ਨਰੇਸ਼ ਕੁਮਾਰੀ
ਪਰਿਵਾਰ ’ਤੇ ਇਸ ਦਿਵਸ ਦਾ ਮਹੱਤਵ:
ਆਮ ਕਹਾਵਤ ਹੈ, ‘‘ਕੱਲਾ ਤਾਂ ਰੁੱਖ ਵੀ ਨਾ ਹੋਵੇ” ਇਸੇ ਤੱਥ ਨੂੰ ਸਾਰਥਕ ਕਰਦੇ ਅੱਜ ਅੰਤਰਰਾਸ਼ਟਰੀ ਪਰਿਵਾਰ ਦਿਵਸ ’ਤੇ ਲਿਖਣਾ ਬਣਦਾ ਹੈ ਕਿ ਪਰਿਵਾਰ ਸਾਡੇ ਸਮਾਜ ਦੀ ਇਕ ਮਜ਼ਬੂਤ ਅਤੇ ਅਹਿਮ ਇਕਾਈ ਹੈ। ਜਿਸ ਤਰਾਂ ਸੰਸਾਰ ਵਿਚ ਮਾਤਾ-ਪਿਤਾ, ਪ੍ਰੇਮੀ-ਪ੍ਰੇਮਿਕਾ, ਮਜ਼ਦੂਰ, ਚਾਕਲੇਟ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਰਿਸ਼ਤਿਆਂ ’ਤੇ ਚੀਜ਼ਾਂ ਨੂੰ ਸਮਰਪਿਤ ਦਿਨ ਮਨਾਉਂਦੇ ਹਾਂ, ਉਸੇ ਤਰ੍ਹਾਂ ਪਰਿਵਾਰ ਦੀ ਉੱਤਮਤਾ ਨੂੰ ਵੇਖਦੇ ਹੋਏ ਇਕ ਦਿਨ ਇਸ ਨੂੰ ਵੀ ਸਮਰਪਿਤ ਕੀਤਾ ਗਿਆ ਹੈ। ਇਹ ਦਿਨ ਅੰਤਰਰਾਸ਼ਟਰੀ ਪਰਿਵਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਆਮ ਤੌਰ ’ਤੇ ਪਰਿਵਾਰ ਦੋ ਤਰ੍ਹਾਂ ਨਾਲ ਦੇਖੇ ਜਾਂਦੇ ਹਨ- ਸੰਯੁਕਤ ਅਤੇ ਏਕਲ ਪਰਿਵਾਰ। ਇਨ੍ਹਾਂ ਦੇ ਦੋਨੇ ਪੱਖ ਹਨ, ਸਕਾਰਾਤਮਿਕ ਤੇ ਨਕਾਰਾਤਮਿਕਪਰ ਦੇਖਿਆ ਜਾਵੇ ਤਾਂ ਸਕਾਰਾਤਮਿਕ ਪੱਖ ਸਦਾ ਹੀ ਨਕਾਰਾਤਮਿਕ ਪੱਖ ’ਤੇ ਭਾਰੂ ਰਿਹਾ ਹੈ। ਜਿਥੇ ਏਕਲ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਉਪਰ ਹੀ ਹੁੰਦੀ ਹੈ, ਉਥੇ ਦੂਜੇ ਪਾਸੇ ਸੰਯੁਕਤ ਪਰਿਵਾਰ ਥੋੜੇ ਬਹੁਤੇ ਤਣਾਅ ਨਾਲ ਪਰਵਾਰਿਕ ਮੈਂਬਰਾਂ ਦੀ ਹਰ ਤਰ੍ਹਾਂ ਦੀ ਮਦਦ ਦੇ ਸੰਬੰਧ ਵਿਚ ਵਰਦਾਨ ਸਾਬਿਤ ਹੁੰਦਾ ਹੈ। ਪਰਿਵਾਰਾਂ ਦਾ ਚਲਨ ਸਿਰਫ ਸਾਡੇ ਭਾਰਤੀ ਸਮਾਜ ਵਿਚ ਹੀ ਨਹੀਂ, ਸਗੋਂ ਥੋੜੇ ਬਹੁਤੇ ਫਰਕ ਨਾਲ ਸੰਸਾਰ ਭਰ ਵਿਚ ਵੀ ਪ੍ਰਚਲਿਤ ਹੈ। ਹੁਣ ਮੈਂ ਨਿਊਜ਼ੀਲੈਂਡ ਵਿਚ ਘੁੱਗ ਵੱਸਦੇ ਕੁਝ ਪਰਿਵਾਰਾਂ ਦਾ ਇਸ ਖਾਸ ਦਿਵਸ ’ਤੇ ਜ਼ਿਕਰ ਕਰਨਾ ਜ਼ਰੂਰੀ ਸਮਝਦੀ ਹਾਂ, ਕਿਉਂਕਿ ਇਨ੍ਹਾਂ ਨੇ ਭਾਰਤ ਤੋਂ ਹਜ਼ਾਰਾਂ ਮੀਲ ਦੂਰ, ਇਕ ਵਿਲੱਖਣ ਸੱਭਿਅਤਾ ਵਾਲੇ ਦੇਸ਼ ਵਿਚ ਵੀ ਪਰਿਵਾਰਕ ਪ੍ਰੰਪਰਾ ਨੂੰ ਨਾ ਕੇਵਲ ਸੰਜੋਅ ਕੇ , ਸਗੋਂ ਸਵਾਰ ਕੇ ਵੀ ਰੱਖਿਆ ਹੋਇਆ ਹੈ।
ਅਵਤਾਰ ਤਰਕਸ਼ੀਲ ਅਤੇ ਉਨ੍ਹਾਂ ਦਾ ਪਰਿਵਾਰ:
ਅਵਤਾਰ ਜੀ ਦਾ ਪਰਿਵਾਰ ਸਾਊਥ ਆਕਲੈਂਡ ਦੇ ਪੁਕੀਕੁਈ ਇਲਾਕੇ ਦਾ ਵਸਨੀਕ ਹੈ। ਇਹ ਇਲਾਕਾ ਸਿਟੀ ਸੈਂਟਰ ਤੋਂ ਥੋੜਾ ਦੁਰਾਡੇ ਦਾ ਹੈ ਪਰ ਇਹ ਇਲਾਕਾ ਬੇਹੱਦ ਰਮਨੀਕ ਹੈ। ਅਵਤਾਰ ਇਸ ਥਾਂ ’ਤੇ ਆਪਣੀ ਪਤਨੀ ਸ੍ਰੀਮਤੀ ਮਨਜੀਤ ਕੌਰ ਜੀ ਤੇ ਤਿੰਨ ਬੇਟਿਆਂ ਨਵਦੀਪ ਸਿੰਘ, ਲਵਦੀਪ ਸਿੰਘ ਤੇ ਸੀਰਤਦੀਪ ਸਿੰਘ ਨਾਲ ਤੀਹ ਸਾਲਾਂ ਤੋਂ ਰਹਿ ਰਹੇ ਹਨ। ਉਹ ਬਹੁਤ ਸਾਰੇ ਧੰਦਿਆਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਦੱਸਣਯੋਗ ਹੈ ਕਿ ਇਹ ਪੂਰਾ ਪਰਿਵਾਰ ਇਨ੍ਹਾਂ ਸਾਰਿਆਂ ਕੰਮਾਂ ਵਿਚ ਸਿੱਧੇ ਅਤੇ ਅਸਿੱਧੇ ਤੌਰ ’ਤੇ ਪੂਰਾ ਯੋਗਦਾਨ ਦੇਣ ਦੇ ਨਾਲ-ਨਾਲ ਘਰੇਲੂ ਅਤੇ ਪਰਿਵਾਰਕ ਖੁਸ਼ੀਆਂ ਨੂੰ ਵੀ ਮੌਕਾ ਕੱਢਕੇ ਨਿੱਠਕੇ ਮਨਾਉਂਦਾ ਹੈ। ਦਿਨ ਤਿਉਹਾਰ, ਘੁੰਮਣਾ ਫਿਰਨਾ, ਦੁੱਖ-ਸੁੱਖ, ਸਭ ਕੁਝ ਵੰਡ ਕੇ ਨਿਭਾਇਆ ਜਾਂਦਾ ਹੈ। ਇਥੋਂ ਤੱਕ ਕੇ ਸ਼ਾਮ ਦੇ ਭੋਜਨ ਦਾ ਇਕੱਠੇ ਬੈਠਕੇ ਹੀ ਆਨੰਦ ਮਾਣਿਆ ਜਾਂਦਾ ਹੈ। ਜਿਵੇਂ ਕਿ ਅਵਤਾਰ ਜੀ ਦੇ ਨਾਮ ਨਾਲ ਤਰਕਸ਼ੀਲ ਤਖ਼ੱਲਸ ਜੁੜਿਆ ਹੈ, ਕਿਉਂਕਿ ਉਹ ਵਹਿਮਾਂ ਭਰਮਾਂ ਤੋਂ ਦੂਰ ਤਰਕ ਨਾਲ ਵਰਤਾਰਾ ਕਰਨ ਵਾਲੀ ਸ਼ਖ਼ਸੀਅਤ ਦੇ ਮਾਲਕ ਹਨ। ਪੰਜਾਬ ਵਿਚ ਰਹਿੰਦਿਆਂ ਹੀ ਲੋਕਾਂ ਨੇ ਇਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਪਰੋਕਤ ਤਖ਼ੱਲਸ ਲਗਾ ਦਿੱਤਾ ਸੀ। ਇਸਦੇ ਨਾਲ-ਨਾਲ ਕਿਤਾਬਾਂ ਦੀਆਂ ਕਈ ਲਾਇਬ੍ਰੇਰੀਆਂ, ਕਈ ਕੰਪਨੀਆਂ ਦੇ ਡਾਇਰੈਕਟਰ, ਜਾਇਦਾਦ ਨਿਵੇਸ਼ਕ, ਜਾਇਦਾਦ ਵਪਾਰੀ, ਕਿਵੀ ਫਰੂਟ ਦੇ ਵਪਾਰ ਨੂੰ ਵਿਕਸਿਤ ਕਰਨ ਵਾਲੇ ਅਤੇ ਕਈ ਤਰਾਂ ਦੇ ਸਮਾਜ ਸੇਵਾ ਨਾਲ ਜੁੜੇ ਹਨ। ਅਸੀਂ ਸਾਰੇ ਸਮਝ ਹੀ ਸਕਦੇ ਹਾਂ ਕਿ ਇੰਨੇ ਸਾਰੇ ਕੰਮ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਲੱਗਭਗ ਅਸੰਭਵ ਹਨ। ਅਵਤਾਰ ਜੀ ਦੀ ਸੁਪਤਨੀ ਸ੍ਰੀਮਤੀ ਮਨਜੀਤ ਕੌਰ ਜੀ ਨੇ ਵਿਆਹ ਤੋਂ ਪਹਿਲਾਂ ਹੀ ਆਪ ਦੀ ਇਸ ਵਿਲੱਖਣ ਅਤੇ ਸੇਵਾ ਭਾਵ ਵਾਲੀ ਜੀਵਨ ਸ਼ੈਲੀ ਨੂੰ ਅਪਨਾਉਣ ’ਤੇ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਅਤੇ ਅਸਲੀ ਅਰਥਾਂ ਵਿਚ ਨਿਭਾ ਵੀ ਰਹੇ ਹਨ। ਅਵਤਾਰ ਜੀ ਪਿਛਲੇ ਪੱਚੀ ਸਾਲਾਂ ਤੋਂ ਲਾਇਬ੍ਰੇਰੀਆਂ ਨਾਲ ਸਬੰਧਿਤ ਹੋ। ਇਹ ਲਾਇਬ੍ਰੇਰੀਆਂ ਜ਼ਰੂਰਤਮੰਦਾਂ ਨੂੰ, ਨਾ ਕੇਵਲ ਨਿਊਜ਼ੀਲੈਂਡ ਵਿਚ ਸਗੋਂ ਬਠਿੰਡੇ ਦੇ ਇਕ ਪਿੰਡ ‘ਜੀਦਾ'ਵਿਖੇ ਵੀ ਫਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ, ਜੋ ਅਵਤਾਰ ਜੀ ਦੇ ਪਰਿਵਾਰ ਸਦਕਾ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਇਹ ਪਰਿਵਾਰ, ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਘਰ ਅਤੇ ਕੰਮ ਆਦਿ ਲੱਭਣ ਵਿਚ ਵੀ ਸਹਾਇਤਾ ਕਰਦਾ ਹੈ। ਲੋੜਵੰਦ 0800 ’ਤੇ ਫੋਨ ਕਰਕੇ ਮਦਦ ਲੈ ਸਕਦੇ ਹਨ।
ਤਨਵੀਰ ਢਿੱਲੋਂ ਅਤੇ ਉਨ੍ਹਾਂ ਦਾ ਪਰਿਵਾਰ:
