ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਕਵੀਨਜ਼ਲੈਂਡ ਦੇ ਸਦਰ ਮੁਕਾਮ ਸ਼ਹਿਰ ਬ੍ਰਿਸਬੇਨ ਵਿਖੇ ਛੇਵਾਂ ਭਾਰਤੀ ਸਾਹਿਤ ਉਤਸਵ ਕਰਵਾਇਆ ਗਿਆ। ਤਿੰਨ ਦਿਨਾ ਸਾਹਿਤ ਉਤਸਵ ਦਾ ਪਹਿਲਾ ਦਿਨ ਸਨਮਾਨ ਸਮਾਰੋਹ ਅਤੇ ਤ੍ਰੈ ਭਾਸ਼ਾਈ ਕਵੀ ਦਰਬਾਰ ਨੂੰ ਸਮਰਪਿਤ ਰਿਹਾ। ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਦੇ ਭਰਵੇਂ ਹਾਲ ’ਚ ਸਮਾਗਮ ਦੀ ਸ਼ੁਰੂਆਤ ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਇਸ ਉਪਰੰਤ ਆਏ ਹੋਏ ਮਹਿਮਾਨ ਲੇਖਕਾਂ ਵੱਲੋਂ ਸ਼ਮ੍ਹਾ ਰੌਸ਼ਨ ਦੀ ਰਸਮ ਨਾਲ ਬਕਾਇਦਾ ਰੂਪ ਵਿਚ ਤ੍ਰੈ-ਭਾਸ਼ਾਈ ਕਵੀ ਦਰਬਾਰ ’ਚ ਹਿੰਦੀ, ਉਰਦੂ ਅਤੇ ਪੰਜਾਬੀ ਦੇ ਪ੍ਰਤੀਨਿਧ ਕਵੀਆਂ ਨੇ ਆਪਣੀ ਹਾਜ਼ਰੀ ਲਵਾਈ। ਰੁਪਿੰਦਰ ਸੋਜ਼ ਨੇ ਪੰਜਾਬੀ ਕਵੀ ਗੁਰਦਿਆਲ ਦਲਾਲ, ਸਰਬਜੀਤ ਸੋਹੀ ਨੇ ਉਰਦੂ ਸ਼ਾਇਰਾ ਫਰਹਾ ਅਮਾਰ ਅਤੇ ਸੋਮਾ ਨਾਇਰ ਨੇ ਵਿਭਾ ਸਿੰਘ ਦਾਸ ਦਾ ਤੁਅੱਰਫ਼ ਕਰਵਾਇਆ।
ਤਿੰਨਾਂ ਹੀ ਕਵੀਆਂ ਨੇ ਆਪੋ-ਆਪਣੀ ਭਾਸ਼ਾ ’ਚ ਬਾਕਮਾਲ ਸ਼ਾਇਰੀ ਪੇਸ਼ ਕਰਦਿਆਂ ਸਮਾਗਮ ਦਾ ਖ਼ੂਬਸੂਰਤ ਆਗਾਜ਼ ਕੀਤਾ। ਪ੍ਰਧਾਨਗੀ ਮੰਡਲ ’ਚ ਸ਼ਾਮਲ ਵਿਸ਼ੇਸ਼ ਮਹਿਮਾਨ ਬਲਵੰਤ ਸਾਨੀਪੁਰ ਨੇ ਇਪਸਾ ਦੀਆਂ ਲਗਾਤਾਰ ਸਾਹਿਤਕ ਸਰਗਰਮੀਆਂ ਦੀ ਤਾਰੀਫ਼ ਕਰਦਿਆਂ ਇਸ ਨੂੰ ਮਾਂ ਬੋਲੀ ਦੀ ਅਸਲ ਸੇਵਾ ਕਿਹਾ। ਤਸਮਾਨੀਆ ਤੋਂ ਆਏ ਡਾ. ਅਰਵਿੰਦਰ ਪਾਲ ਕੌਰ ਨੇ ਇਪਸਾ ਦੀ ਸਾਹਿਤ ਅਤੇ ਮਾਂ ਬੋਲੀ ਪ੍ਰਤੀ ਸੇਵਾ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸ ਵਿਚ ਇਨ੍ਹਾਂ ਕੰਮਾਂ ਦੇ ਬਹੁਤ ਗਹਿਰੇ ਅਰਥ ਹਨ। ਇਪਸਾ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਲਈ ਦਿੱਤਾ ਜਾਣ ਵਾਲਾ ਸਾਲਾਨਾ ਪੁਰਸਕਾਰ ਕੋਰੋਨਾ ਕਾਰਨ ਪਿਛਲੇ ਸਾਲ ਦਾ ਅਤੇ ਇਸ ਸਾਲ ਦਾ ਪੁਰਸਕਾਰ ਕ੍ਰਮਵਾਰ ਸੁਖਵਿੰਦਰ ਅੰਮ੍ਰਿਤ ਅਤੇ ਡਾ. ਹਰਭਜਨ ਸਿੰਘ ਭਾਟੀਆ ਨੂੰ ਇਕੱਠਿਆਂ ਇਸ ਉਤਸਵ ’ਚ ਦਿੱਤੇ ਗਏ।
