ਰੋਮ (ਦਲਵੀਰ ਕੈਂਥ)-ਕੋਰੋਨਾ ਵਾਇਰਸ ਵਧਣ ਕਾਰਨ ਵੱਖ-ਵੱਖ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ ਪਰ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਪਾਬੰਦੀ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਵਿਚ ਇਟਲੀ ਤੋਂ ਭਾਰਤ ਗਏ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਬਹੁਤੇ ਭਾਰਤੀ ਜਿਹੜੇ ਮਜਬੂਰੀਵੱਸ ਥੋੜ੍ਹੇ ਸਮੇਂ ਲਈ ਭਾਰਤ ਗਏ ਸਨ, ਉਨ੍ਹਾਂ ਦੇ ਕੰਮਕਾਰ ਉੱਜੜਨ ਕੰਢੇ ਹਨ, ਦੂਜਾ ਪੇਪਰਾਂ ਦੀ ਮਿਆਦ ਵੀ ਖਤਮ ਹੋ ਗਈ ਜਾਂ ਖ਼ਤਮ ਹੋਣ ਕੰਢੇ ਹੈ। ਅਜਿਹੇ ਬੁਰੇ ਦੌਰ ’ਚੋਂ ਬਾਹਰ ਨਿਕਲਣ ਲਈ ਇਟਲੀ ਦੇ ਭਾਰਤੀ ਇਟਲੀ ਵਾਪਸ ਆਉਣ ਲਈ ਤਰਲੋਮੱਛੀ ਹੋਣ ਲਈ ਲਾਚਾਰ ਹਨ ਤੇ ਇਟਲੀ ਵਾਪਸੀ ਦੀਆਂ ਮਹਿੰਗੀਆਂ ਟਿਕਟਾਂ ਖਰੀਦਣ ਲਈ ਮਜਬੂਰ ਹੋਣਗੇ। ਇਟਲੀ ਸਰਕਾਰ ਨੇ ਕੋਵਿਡ-19 ਦੇ ਮੁਕੰਮਲ ਖ਼ਾਤਮੇ ਤਕ ਪਿਛਲੇ ਦਿਨੀਂ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋਂ ਆਉਣ ਵਾਲੇ ਯਾਤਰੀਆਂ ’ਤੇ 30 ਮਈ 2021 ਤੱਕ ਪਾਬੰਦੀ ਲਗਾ ਦਿੱਤੀ ਸੀ।
ਜਿਹੜੇ ਭਾਰਤੀ ਇਨ੍ਹੀਂ ਦਿਨੀਂ ਭਾਰਤ ਇਟਲੀ ਤੋਂ ਕਿਸੇ ਮਜਬੂਰੀਵੱਸ ਗਏ ਹਨ, ਹੁਣ ਉਹ ਇਟਲੀ ਸਰਕਾਰ ਵੱਲ ਇਹ ਦੇਖ ਰਹੇ ਹਨ ਕਿ ਕਦੋਂ ਸਰਕਾਰ ਦੁਬਾਰਾ ਉਡਾਣਾਂ ਚਾਲੂ ਕਰੇਗੀ ਕਿਉਂਕਿ ਜਦ ਤੱਕ ਸਹੀ ਢੰਗ ਨਾਲ ਉਡਾਣਾਂ ਚਾਲੂ ਨਹੀਂ ਹੁੰਦੀਆਂ, ਉਦੋਂ ਤੱਕ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਟਿਕਟਾਂ ਦੇ ਨਾਂ ’ਤੇ ਲੁੱਟ-ਖਸੁੱਟ ਹੁੰਦੀ ਰਹੇਗੀ। ਪਿਛਲੇ ਸਾਲ ਵੀ ਉਨ੍ਹਾਂ ਭਾਰਤੀ ਲੋਕਾਂ ਦੀ ਲੁੱਟ ਦੋਵੇਂ ਹੱਥੀਂ ਨਿੱਜੀ ਉਡਾਣਾਂ ਵਾਲ਼ਿਆਂ ਵੱਲੋਂ ਕੀਤੀ ਗਈ, ਜਿਹੜੇ ਭਾਰਤ ’ਚ ਤਾਲਾਬੰਦੀ ਵਿੱਚ ਫਸ ਗਏ ਸਨ।