ਲੰਡਨ - ਬੀਤੇ ਦਿਨ ਇਥੇ ਇਕ ਗੁਜਰਾਤੀ ਸਮੇਤ ਅੱਠ ਏਸ਼ੀਅਨਾਂ ਦੇ ਇਕ ਗਿਰੋਹ ਨੂੰ ਲਾਹੌਰ, ਪਾਕਿਸਤਾਨ ਤੋਂ ਲੰਡਨ (ਯੂ. ਕੇ.) 'ਚ ਇੰਡਸਟਰੀਅਲ ਮਸ਼ੀਨਰੀ ਦੇ ਸ਼ਿਪਮੈਂਟ ਰਾਹੀਂ 10 ਮਿਲੀਅਨ ਪੌਂਡ ਦੀ ਹੈਰੋਇਨ ਸਮੱਗਲਿੰਗ ਕਰਨ ਦੀ ਸਾਜ਼ਿਸ਼ ਦੇ ਮਾਮਲੇ 'ਚ ਸਾਰਿਆਂ ਨੂੰ ਕੁਲ ਮਿਲਾ ਕੇ ਲਗਭਗ 139 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਬਰਮਿੰਘਮ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਇਸ ਗਿਰੋਹ ਨੇ ਇੰਡਸਟਰੀਅਲ ਮਸ਼ੀਨਰੀ ਦੇ ਦੋ ਕੰਟੇਨਰ ਸ਼ਿਪਮੈਂਟਾਂ ਵਿਚ ਛੁਪਾ ਕੇ ਡਰੱਗ ਸਮੱਗਲਿੰਗ ਕਰਵਾਈ ਸੀ, ਜੋ ਕਿ ਲਾਹੌਰ ਤੋਂ ਲੰਡਨ ਲਈ ਰਵਾਨਾ ਹੋਈ ਸੀ ਅਤੇ ਸੈਂਡਵੈੱਲ ਦੇ ਇਕ ਇੰਡਸਟਰੀਅਲ ਯੂਨਿਟ ਵਿਚ ਡਲਿਵਰ ਕੀਤੀ ਜਾਣੀ ਸੀ। ਇਸ ਗਿਰੋਹ ਨੇ ਫਰਵਰੀ ਤੇ ਜੁਲਾਈ 2014 ਵਿਚ ਦੋ ਕੰਟੇਨਰ ਸ਼ਿਪਮੈਂਟਾਂ ਰਾਹੀਂ ਡਰੱਗ ਮੰਗਵਾਉਣ ਦੀ ਸਾਜ਼ਿਸ਼ ਰਚੀ ਸੀ। ਪੁਲਸ ਅਧਿਕਾਰੀਆਂ ਵਲੋਂ ਇਸ ਗਿਰੋਹ ਦੀ ਦੂਜੀ ਸ਼ਿਪਮੈਂਟ ਨੂੰ ਲੰਡਨ ਗੇਟਵੇਅ ਪੋਰਟ 'ਤੇ ਜਾਂਚ ਦੌਰਾਨ ਰੋਕ ਲਿਆ ਗਿਆ ਸੀ, ਜਿਸ ਵਿਚੋਂ ਇੰਡਸਟਰੀਅਲ ਮਸ਼ੀਨਰੀ ਵਿਚ ਛੁਪਾਈ 165 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ।
ਇਸ ਸਮੱਗਲਿੰਗ ਲਈ ਅਮੀਰਾਨ ਜ਼ੇਬ ਖਾਨ (38) ਵਾਸੀ ਕੋਬਹੇਮ ਰੋਡ, ਬਡੋਜਲੀ ਗਰੀਨ, ਮੁਹੰਮਦ ਅਲੀ (36) ਵਾਸੀ ਵਿੰਡਕਲਿਫ ਰੋਡ ਬਡੋਜਲੀ ਗਰੀਨ ਅਤੇ ਸਾਜਿਦ ਹੁਸੈਨ (32) ਵਾਸੀ ਫੀਲਡ ਹਾਊਸ ਰੋਡ ਯਾਰਡਲੀ ਮੁੱਖ ਤੌਰ 'ਤੇ ਜ਼ਿੰਮੇਵਾਰ ਪਾਏ ਗਏ, ਜਦਕਿ ਇਸ ਦੂਜੀ ਸ਼ਿਪਮੈਂਟ ਨੂੰ ਹਾਸਿਲ ਕਰਨ ਲਈ ਉਮਾਰ ਈਸਾ (36) ਵਾਸੀ ਚਿਪਰਫੀਲਡ ਰੋਡ, ਕਾਂਸਲ ਬ੍ਰਾਮਿਚ ਅਤੇ ਇਮਰਾਨ ਆਰਿਫ਼ (35) ਵਾਸੀ ਕੇਨੈਸ ਰੋਡ, ਸਮਾਲਹੀਥ ਅੱਗੇ ਆਏ ਸਨ। ਇਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਡਲਿਵਰੀ ਨੈਸ਼ਨਲ ਕ੍ਰਾਈਮ ਏਜੰਸੀ ਦੀ ਟੀਮ ਅਤੇ ਵੈਸਟ ਮਿਡਲੈਂਡਸ ਪੁਲਸ ਦੀ ਦੇਖ-ਰੇਖ ਹੇਠ ਹੋ ਰਹੀ ਸੀ, ਜਿਨ੍ਹਾਂ ਨੇ ਇਨ੍ਹਾਂ ਦੀ ਗੱਲਬਾਤ ਦੀ ਰਿਕਾਰਡਿੰਗ ਅਤੇ ਵੀਡੀਓ ਆਦਿ ਬਣਾ ਲਈ ਸੀ। ਗਿਰੋਹ ਦਾ ਇਕ ਹੋਰ ਮੁੱਖ ਕਰਿੰਦਾ ਰਾਜੇਸ਼ ਪਟੇਲ (52) ਵਾਸੀ ਬੋਟਲੀ ਰੋਡ, ਚੈਸਮ ਬਮਿੰਘਮਸ਼ਾਇਰ ਸੀ, ਜਿਸ ਨੇ ਇਸ ਸ਼ਿਪਮੈਂਟ ਲਈ ਆਪਣੇ ਕਾਰੋਬਾਰ ਦੇ ਅਸਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਇਕ ਹੋਰ ਮੈਂਬਰ ਮੁਹੰਮਦ ਅਸਾਫ਼ ਖਾਨ (49) ਵਾਸੀ ਲੈਵਰੈਟ, ਹੈਂਡਸਵਰਥ ਨੇ ਸਾਰੀ ਯੋਜਨਾਬੰਦੀ ਕੀਤੀ ਸੀ, ਜਦ ਕਿ ਜੁਲਫਗਾਰ ਮੁਨਸਫ਼ (38) ਵਾਸੀ ਬੈਲੇਫੀਲਡ ਰੋਡ, ਵਿੰਸਨ ਸਟਰੀਟ ਨੇ ਸੁਨੇਹਾ ਇਧਰ-ਉਧਰ ਭੇਜਣ ਦਾ ਰੋਲ ਨਿਭਾਇਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਇਸ ਗਿਰੋਹ ਦੇ ਨਾਲ ਸੰਬੰਧਿਤ ਜ਼ਬਤ ਕੀਤੀ ਹੈਰੋਇਨ ਦੀ ਸੁੱਧਤਾ 58 ਫੀਸਦੀ ਸੀ, ਜੋ ਕਿ 5 ਮਿਲੀਅਨ ਪੌਂਡ ਦੀ ਦੱਸੀ ਗਈ ਹੈ। ਇਸ ਮਾਮਲੇ 'ਚ ਅਮੀਰਾਨ ਜ਼ੇਬ ਖਾਨ, ਮੁਹੰਮਦ ਅਲੀ ਅਤੇ ਸਾਜਿਦ ਹੁਸੈਨ ਨੂੰ 22-22 ਸਾਲ ਕੈਦ ਦੀ ਸਜ਼ਾ ਹੋਈ, ਇਨ੍ਹਾਂ ਵਿਚੋਂ ਹੁਸੈਨ ਨੂੰ ਇਕ ਵੱਖਰੇ ਦੋਸ਼ ਤਹਿਤ ਹੋਰ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਮਰਾਨ ਈਸਾ ਨੂੰ ਸਾਢੇ 15 ਸਾਲ, ਜਦਕਿ ਇਮਰਾਨ ਆਰਿਫ਼ ਨੂੰ 10 ਸਾਲ ਜੇਲ ਹੋਈ। ਮੁਹੰਮਦ ਅਸਾਫ਼ ਖਾਨ ਨੂੰ ਸਾਢੇ 17 ਸਾਲ ਅਤੇ ਰਾਜੇਸ਼ ਪਟੇਲ ਨੂੰ ਸਾਢੇ 15 ਸਾਲ ਲਈ ਜੇਲ ਭੇਜਿਆ ਗਿਆ, ਜਦਕਿ ਜੁਲਫਗਾਰ ਮੁਨਸਫ਼ ਨੂੰ 14 ਸਾਲ ਕੈਦ ਦੀ ਸਜ਼ਾ ਸੁਣਾਈ ਗਈ।
ਪਾਕਿ ਅਜਿਹਾ ਦੇਸ਼ ਜਿਥੇ ਹਰ ਪੀ.ਐਮ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਲਹਿ ਜਾਂਦੈ ਗੱਦੀਓਂ
NEXT STORY