ਤਨਵੀਰ ਢਿੱਲੋਂ ਜੀ ਨੂੰ ਨਿਊਜ਼ੀਲੈਂਡ ਆਇਆ ਗਿਆਰਾਂ ਸਾਲ ਹੋ ਗਏ ਹਨ। ਇਸ ਵੇਲੇ ਉਹ ਆਪਣੇ ਪਰਿਵਾਰ ਸਮੇਤ ਕਰਾਇਸਟਚਰਚ ਨਾਂ ਦੇ ਇਕ ਸ਼ਹਿਰ ਵਿਚ ਰਹਿ ਰਹੇ ਹਨ। ਇਨ੍ਹਾਂ ਆਈ.ਟੀ. ਵਿਚ ਪੜ੍ਹਾਈ ਕਰਨ ਦੇ ਨਾਲ-ਨਾਲ ਦੋ ਦੋ ਨੌਕਰੀਆਂ ਕੀਤੀਆਂ। ਪਿੱਛੇ ਮਾਤਾ-ਪਿਤਾ ਦੀ ਮਾਇਕ ਮਦਦ ਕਰਨ ਦੇ ਨਾਲ-ਨਾਲ ਆਪਣਾ ਵਿਆਹ ਵਿਦੇਸ਼ੀ ਮੂਲ ਦੀ ਇਕ ਕੁੜੀ ਲੂਸੀ ਨਾਲ ਕਰਵਾ ਕੇ ਘਰ ਸੈੱਟ ਕੀਤਾ। ਇਨ੍ਹਾਂ ਦੀ ਪਤਨੀ ਪੇਸ਼ੇ ਵਜੋਂ ਇਕ ਨਰਸ ਹਨ। ਦੋਵੇਂ ਜਣੇ ਬੜੀ ਹੀ ਸੂਝ-ਬੂਝ ਅਤੇ ਆਪਸੀ ਤਾਲਮੇਲ ਨਾਲ ਚੱਲਦੇ ਹਨ। ਲੂਸੀ ਵੀ ਆਪਣੇ ਪਤੀ ਅਤੇ ਸੱਸ ਸਹੁਰਿਆਂ ਨਾਲ ਪੂਰੇ ਆਦਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਅਤੇ ਪਰਿਵਾਰਕ ਚਲਨ ਨੂੰ ਅਪਨਾਉਣ ਵਿਚ ਕੋਈ ਕਸਰ ਨਹੀਂ ਛੱਡੀ। ਥੋੜੀ ਦੇਰ ਪਹਿਲਾਂ ਹੀ ਇਨ੍ਹਾਂ ਦੇ ਘਰ ਇਕ ਪੁੱਤਰ ਆਦੀ ਸਿੰਘ ਢਿੱਲੋਂ ਨੇ ਜਨਮ ਲਿਆ। ਇਹ ਪਰਿਵਾਰ ਦੋ ਸਭਿਅਤਾਵਾਂ ਦੇ ਸੁਮੇਲ ਦਾ ਇਕ ਉੱਤਮ ਨਮੂਨਾ ਪੇਸ਼ ਕਰਦਾ ਹੈ। ਹੁਣ ਤਨਵੀਰ ਜੀ ਨੇ ਆਪਣੇ ਮਾਤਾ-ਪਿਤਾ ਨੂੰ ਵੀ ਇਥੇ ਬੁਲਾ ਕੇ ਖੁਸ਼ੀਆਂ ਨੂੰ ਦੋਗੁਣਾ ਬਣਾ ਦਿੱਤਾ ਹੈ। ਸਾਰਾ ਪਰਿਵਾਰ ਬੜੇ ਤਾਲਮੇਲ ਤੇ ਆਪਸੀ ਪਿਆਰ ਨਾਲ ਰਹਿੰਦਾ ਅਤੇ ਰਿਸ਼ਤਿਆਂ ਦਾ ਨਿੱਘ ਮਾਣਦਾ ਹੈ। ਲੂਸੀ ਜੀ ਦੀ ਹਰ ਕੋਸ਼ਿਸ਼ ਹੁੰਦੀ ਹੈ ਕਿ ਉਹ ਮਾਤਾ-ਪਿਤਾ ਦਾ ਪੂਰਾ ਸਤਿਕਾਰ ਕਰੇ, ਵਕਤ ਨਾਲ ਖਾਣਾ ਆਦਿ ਮੁਹੱਈਆ ਕਰਵਾਏ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਲੋੜ ਪੂਰੀ ਕਰ ਸਕੇ। ਬਿਲਕੁਲ ਇਸੇ ਤਰ੍ਹਾਂ ਤਨਵੀਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਲੂਸੀ ਨੂੰ ਹੱਥੀਂ ਛਾਵਾਂ ਕਰਦੇ ਹਨ ਤੇ ਹਰ ਤਰਾਂ ਦੇ ਫੈਸਲੇ ਵਿਚ ਨੂੰਹ ਨੂੰ ਜ਼ਰੂਰ ਸ਼ਾਮਲ ਕਰਦੇ ਹਨ।