ਇਸ ਸਾਲ ਫਿਰ ਇਹੀ ਗੋਰਖਧੰਦਾ ਹੋਣ ਜਾ ਰਿਹਾ ਹੈ, ਜਿਸ ਦੀ ਸਭ ਤੋਂ ਪਹਿਲੀ ਉਦਾਹਰਣ ਮਈ ’ਚ ਦੇਖਣ ਨੂੰ ਮਿਲ ਰਹੀ ਹੈ, ਜਿਸ ਤਹਿਤ ਭਾਰਤ ਤੋਂ ਹੋਰ ਯੂਰਪੀਅਨ ਦੇਸ਼ਾਂ ਰਾਹੀਂ ਇਟਲੀ ਆਉਣ ਵਾਲੇ ਭਾਰਤੀ ਲੋਕ ਜਿੱਥੇ ਪਹਿਲਾਂ ਇਟਲੀ ਤੋਂ ਬਾਹਰ 14 ਦਿਨ ਦਾ ਇਕਾਂਤਵਾਸ ਕੱਟਣਗੇ, ਫਿਰ ਬਾਅਦ ’ਚ ਇਟਲੀ ਆ ਕੇ ਵੀ ਉਨ੍ਹਾਂ ਸਰਕਾਰੀ ਕੈਂਪ ’ਚ ਇਕਾਂਤਵਾਸ ਕੱਟਣਾ ਪਵੇਗਾ ਮਤਲਬ ਉਹ ਇੱਕ ਮਹੀਨਾ ਇਕਾਂਤਵਾਸ ’ਚ ਹੀ ਖੱਜਲ-ਖੁਆਰ ਹੋਣਗੇ, ਜਦਕਿ ਜਿਹੜੇ ਪਹਿਲਾਂ 28 ਅਪ੍ਰੈਲ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਇਟਲੀ ਆਏ ਸਨ, ਉਹ ਹਾਲੇ ਤੱਕ ਵੀ ਸਰਕਾਰੀ ਕੈਂਪ ਵਿੱਚ ਹੀ ਹਨ ਤੇ ਵਾਰ-ਵਾਰ ਇਹ ਗੱਲ ਕਹਿ ਰਹੇ ਹਨ ਕਿ ਉਹ ਕੈਂਪ ’ਚ ਖਾਣ-ਪੀਣ ਤੇ ਦੇਖ-ਰੇਖ ਵਾਲ਼ੀਆਂ ਸਹੂਲਤਾਂ ਤੋਂ ਸੱਖਣੇ ਹਨ।
ਮਿਲੀ ਜਾਣਕਾਰੀ ਅਨੁਸਾਰ ਜਿਹੜੀਆਂ ਇਸ ਮਹੀਨੇ ਵਿਸ਼ੇਸ਼ ਉਡਾਣਾਂ ਹੋਰ ਯੂਰਪੀਅਨ ਦੇਸ਼ਾਂ ਤੋਂ ਹੁੰਦੀਆਂ ਹੋਈਆਂ 14-15 ਦਿਨਾਂ ਬਾਅਦ ਇਟਲੀ ਆਉਣਗੀਆਂ, ਉਨ੍ਹਾਂ ਦਾ ਸਿਰਫ ਇੱਕ ਪਾਸੇ ਦਾ ਕਿਰਾਇਆ ਭਾਰਤੀ ਕਰੰਸੀ ਦਾ ਤਕਰੀਬਨ 1,50,000 ਰੁਪਏ ਯਾਤਰੀਆਂ ਨੂੰ ਅਦਾ ਕਰਨਾ ਪੈ ਰਿਹਾ ਹੈ, ਜੋ ਆਮ ਨਾਲੋਂ 4 ਗੁਣਾ ਜ਼ਿਆਦਾ ਹੈ। ਜਿਹੜੇ ਇਸ ਦੌਰ ’ਚ ਇਟਲੀ ਤੋਂ ਭਾਰਤ ਜਾਂ ਹੋਰ ਦੇਸ਼ ਗਏ ਲੋਕ ਹਨ ਤੇ ਯਾਤਰਾ ਦੌਰਾਨ ਜਿਨ੍ਹਾਂ ਦੇ ਪੇਪਰਾਂ ਦੀ ਮਿਆਦ ਖ਼ਤਮ ਹੋ ਗਈ ਹੈ ਜਾਂ ਹੋਣ ਕਿਨਾਰੇ ਹੈ, ਦੇ ਪੇਪਰਾਂ ਦੀ ਮਿਆਦ ਨੂੰ ਇਟਲੀ ਸਰਕਾਰ ਨੇ 31 ਜੁਲਾਈ 2021 ਤੱਕ ਕਰ ਦਿੱਤਾ ਹੈ।
ਪਿਛਲੇ 24 ਘੰਟਿਆਂ ਦੌਰਾਨ ਰੂਸ 'ਚ ਕੋਰੋਨਾ ਵਾਇਰਸ ਦੇ 8 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਹੋਈ ਪੁਸ਼ਟੀ
NEXT STORY