ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਅਫਰੀਕੀ ਦੇਸ਼ ਗਿਨੀ-ਬਿਸਾਓ ਵਿੱਚ ਨਵਜੰਮੇ ਬੱਚਿਆਂ 'ਤੇ ਹੈਪੇਟਾਈਟਸ-ਬੀ ਵੈਕਸੀਨ ਦੇ ਅਧਿਐਨ ਲਈ ਦਿੱਤੇ ਗਏ ਇੱਕ ਅਸਧਾਰਨ ਕੰਟਰੈਕਟ ਨੇ ਦੁਨੀਆ ਭਰ ਦੇ ਸਿਹਤ ਮਾਹਰਾਂ ਵਿੱਚ ਹਲਚਲ ਮਚਾ ਦਿੱਤੀ ਹੈ। ਡੈਨਮਾਰਕ ਦੀ ਇੱਕ ਯੂਨੀਵਰਸਿਟੀ ਨੂੰ ਦਿੱਤੇ ਗਏ ਇਸ ਕੰਟਰੈਕਟ ਨੂੰ ਕਈ ਵਿਗਿਆਨੀ 'ਅਨੈਤਿਕ' ਕਰਾਰ ਦੇ ਰਹੇ ਹਨ।
ਬਿਨਾਂ ਮੁਕਾਬਲੇ ਦਿੱਤਾ ਗਿਆ ਕੰਟਰੈਕਟ ਰਿਪੋਰਟਾਂ ਅਨੁਸਾਰ, ਅਮਰੀਕੀ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (CDC) ਨੇ ਦੱਖਣੀ ਡੈਨਮਾਰਕ ਯੂਨੀਵਰਸਿਟੀ ਦੀ ਇੱਕ ਖੋਜ ਟੀਮ ਨੂੰ ਇਹ ਕੰਟਰੈਕਟ ਬਿਨਾਂ ਕਿਸੇ ਮੁਕਾਬਲੇ ਜਾਂ ਜਨਤਕ ਟੈਂਡਰ ਦੇ ਦਿੱਤਾ ਹੈ। ਅਮਰੀਕੀ ਸਿਹਤ ਮੰਤਰੀ ਰੌਬਰਟ ਐੱਫ. ਕੈਨੇਡੀ ਜੂਨੀਅਰ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ, ਜਦਕਿ ਟੀਮ ਦੀ ਮੁੱਖ ਮੈਂਬਰ ਕ੍ਰਿਸਟਿਨ ਸਟਾਬੈਲ ਬੇਨ, ਕੈਨੇਡੀ ਦੁਆਰਾ ਗਠਿਤ ਇੱਕ ਕਮੇਟੀ ਦੀ ਸਲਾਹਕਾਰ ਵੀ ਹੈ,।
ਅਧਿਐਨ ਦਾ ਤਰੀਕਾ ਅਤੇ ਖਤਰਾ ਇਹ ਅਧਿਐਨ
ਅਗਲੇ ਸਾਲ ਦੀ ਸ਼ੁਰੂਆਤ ਵਿੱਚ ਗਿਨੀ-ਬਿਸਾਓ ਵਿੱਚ ਸ਼ੁਰੂ ਹੋਵੇਗਾ, ਜਿੱਥੇ ਹੈਪੇਟਾਈਟਸ-ਬੀ ਦੀ ਲਾਗ ਬਹੁਤ ਆਮ ਹੈ। ਇਸ ਪੰਜ ਸਾਲਾ ਅਧਿਐਨ ਵਿੱਚ 14,000 ਨਵਜੰਮੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਇੱਕ 'ਰੈਂਡਮਾਈਜ਼ਡ ਕੰਟਰੋਲਡ ਟਰਾਇਲ' (RCT) ਹੋਵੇਗਾ, ਜਿਸ ਵਿੱਚ ਕੁਝ ਬੱਚਿਆਂ ਨੂੰ ਜਨਮ ਸਮੇਂ ਵੈਕਸੀਨ ਲਗਾਈ ਜਾਵੇਗੀ ਅਤੇ ਕੁਝ ਨੂੰ ਨਹੀਂ। ਮਾਹਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਵੈਕਸੀਨ ਨਹੀਂ ਦਿੱਤੀ ਜਾਵੇਗੀ, ਉਨ੍ਹਾਂ ਦੀ ਜਾਨ ਨੂੰ ਜਾਣਬੁੱਝ ਕੇ ਖਤਰੇ ਵਿੱਚ ਪਾਇਆ ਜਾ ਰਿਹਾ ਹੈ, ਜੋ ਕਿ ਬੇਹੱਦ ਗੰਭੀਰ ਮਾਮਲਾ ਹੈ,।
ਵਿਗਿਆਨੀਆਂ ਨੇ ਜਤਾਈ ਸਖ਼ਤ ਨਾਰਾਜ਼ਗੀ ਸੀਡੀਸੀ ਦੇ ਸਾਬਕਾ ਨਿਰਦੇਸ਼ਕ ਡਾ. ਟੌਮ ਫਰੀਡਨ ਨੇ ਇਸ ਖੋਜ ਟੀਮ ਦੇ ਪੁਰਾਣੇ ਕੰਮ ਨੂੰ 'ਬੁਨਿਆਦੀ ਤੌਰ 'ਤੇ ਨੁਕਸਦਾਰ' ਦੱਸਿਆ ਹੈ। ਉੱਥੇ ਹੀ, ਸਸਕੈਚਵਨ ਯੂਨੀਵਰਸਿਟੀ ਦੀ ਇਨਫੈਕਸ਼ਨ ਮਾਹਰ ਡਾ. ਐਂਜੇਲਾ ਰਾਸਮੁਸੇਨ ਨੇ ਇਸ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕੈਨੇਡੀ ਟੈਕਸਦਾਤਾਵਾਂ ਦਾ ਪੈਸਾ ਆਪਣੇ ਚਹੇਤਿਆਂ ਨੂੰ ਇੱਕ "ਘਿਨਾਉਣੇ ਅਤੇ ਅਨੈਤਿਕ" ਅਧਿਐਨ ਲਈ ਦੇ ਰਹੇ ਹਨ, ਜਿਸ ਨਾਲ ਅਫਰੀਕੀ ਬੱਚਿਆਂ ਨੂੰ ਬੇਵਜ੍ਹਾ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਸਾਰੇ ਅਮਰੀਕੀ ਨਵਜੰਮੇ ਬੱਚਿਆਂ ਨੂੰ ਹੈਪੇਟਾਈਟਸ-ਬੀ ਦਾ ਟੀਕਾ ਲਗਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਹ ਅੰਤਰਰਾਸ਼ਟਰੀ ਅਧਿਐਨ ਸ਼ੁਰੂ ਕੀਤਾ ਜਾ ਰਿਹਾ ਹੈ।
ਹੈਪੇਟਾਈਟਸ-ਬੀ ਦਾ ਟੀਕਾ ਕਿਉਂ ਲਾਇਆ ਜਾਂਦਾ ਹੈ ਅਤੇ ਕਿਸ ਨੂੰ ਲਗਦਾ ਹੈ?
ਹੈਪੇਟਾਈਟਸ-ਬੀ ਟੀਕਾ ਕਿਉਂ ਲਾਇਆ ਜਾਂਦਾ ਹੈ?
ਹੈਪੇਟਾਈਟਸ-ਬੀ ਇੱਕ ਖ਼ਤਰਨਾਕ ਵਾਇਰਸ ਹੈ ਜੋ ਜਿਗਰ (ਲੀਵਰ) ਨੂੰ ਨੁਕਸਾਨ ਪਹੁੰਚਾਂਦਾ ਹੈ। ਇਹ ਇਨਫੈਕਸ਼ਨ ਲੰਮੇ ਸਮੇਂ ਲਈ ਰਹਿ ਜਾਵੇ ਤਾਂ ਜਿਗਰ ਦੀ ਸੁੱਜਣ, ਸਿਰੋਸਿਸ ਅਤੇ ਲੀਵਰ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਟੀਕਾ ਸਰੀਰ ਵਿੱਚ ਇਮਿਊਨਿਟੀ ਬਣਾਉਂਦਾ ਹੈ, ਜਿਸ ਨਾਲ ਹੈਪੇਟਾਈਟਸ-ਬੀ ਤੋਂ ਬਚਾਵ ਹੁੰਦਾ ਹੈ।
ਹੈਪੇਟਾਈਟਸ-ਬੀ ਕਿਸ ਨੂੰ ਲਗਾਇਆ ਜਾਂਦਾ ਹੈ?
ਨਵਜਨਮੇ ਬੱਚਿਆਂ ਨੂੰ: ਜਨਮ ਤੋਂ 24 ਘੰਟਿਆਂ ਦੇ ਅੰਦਰ ਪਹਿਲੀ ਡੋਜ਼
ਬੱਚੇ ਅਤੇ ਨਾਬਾਲਗ: ਜਿਨ੍ਹਾਂ ਨੂੰ ਪਹਿਲਾਂ ਟੀਕਾ ਨਹੀਂ ਲੱਗਿਆ
ਸਿਹਤ ਕਰਮਚਾਰੀ (ਡਾਕਟਰ, ਨਰਸ ਆਦਿ)
ਡਾਇਲਿਸਿਸ ਮਰੀਜ਼ ਅਤੇ ਲੰਮੇ ਸਮੇਂ ਦੀ ਬੀਮਾਰੀ ਵਾਲੇ ਲੋਕ
ਖੂਨ ਨਾਲ ਸੰਪਰਕ ਵਾਲੇ ਕੰਮ ਕਰਨ ਵਾਲੇ
ਹੈਪੇਟਾਈਟਸ-ਬੀ ਪੀੜਤ ਵਿਅਕਤੀ ਦੇ ਪਰਿਵਾਰਕ ਮੈਂਬਰ
ਉੱਚ ਖਤਰੇ ਵਾਲੇ ਸਮੂਹ (ਇੰਜੈਕਸ਼ਨ ਸਾਂਝੇ ਕਰਨ ਵਾਲੇ, ਬਿਨਾਂ ਸੁਰੱਖਿਆ ਸੰਬੰਧ ਬਣਾਉਣ ਵਾਲੇ)
ਬੰਗਲਾਦੇਸ਼ 'ਚ ਹਿੰਦੂ ਨੌਜਵਾਨ ਦੀ ਹੱਤਿਆ ਮਾਮਲੇ 'ਚ 7 ਮੁਲਜ਼ਮ ਗ੍ਰਿਫ਼ਤਾਰ
NEXT STORY