ਆਬੂਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਵਿੱਚ ਇੱਕ ਵਿਸ਼ਾਲ ਹਿੰਦੂ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ। ਹਾਲ ਹੀ 'ਚ ਦੁਬਈ 'ਚ ਇਕ ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਹੁਣ ਯੂਏਈ ਖਾੜੀ ਵਿੱਚ ਅਜਿਹਾ ਦੇਸ਼ ਬਣਨ ਜਾ ਰਿਹਾ ਹੈ ਜਿੱਥੇ ਇੱਕ ਵਿਸ਼ਾਲ ਸਵਾਮੀਨਾਰਾਇਣ ਮੰਦਰ ਹੋਵੇਗਾ। ਯੂਏਈ ਵਿੱਚ ਭਾਰਤ ਦੇ ਰਾਜਦੂਤ ਮੁਤਾਬਕ ਇਹ ਮੰਦਰ ਸਹਿਣਸ਼ੀਲਤਾ ਦੀ ਨਵੀਂ ਮਿਸਾਲ ਹੈ। ਨਾਲ ਹੀ ਇਹ ਇੱਥੇ ਵੱਸਣ ਵਾਲੇ ਹਿੰਦੂ ਭਾਈਚਾਰੇ ਨੂੰ ਘਰ ਦਾ ਅਹਿਸਾਸ ਕਰਵਾਏਗਾ। ਭਾਰਤ ਵਿੱਚ ਯੂਏਈ ਦੇ ਰਾਜਦੂਤ ਹਸਨ ਸਜਵਾਨੀ ਨੇ ਵੀ ਇਸ ਮੰਦਰ ਦੇ ਦਰਸ਼ਨ ਕਰਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
27 ਏਕੜ ਜ਼ਮੀਨ 'ਤੇ ਬਣਿਆ ਮੰਦਰ
ਇਸ ਸਾਲ ਮਈ ਵਿੱਚ ਜਦੋਂ ਭਾਰਤ ਨੇ ਯੂਏਈ ਨਾਲ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ 'ਤੇ ਦਸਤਖ਼ਤ ਕੀਤੇ ਤਾਂ ਦੋਵਾਂ ਦੇਸ਼ਾਂ ਦੇ ਸਬੰਧ ਇੱਕ ਨਵੇਂ ਪੱਧਰ 'ਤੇ ਪਹੁੰਚ ਗਏ। ਇਸ ਸਮੇਂ ਯੂਏਈ ਵਿੱਚ 35 ਲੱਖ ਭਾਰਤੀ ਰਹਿ ਰਹੇ ਹਨ। ਪਹਿਲਾ ਹਿੰਦੂ ਮੰਦਰ ਦੁਬਈ ਵਿੱਚ 1950 ਵਿੱਚ ਖੋਲ੍ਹਿਆ ਗਿਆ ਸੀ। ਉਸ ਸਮੇਂ ਉਥੋਂ ਦੇ ਅਧਿਕਾਰੀਆਂ ਵੱਲੋਂ ਇਸ ਮੰਦਰ ਲਈ 15 ਏਕੜ ਜ਼ਮੀਨ ਦਾਨ ਕੀਤੀ ਗਈ ਸੀ। ਇਹ ਮੰਦਿਰ ਭਾਰਤੀ ਅਤੇ ਇਸਲਾਮੀ ਆਰਕੀਟੈਕਚਰ ਦਾ ਇੱਕ ਉਦਾਹਰਣ ਸੀ।ਮੰਦਰ ਦਾ ਇਸ ਮਹੀਨੇ ਮੁੜ ਉਦਘਾਟਨ ਕੀਤਾ ਗਿਆ ਅਤੇ ਇਹ ਉਦਘਾਟਨ ਯੂਏਈ ਦੇ ਸਹਿਣਸ਼ੀਲਤਾ ਮੰਤਰੀ ਸ਼ੇਖ ਨਾਹਨ ਬਿਨ ਮੁਬਾਰਕ ਦੁਆਰਾ ਕੀਤਾ ਗਿਆ। ਨਾਹਨ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਇਸ ਨਵੇਂ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ ਤਾਂ ਭਾਰਤ ਨਾਲ ਸਹਿਯੋਗ ਹੋਰ ਵਧੇਗਾ। ਉਨ੍ਹਾਂ ਮੁਤਾਬਕ ਭਾਰਤ ਅਤੇ ਯੂਏਈ ਦਰਮਿਆਨ ਸੱਭਿਆਚਾਰਕ ਸਹਿਯੋਗ ਬਹੁਤ ਡੂੰਘਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਮਜ਼ਬੂਤ ਹੋਵੇਗਾ। ਨਵਾਂ ਮੰਦਰ 27 ਏਕੜ ਜ਼ਮੀਨ 'ਤੇ ਬਣਾਇਆ ਜਾ ਰਿਹਾ ਹੈ।
