਣਾਇਆ ਗਿਆ। ਫਿਰ ਇੰਡੀਆ ਗਤਕਾ ਫੈਡਰੇਸ਼ਨ ਬਣਾਈ ਗਈ ਅਤੇ ਹਰਚਰਨ ਸਿੰਘ ਭੁੱਲਰ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਸੁਖਬੀਰ ਬਾਦਲ ਵਲੋਂ ਮਾਨਤਾ ਦਿਵਾਏ ਜਾਣ ਤੋਂ ਬਾਅਦ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਵਿਚ ਗੱਤਕਾ ਨੂੰ ਥਾਂ ਮਿਲੀ ਅਤੇ ਹੁਣ ਤਕ 32 ਦੇਸ਼ਾਂ ਵਿਚ ਗੱਤਕਾ ਫੈਡਰੇਸ਼ਨ ਬਣਾਈਆਂ ਜਾ ਚੁੱਕੀਆਂ ਹਨ ਤੇ ਘੱਟੋ-ਘੱਟ 50 ਦੇਸ਼ਾਂ 'ਚ ਇਸ ਫੈਡਰੇਸ਼ਨ ਨੂੰ ਗਠਿਤ ਕਰਨ ਦੇ ਯਤਨ ਚੱਲ ਰਹੇ ਹਨ। ਉਨ੍ਹਾਂ ਦਾ ਮਕਸਦ ਇਸ ਖੇਡ ਨੂੰ ਓਲੰਪਿਕ ਤਕ ਲੈ ਕੇ ਜਾਣਾ ਹੈ।
ਐੱਸ. ਪੀ. ਸਿੰਘ ਓਬਰਾਏ, ਪ੍ਰਧਾਨ ਏਸ਼ੀਆ ਗੱਤਕਾ ਫੈਡਰੇਸ਼ਨ
ਦੁਨੀਆ ਨੇ ਠੁਕਰਾਇਆ ਪਰ ਮਾਪੇ ਬਣੇ ਇਸ ਬੱਚੀ ਦੇ ਜਿਉਣ ਦਾ ਸਹਾਰਾ(ਤਸਵੀਰਾਂ)
NEXT STORY