ਨਵੀਂ ਦਿੱਲੀ- ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਇੱਕ ਨਵੀਂ 'ਸੁਪਰ ਡੀਲ' ਨੇ ਏਸ਼ੀਆਈ ਵਪਾਰਕ ਬਾਜ਼ਾਰ ਵਿੱਚ ਤਹਿਲਕਾ ਮਚਾ ਦਿੱਤਾ ਹੈ। ਅਮਰੀਕਾ ਨੇ ਭਾਰਤੀ ਕੱਪੜਿਆਂ 'ਤੇ ਲੱਗਣ ਵਾਲੇ ਇੰਪੋਰਟ ਟੈਕਸ (ਆਯਾਤ ਸ਼ੁਲਕ) ਨੂੰ 50% ਤੋਂ ਘਟਾ ਕੇ ਸਿੱਧਾ 18% ਕਰ ਦਿੱਤਾ ਹੈ। ਇਸ ਫੈਸਲੇ ਨਾਲ ਜਿੱਥੇ ਭਾਰਤੀ ਵਪਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਨੀਂਦ ਉੱਡ ਗਈ ਹੈ ਕਿਉਂਕਿ ਇਸ ਨਾਲ ਉਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ।
ਇਸ ਸਮਝੌਤੇ ਤੋਂ ਬਾਅਦ ਅਮਰੀਕਾ ਵਿੱਚ ਭਾਰਤੀ ਕੱਪੜਾ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਸਸਤਾ ਹੋ ਜਾਵੇਗਾ। ਨਵੇਂ ਟੈਰਿਫ ਸਿਸਟਮ ਅਨੁਸਾਰ ਹੁਣ ਭਾਰਤੀ ਸਾਮਾਨ 'ਤੇ ਸਿਰਫ 18% ਟੈਕਸ ਲੱਗੇਗਾ, ਜਦਕਿ ਬੰਗਲਾਦੇਸ਼ (20%), ਵੀਅਤਨਾਮ (20%), ਪਾਕਿਸਤਾਨ (19%) ਅਤੇ ਚੀਨ (30%) ਟੈਕਸ ਦੇ ਮਾਮਲੇ ਵਿੱਚ ਭਾਰਤ ਤੋਂ ਪਿੱਛੇ ਰਹਿ ਗਏ ਹਨ। ਟੈਕਸਟਾਈਲ ਮੰਤਰਾਲੇ ਅਨੁਸਾਰ, ਜਦੋਂ ਗਲੋਬਲ ਖਰੀਦਦਾਰਾਂ ਨੂੰ ਭਾਰਤ ਤੋਂ ਘੱਟ ਟੈਕਸ 'ਤੇ ਵਧੀਆ ਮਾਲ ਮਿਲੇਗਾ, ਤਾਂ ਉਹ ਦੂਜੇ ਦੇਸ਼ਾਂ ਦਾ ਰੁਖ ਨਹੀਂ ਕਰਨਗੇ।
ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਕੱਪੜਾ ਬਾਜ਼ਾਰ ਹੈ, ਜਿੱਥੇ ਸਾਲਾਨਾ 118 ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ। ਭਾਰਤ ਪਹਿਲਾਂ ਹੀ ਅਮਰੀਕਾ ਨੂੰ ਕਰੀਬ 10.5 ਅਰਬ ਡਾਲਰ ਦਾ ਕੱਪੜਾ ਨਿਰਯਾਤ ਕਰਦਾ ਹੈ, ਪਰ ਇਸ ਵੱਡੀ ਛੋਟ ਤੋਂ ਬਾਅਦ ਇਸ ਦੇ ਕਈ ਗੁਣਾ ਵਧਣ ਦੀ ਉਮੀਦ ਹੈ। ਭਾਰਤ ਸਰਕਾਰ ਨੇ 2030 ਤੱਕ 100 ਅਰਬ ਡਾਲਰ ਦੇ ਨਿਰਯਾਤ ਦਾ ਟੀਚਾ ਮਿੱਥਿਆ ਹੈ ਅਤੇ ਇਹ ਡੀਲ ਉਸ ਟੀਚੇ ਨੂੰ ਹਾਸਲ ਕਰਨ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਏਗੀ।
ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਨੇ ਵੀ ਅਮਰੀਕਾ ਨੂੰ ਵੱਡੀ ਰਾਹਤ ਦਿੱਤੀ ਹੈ। ਭਾਰਤ ਨੇ ਅਮਰੀਕਾ ਤੋਂ ਆਉਣ ਵਾਲੇ ਕਈ ਖੇਤੀਬਾੜੀ ਅਤੇ ਉਦਯੋਗਿਕ ਉਤਪਾਦਾਂ 'ਤੇ ਟੈਕਸ ਘਟਾ ਦਿੱਤਾ ਹੈ। ਹੁਣ ਅਮਰੀਕੀ ਬਾਦਾਮ, ਅਖਰੋਟ, ਤਾਜ਼ੇ ਫਲ ਅਤੇ ਸੋਇਆਬੀਨ ਤੇਲ ਭਾਰਤੀ ਬਾਜ਼ਾਰਾਂ ਵਿੱਚ ਆਸਾਨੀ ਨਾਲ ਅਤੇ ਸਸਤੇ ਭਾਅ 'ਤੇ ਉਪਲਬਧ ਹੋ ਸਕਣਗੇ। ਮਾਹਿਰ ਇਸ ਨੂੰ ਦੋਵਾਂ ਦੇਸ਼ਾਂ ਲਈ 'ਵਿਨ-ਵਿਨ' ਸਥਿਤੀ ਮੰਨ ਰਹੇ ਹਨ।
ਰੂਸ 'ਚ ਵੱਡੀ ਵਾਰਦਾਤ ! ਯੂਨੀਵਰਸਿਟੀ ਦੇ ਹੋਸਟਲ 'ਚ ਚਾਕੂ ਨਾਲ ਹਮਲਾ, 4 ਭਾਰਤੀ ਵਿਦਿਆਰਥੀਆਂ ਸਣੇ ਕਈ ਜ਼ਖ਼ਮੀ
NEXT STORY