ਸੁਖਵਿੰਦਰ ਅੰਮ੍ਰਿਤ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਤੇ ਆਪਣੀ ਖ਼ੂਬਸੂਰਤ ਸ਼ਾਇਰੀ ਅਤੇ ਉਸ ਤੋਂ ਵੀ ਉੱਪਰ ਆਪਣੇ ਖ਼ੂਬਸੂਰਤ ਅੰਦਾਜ਼ ਨਾਲ ਮਾਹੌਲ ਦਿਲਕਸ਼ ਬਣਾ ਦਿੱਤਾ। ਨਾਮਵਰ ਆਲੋਚਕ ਡਾ. ਹਰਭਜਨ ਸਿੰਘ ਭਾਟੀਆ ਨੇ ਆਪਣੇ ਸੰਬੋਧਨ ’ਚ ਇਪਸਾ ਦੇ ਕਾਰਜਾਂ, ਪ੍ਰਵਾਸੀ ਸਾਹਿਤ, ਸਾਹਿਤ ਦਾ ਮਨੋਰਥ ਅਤੇ ਮਾਤ ਭਾਸ਼ਾ ਬਾਰੇ ਬਹੁਤ ਖ਼ੂਬਸੂਰਤ ਵਿਚਾਰ ਰੱਖੇ। ਸਮਾਗਮ ਦੇ ਮੁੱਖ ਮਹਿਮਾਨ ਜਿੰਦਰ ਨੇ ਆਪਣੇ ਲੇਖਣ ਤਜਰਬਿਆਂ ਅਤੇ ਪੜ੍ਹਨ ਰੁਚੀ ਬਾਰੇ ਗੱਲ ਕੀਤੀ। ਇਸ ਉਤਸਵ ’ਚ ਕਵਿੱਤਰੀ ਹਰਜੀਤ ਸੰਧੂ ਦੀ ਪਲੇਠੀ ਬਾਲ ਸਾਹਿਤ ਦੀ ਪੁਸਤਕ ਵੱਡੇ-ਵੱਡੇ ਸੁਪਨੇ ਲੋਕ- ਅਰਪਣ ਕੀਤੀ ਗਈ। ਕਵੀ ਦਰਬਾਰ ’ਚ ਚੇਤਨਾ ਗਿੱਲ, ਹਰਜੀਤ ਸੰਧੂ, ਨਿਰਮਲ ਦਿਓਲ, ਇਕਬਾਲ ਸਿੰਘ ਧਾਮੀ ਆਦਿ ਕਵੀਆਂ ਨੇ ਬਹੁਤ ਵਧੀਆ ਰੰਗ ਬੰਨ੍ਹਿਆ। ਸਮਾਗਮ ਦੇ ਅੰਤ ’ਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਨਜੀਤ ਬੋਪਾਰਾਏ ਨੇ ਬ੍ਰਿਸਬੇਨ ’ਚ ਹੋਏ ਮੁੱਢਲੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਇੰਡੋਜ਼ ਦੀ ਬਹੁਪੱਖੀ ਸੋਚ ਅਤੇ ਕਾਰਜਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਡੀ ਗਿਣਤੀ ’ਚ ਪੱਤਰਕਾਰ ਹਾਜ਼ਰ ਸਨ।
UAE ਦੇ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਈ ਦੇਸ਼ਾਂ ਦੇ ਚੋਟੀ ਦੇ ਨੇਤਾ
NEXT STORY