ਜਿਗਨੇਸ਼ ਜੀ ਅਤੇ ਉਨ੍ਹਾਂ ਦਾ ਪਰਿਵਾਰ:
ਉਪਰੋਕਤ ਪਰਿਵਾਰ ਗੁਜਰਾਤ ਨਾਲ ਸਬੰਧਤ ਹੈ। ਪਤੀ-ਪਤਨੀ ਤੇ ਇਕ ਬੱਚੀ ਸਮੇਤ ਇਹ ਪਰਿਵਾਰ ਵੀ ਆਕਲੈਂਡ ਦਾ ਪੱਕਾ ਵਸਨੀਕ ਹੈ। ਜਿਗਨੇਸ਼ ਜੀ ਦੀ ਪਤਨੀ ਆਰਤੀ ਤੇ ਬੱਚੀ ਰੀਆ ਇਕ ਆਦਰਸ਼ ਪਰਿਵਾਰ ਦੀ ਚੰਗੀ ਉਦਾਹਰਣ ਹਨ। ਪਤੀ-ਪਤਨੀ ਦੋਨੋਂ ਕੰਮਕਾਜੀ ਹਨ ਅਤੇ ਬੱਚੀ ਸਕੂਲ ਜਾਂਦੀ ਹੈ। ਲੋੜ ਪੈਣ ’ਤੇ ਦੋਨੇ ਜੀਅ ਵਾਰੀ-ਵਾਰੀ ਛੁੱਟੀ ਲੈ ਕੇ ਬੱਚੀ ਦੀ ਦੇਖਭਾਲ, ਘਰ ਦੇ ਹੋਰ ਕੰਮ ਅਤੇ ਪਿੱਛੇ ਰਹਿ ਰਹੇ ਮਾਤਾ-ਪਿਤਾ ਦੀਆਂ, ਜਿੰਨੀਆਂ ਹੋ ਸਕਣ ਲੋੜਾਂ ਪੂਰੀਆਂ ਕਰਦੇ ਹਨ। ਜਿਗਨੇਸ਼ ਸੁਪਰਮਾਰਕੀਟ ਵਿਚ ਮੈਨੇਜਰ ਅਤੇ ਉਨ੍ਹਾਂ ਦੀ ਪਤਨੀ ਇਕ ਇੰਟਰਪਰੀਟਰ ਦਾ ਕੰਮ ਕਰਦੇ ਹਨ। ਇਨ੍ਹਾਂ ਦਾ ਸ਼ਾਮ ਦਾ ਵਕਤ ਆਪਣੀ ਬੱਚੀ ਨਾਲ ਖੇਡਣ, ਪੜ੍ਹਾਉਣ ਅਤੇ ਰਸੋਈ ਵਿਚ ਅਗਲੇ ਦਿਨ ਦੀ ਤਿਆਰੀ ਹੇਤ ਗੁਜ਼ਰਦਾ ਹੈ। ਦੋਵੇਂ ਪਤੀ-ਪਤਨੀ ਆਪਣੀ ਬੱਚੀ ਨੂੰ ਵੀ ਆਪਣੇ ਨਾਲ ਥੋੜਾ ਬਹੁਤਾ ਕੰਮ ਵਿਚ ਹੱਥ ਵਟਾਉਣ ਲਈ ਲਗਾਉਂਦੇ ਹਨ।
ਛੁੱਟੀ ਵਾਲੇ ਦਿਨ ਬਾਹਰ ਘੁੰਮਣ ਫਿਰਨ, ਘਰ ਦੀ ਸਾਫ ਸਫਾਈ, ਤੇ ਖਰੀਦੋ ਫਰੋਖਤ ਵਿਚ ਬਿਤਾਉਂਦੇ ਹਨ। ਦੋਸਤਾਂ ਮਿੱਤਰਾਂ ਨੂੰ ਮਿਲਣਾ ਗਿਲਣਾ, ਤੀਜ਼ ਤਿਉਹਾਰ ਮਨਾਉਣਾ ਵੀ ਇਹ ਪਰਿਵਾਰ ਬੜੇ ਹੀ ਸੁਲਝੇ ਢੰਗ ਨਾਲ ਕਰਦਾ ਹੈ।
UK ਦੀਆਂ ਸੜਕਾਂ ਤੇ ਰੇਲਵੇ ਲਈ ਸਰਕਾਰ ਨੇ ਕੀਤਾ 2 ਬਿਲੀਅਨ ਪੌਂਡ ਦਾ ਐਲਾਨ
NEXT STORY