ਸਾਲ 2019 ਵਿੱਚ ਰੱਖਿਆ ਗਿਆ ਨੀਂਹ ਪੱਥਰ
ਸਾਲ 2019 ਵਿੱਚ ਮੰਦਰ ਦਾ ਨੀਂਹ ਪੱਥਰ ਯੂਏਈ ਦੇ ਤਿੰਨ ਮੰਤਰੀਆਂ ਦੀ ਮੌਜੂਦਗੀ ਵਿੱਚ ਰੱਖਿਆ ਗਿਆ ਸੀ। ਇਹ ਮੰਦਰ ਦੁਬਈ-ਆਬੂਧਾਬੀ ਸ਼ੇਖ ਜ਼ਾਇਦ ਹਾਈਵੇਅ ਨੇੜੇ ਅਬੂ ਮੁਰੇਖ ਵਿੱਚ ਸਥਿਤ ਹੈ। ਇਹ ਮੰਦਰ ਮੱਧ ਪੂਰਬ ਦਾ ਪਹਿਲਾ ਮੰਦਰ ਹੋਵੇਗਾ ਜੋ ਰਵਾਇਤੀ ਤੌਰ 'ਤੇ ਪੱਥਰ ਦਾ ਬਣਿਆ ਹੋਇਆ ਹੈ। ਇਸ ਮੰਦਰ ਨੂੰ ਯੂਏਈ ਅਤੇ ਭਾਰਤ ਦੇ ਕਾਰੀਗਰਾਂ ਦੀ ਮਦਦ ਨਾਲ ਤਿਆਰ ਕੀਤਾ ਜਾ ਰਿਹਾ ਹੈ। ਪ੍ਰਾਰਥਨਾ ਹਾਲ ਤੋਂ ਇਲਾਵਾ ਮੰਦਰ ਕੰਪਲੈਕਸ ਵਿੱਚ ਪ੍ਰਦਰਸ਼ਨੀ ਹਾਲ, ਬੱਚਿਆਂ ਦਾ ਖੇਡ ਖੇਤਰ, ਥੀਮ ਆਧਾਰਿਤ ਬਾਗ, ਫੁਹਾਰੇ, ਫੂਡ ਕੋਰਟ ਦੇ ਨਾਲ-ਨਾਲ ਕਿਤਾਬਾਂ ਅਤੇ ਤੋਹਫ਼ਿਆਂ ਦੀ ਦੁਕਾਨ ਵੀ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 307 ਪੁਰਾਣੀਆਂ ਵਸਤੂਆਂ
ਸਾਲ 2024 ਵਿਚ ਉਦਘਾਟਨ
2015 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪਹਿਲੀ ਸਰਕਾਰੀ ਯਾਤਰਾ 'ਤੇ ਯੂਏਈ ਗਏ ਸਨ, ਉਸ ਸਮੇਂ ਹੀ ਇਸ ਮੰਦਰ ਲਈ ਜ਼ਮੀਨ ਦਾ ਐਲਾਨ ਕੀਤਾ ਗਿਆ ਸੀ। ਇਹ ਮੰਦਰ ਦਿੱਲੀ ਅਤੇ ਨਿਊਜਰਸੀ ਸਥਿਤ ਅਕਸ਼ਰਧਾਮ ਮੰਦਰ ਵਰਗਾ ਹੋਵੇਗਾ। ਮੰਦਰ ਸਾਲ 2024 ਵਿੱਚ ਖੁੱਲ੍ਹੇਗਾ ਪਰ ਇਸ ਤੋਂ ਪਹਿਲਾਂ ਹੀ ਸ਼ਰਧਾਲੂ ਇੱਥੇ ਆਉਣੇ ਸ਼ੁਰੂ ਹੋ ਗਏ ਹਨ। ਮੰਦਰ ਨੂੰ ਰਾਜਸਥਾਨ ਦੇ ਗੁਲਾਬੀ ਪੱਥਰਾਂ ਤੋਂ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਿਰਮਾਣ 'ਤੇ 888 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਆਉਣ ਵਾਲਾ ਹੈ।
ਆਸਟ੍ਰੇਲੀਆ : ਪੁਲਸ ਨੇ 2.5 ਮਿਲੀਅਨ ਡਾਲਰ ਤੋਂ ਵੱਧ ਦਾ ਨਸ਼ੀਲਾ ਪਦਾਰਥ ਕੀਤਾ ਜ਼ਬਤ, 2 ਗ੍ਰਿਫਤਾਰ
NEXT STORY