ਵਾਸ਼ਿੰਗਟਨ(ਬਿਊਰੋ)— ਅੱਤਵਾਦ ਤੋਂ ਬਾਅਦ ਹੁਣ ਪਾਕਿਸਤਾਨ ਨੂੰ ਮਨੁੱਖੀ ਤਸਕਰੀ ਦੇ ਮੁੱਦੇ 'ਤੇ ਅਮਰੀਕਾ ਝਟਕਾ ਦੇ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਦੱਖਣੀ ਏਸ਼ੀਆਈ ਦੇਸ਼ ਨੇ ਮਨੁੱਖੀ ਤਸਕਰੀ ਦੀ ਰੋਕਥਾਮ ਲਈ ਜ਼ਰੂਰੀ ਕਦਮ ਨਹੀਂ ਚੁੱਕੇ ਤਾਂ ਉਸ ਨੂੰ ਮਿਲਣ ਵਾਲੀ ਫੌਜੀ ਸਹਾਇਤਾ ਵਿਚ ਵੀ ਕਟੌਤੀ ਕੀਤੀ ਜਾਏਗੀ।
ਇਹ ਕਟੌਤੀ ਦੋਵਾਂ ਦੇਸ਼ਾਂ ਵਿਚ ਚੱਲ ਰਹੇ ਤਣਾਅ ਨੂੰ ਹੋਰ ਵਧਾ ਸਕਦੀ ਹੈ। ਇਸ ਸਾਲ ਜਨਵਰੀ ਵਿਚ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਕਰੀਬ 2 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ 'ਤੇ ਰੋਕ ਲਗਾ ਦਿੱਤੀ ਸੀ। ਟਰੰਪ ਨੇ ਇਹ ਕਦਮ ਪਾਕਿਸਤਾਨ ਵਿਚ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਵਿਰੁੱਧ ਕਾਰਵਾਈ ਨਾ ਕਰਨ ਨੂੰ ਲੈ ਕੇ ਚੁੱਕਿਆ ਸੀ।
ਸੂਤਰਾਂ ਮੁਤਾਬਕ ਅਮਰੀਕਾ 26 ਕਰੋੜ 50 ਲੱਖ ਡਾਲਰ ਭਾਵ ਕਰੀਬ 1730 ਕਰੋੜ ਰੁਪਏ ਦੀ ਫੌਜੀ ਸਹਾਇਤਾ ਪਾਕਿਸਤਾਨ ਨੂੰ ਦਿੰਦਾ ਹੈ ਪਰ ਜੇਕਰ ਅਮਰੀਕੀ ਵਿਦੇਸ਼ ਵਿਭਾਗ ਨੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਸਭ ਤੋਂ ਖਰਾਬ ਕੰਮ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਨੂੰ ਸ਼ਾਮਲ ਕਰ ਦਿੱਤਾ ਤਾਂ ਇਸ ਰਾਸ਼ੀ ਦੇ ਇਕ ਵੱਡੇ ਹਿੱਸੇ 'ਤੇ ਰੋਕ ਲੱਗ ਸਕਦੀ ਹੈ।
ਅਮਰੀਕਾ ਦੇ ਸੰਘੀ ਕਾਨੂੰਨ ਦੇ ਤਹਿਤ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਸਭ ਤੋਂ ਹੇਠਾਂ ਗ੍ਰੇਡ ਵਿਚ ਰਹਿਣ ਵਾਲੇ ਦੇਸ਼ 'ਤੇ ਇਹ ਪਾਬੰਦੀ ਲਗਾਈ ਜਾ ਸਕਦੀ ਹੈ। ਹਾਲਾਂਕਿ ਟਰੰਪ ਇਸ ਵਿਚ ਪੂਰੀ ਜਾਂ ਅੰਸ਼ਕ ਛੋਟ ਦੇ ਸਕਦੇ ਹਨ। ਹਾਲਾਂਕਿ ਪਾਕਿਸਤਾਨ ਦੀ ਅਰਥ-ਵਿਵਸਥਾ ਲਈ ਇਹ ਫੰਡਿੰਗ ਮਾਮੂਲੀ ਹੈ ਪਰ ਜੇਕਰ ਵਾਸ਼ਿੰਗਟਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਰਲਡ ਬੈਂਕ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਮਿਲਣ ਵਾਲੀ ਮਦਦ ਦਾ ਵੀ ਵਿਰੋਧ ਕੀਤਾ ਤਾਂ ਇਹ ਪਾਕਿਸਤਾਨ ਲਈ ਬਹੁਤ ਵੱਡਾ ਝਟਕਾ ਸਾਬਿਤ ਹੋਵੇਗਾ।
ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ 'ਤੇ ਫੈਸਲਾ ਨਹੀਂ ਹੋਇਆ ਹੈ ਪਰ ਪਾਕਿਸਤਾਨ ਨੂੰ ਸਹਾਇਤਾ ਵਿਚ ਕਟੌਤੀ ਤੋਂ ਬਚਣ ਲਈ ਆਪਣੀ ਰੈਂਕਿੰਗ ਸੁਧਾਰਨੀ ਹੋਵੇਗੀ। ਪਾਕਿਸਤਾਨੀ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ, 'ਅਸੀਂ ਮਨੁੱਖੀ ਤਸਕਰੀ ਵਿਰੁੱਧ ਕਾਫੀ ਸਖਤ ਕਦਮ ਚੁੱਕੇ ਹਨ। ਦੇਸ਼ਾਂ 'ਤੇ ਦਬਾਅ ਬਣਾਉਣ ਲਈ ਇਸ ਦਾ ਰਾਜਨੀਤਕ ਇਸਤੇਮਾਲ ਨਹੀਂ ਕਰਨਾ ਚਾਹੀਦਾ।'
ਅਮਰੀਕਾ : 'ਗੁਰਦਵਾਰਾ ਸਿੰਘ ਸਭਾ ਫਰਿਜ਼ਨੋ' ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ
NEXT STORY