ਜਲੰਧਰ (ਇੰਟ.)– ਭਾਵੇਂ ਹੀ ਅੱਤਵਾਦੀ ਹਰਦੀਪ ਨਿੱਝਰ ਸਬੰਧੀ ਭਾਰਤ-ਕੈਨੇਡਾ ਵਿਚਾਲੇ ਵਿਵਾਦ ਚੱਲ ਰਿਹਾ ਹੈ ਪਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਲੰਬੇ ਸਮੇਂ ਤੋਂ ਟਰੂਡੋ ਸਰਕਾਰ ਨੂੰ ਟਾਰਗੇਟ ਕਿਲਿੰਗ, ਡਰੱਗ ਸਮੱਗਲਿੰਗ ਤੇ ਗੈਂਗਵਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ’ਚ ਕੈਨੇਡੀਅਨ ਪੁਲਸ ਨੇ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ’ਚ 19 ਤੋਂ 26 ਸਾਲ ਦੀ ਉਮਰ ਦੇ ਅੱਠ ਸਿੱਖ ਨੌਜਵਾਨਾਂ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੋਵੇ। ਦਰਅਸਲ ਕੈਨੇਡਾ ’ਚ ਪੰਜਾਬੀ ਮੂਲ ਦੇ ਕੁਝ ਨੌਜਵਾਨਾਂ ਦੀ ਜੁਰਮਾਂ ’ਚ ਸ਼ਮੂਲੀਅਤ ਵਧਦੀ ਜਾ ਰਹੀ ਹੈ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਖ਼ਾਲਿਸਤਾਨੀ ਕੱਟੜਪੰਥੀ ਭਾਰਤ ਵਿਰੋਧੀ ਸਰਗਰਮੀਆਂ ਲਈ ਵਰਤਦੇ ਹਨ।
ਇਹ ਖ਼ਬਰ ਵੀ ਪੜ੍ਹੋ : ਜੋਅ ਬਾਈਡੇਨ ਨੇ ਇਜ਼ਰਾਈਲ ਲਈ 'ਠੋਸ' ਸਮਰਥਨ ਦੀ ਕੀਤੀ ਮੰਗ, ਦਿੱਤੇ ਇਹ ਨਿਰਦੇਸ਼
ਸਭ ਤੋਂ ਵੱਡੇ ਡਰੱਗ ਰੈਕੇਟ ’ਚ ਸ਼ਾਮਲ ਸਨ 9 ਪੰਜਾਬੀ
ਜਦੋਂ ਜੂਨ 2021 ’ਚ ਕੈਨੇਡਾ ਦੇ ਇਤਿਹਾਸ ’ਚ ਸਭ ਤੋਂ ਵੱਡੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਤਾਂ ਪੰਜਾਬੀ ਮੂਲ ਦੇ ਭਾਰਤੀ ਵੀ ਇਸ ’ਚ ਪਿੱਛੇ ਨਹੀਂ ਰਹੇ। ਟੋਰਾਂਟੋ ਪੁਲਸ ਨੇ 20 ਵਿਅਕਤੀਆਂ ਨੂੰ 1 ਹਜ਼ਾਰ ਕਿਲੋਗ੍ਰਾਮ ਤੋਂ ਵੱਧ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜ਼ਬਤ ਕੀਤੇ ਗਏ ਨਸ਼ੇ ਵਾਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 61 ਮਿਲੀਅਨ ਡਾਲਰ (3.68 ਅਰਬ ਰੁਪਏ) ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚੋਂ 9 ਪੰਜਾਬੀ ਮੂਲ ਦੇ ਸਨ।
ਵਾਹਨ ਚੋਰੀ ’ਚ ਵੀ 40 ਮੁਲਜ਼ਮ ਸਨ ਪੰਜਾਬ ਦੇ
ਇੰਨਾ ਹੀ ਨਹੀਂ, ਇਸ ਸਾਲ ਕੈਨੇਡੀਅਨ ਪੁਲਸ ਨੇ ਵਾਹਨ ਚੋਰੀ ਦੇ 119 ਮੁਲਜ਼ਮਾਂ ਦੀ ਸੂਚੀ ਜਾਰੀ ਕੀਤੀ ਸੀ, ਇਨ੍ਹਾਂ ਮੁਲਜ਼ਮਾਂ ’ਚੋਂ 40 ਤੋਂ ਵੱਧ ਪੰਜਾਬ ਦੇ ਸਨ ਤੇ 314 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਸਾਲ 2022 ’ਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕੈਨੇਡਾ ਦੇ ਓਂਟਾਰੀਓ ਸੂਬਾ ਪੁਲਸ ਦੇ ਡਫਰਿਨ ਵਿਭਾਗ ਨੇ ਗੋਲੀਬਾਰੀ ਦੇ ਮਾਮਲੇ ’ਚ 17 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਲਗਾਇਆ ਸੀ। ਫੜੇ ਗਏ ਮੁਲਜ਼ਮਾਂ ਕੋਲੋਂ 8 ਹਥਿਆਰ ਵੀ ਬਰਾਮਦ ਕੀਤੇ ਗਏ ਸਨ।
ਇਕ ਹੋਰ ਡਰੱਗ ਰੈਕੇਟ ’ਚ ਵੀ ਸ਼ਾਮਲ ਸਨ 20 ਭਾਰਤੀ
ਅਪ੍ਰੈਲ 2021 ’ਚ ਵੀ ਅਮਰੀਕੀ ਪੁਲਸ ਨੇ 20.3 ਲੱਖ ਡਾਲਰ ਦੇ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਪੁਲਸ ਨੇ ਓਂਟਾਰੀਓ ਦੇ 25 ਲੋਕਾਂ ’ਤੇ ਡਰੱਗ ਸਿੰਡੀਕੇਟ ਦੀ ਸਮੱਗਲਿੰਗ ਕਾਰਨ ਦੋਸ਼ ਦਾਇਰ ਕੀਤੇ ਸਨ। ਬਰੈਂਪਟਨ ’ਚ ਰਹਿ ਰਹੇ 20 ਭਾਰਤੀਆਂ ਨੂੰ ਡਰੱਗ ਰੈਕੇਟ ’ਚ ਦੋਸ਼ੀ ਮੰਨਦਿਆਂ ਪੁਲਸ ਨੇ ਉਨ੍ਹਾਂ ਦੀ ਸੂਚੀ ਵੀ ਜਾਰੀ ਕੀਤੀ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀ ਸਨ। ਪੁਲਸ ਨੇ ਵੱਡੇ ਆਪ੍ਰੇਸ਼ਨ ਦੌਰਾਨ 50 ਤੋਂ ਵੱਧ ਸਰਚ ਵਾਰੰਟਾਂ ’ਤੇ ਅਮਲ ਕੀਤਾ ਸੀ ਤੇ 33 ਲੋਕਾਂ ਵਿਰੁੱਧ 130 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਸਨ।
ਨੌਜਵਾਨਾਂ ਦਾ ਖ਼ਾਲਿਸਤਾਨੀ ਕਨੈਕਸ਼ਨ
ਮਾਹਿਰਾਂ ਦੀ ਮੰਨੀਏ ਤਾਂ ਅਪਰਾਧਾਂ ’ਚ ਸ਼ਾਮਲ ਪੰਜਾਬੀ ਨੌਜਵਾਨਾਂ ਦਾ ਖ਼ਾਲਿਸਤਾਨੀ ਕਨੈਕਸ਼ਨ ਹੋ ਸਕਦਾ ਹੈ। ਖ਼ਾਲਿਸਤਾਨੀ ਜਥੇਬੰਦੀਆਂ ਅਜਿਹੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਵੋਟ ਬੈਂਕ ਦੀ ਰਾਜਨੀਤੀ ਖ਼ਾਤਰ ਕੈਨੇਡਾ ਹੁਣ ਕੁਝ ਕੁ ਪੰਜਾਬੀਆਂ ਲਈ ਅਪਰਾਧ ਜਗਤ ਬਣ ਗਿਆ ਹੈ, ਜਿਸ ਕਾਰਨ ਪੰਜਾਬ ਦੇ ਹੋਰ ਲੋਕ ਵੀ ਨਮੋਸ਼ੀ ਮਹਿਸੂਸ ਕਰ ਰਹੇ ਹਨ। ਉਂਝ ਤਾਂ ਭਾਰਤ ’ਤੇ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਰਵੱਈਆ ਵੀ ਭਾਰਤ ਦੀਆਂ ਤਿੱਖੀਆਂ ਕਾਰਵਾਈਆਂ ਕਾਰਨ ਠੰਡਾ ਪੈ ਗਿਆ ਹੈ ਪਰ ਕੈਨੇਡਾ ਸਰਕਾਰ ਨੂੰ ਵੀ ਪੰਜਾਬੀ ਸਿੱਖ ਮੂਲ ਦੇ ਲੋਕਾਂ ਦੀ ਖ਼ਾਲਿਸਤਾਨੀ ਭੂਮਿਕਾਵਾਂ ਦੀ ਵੀ ਜਾਂਚ ਕੀਤੇ ਜਾਣ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਜੋਅ ਬਾਈਡੇਨ ਨੇ ਇਜ਼ਰਾਈਲ ਲਈ 'ਠੋਸ' ਸਮਰਥਨ ਦੀ ਕੀਤੀ ਮੰਗ, ਦਿੱਤੇ ਇਹ ਨਿਰਦੇਸ਼
NEXT STORY