ਇੰਟਰਨੈਸ਼ਨਲ ਡੈਸਕ- ਅਮਰੀਕਾ ਨਾਲ ਵਧਦੇ ਜਾ ਰਹੇ ਤਣਾਅ ਵਿਚਾਲੇ ਈਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਨੇ ਸ਼ਨੀਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤੈਯਪ ਏਰਦੋਗਨ ਅਤੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੇਤਰੀ ਸੁਰੱਖਿਆ ਅਤੇ ਅਮਰੀਕਾ ਨਾਲ ਵਧਦੇ ਤਣਾਅ ਦੇ ਮੁੱਦੇ 'ਤੇ ਈਰਾਨ ਦਾ ਪੱਖ ਸਪੱਸ਼ਟ ਕੀਤਾ।
ਇਸ ਮੁਲਾਕਾਤ ਦੌਰਾਨ ਅਰਾਘਚੀ ਨੇ ਦੁਹਰਾਇਆ ਕਿ ਈਰਾਨ ਨੇ ਕਦੇ ਵੀ ਪ੍ਰਮਾਣੂ ਹਥਿਆਰਾਂ ਦੀ ਇੱਛਾ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਈਰਾਨ ਇੱਕ ਅਜਿਹੇ 'ਨਿਰਪੱਖ ਅਤੇ ਬਰਾਬਰੀ' ਵਾਲੇ ਪ੍ਰਮਾਣੂ ਸਮਝੌਤੇ ਲਈ ਤਿਆਰ ਹੈ ਜੋ ਉਨ੍ਹਾਂ ਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰੇ ਅਤੇ ਜਿਸ ਤਹਿਤ ਈਰਾਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾਈਆਂ ਜਾਣ।
ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਗੱਲਬਾਤ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ, ਪਰ ਗੱਲਬਾਤ ਧਮਕੀਆਂ ਦੇ ਸਾਏ ਹੇਠ ਨਹੀਂ ਹੋ ਸਕਦੀ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਵਿਰੁੱਧ ਫੌਜੀ ਕਾਰਵਾਈ ਦੀਆਂ ਸੰਭਾਵਨਾਵਾਂ ਨੂੰ ਰੱਦ ਨਾ ਕਰਨ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ।
ਅਰਾਘਚੀ ਨੇ ਸਪੱਸ਼ਟ ਕੀਤਾ ਕਿ ਈਰਾਨ ਦੀਆਂ ਰੱਖਿਆ ਅਤੇ ਮਿਜ਼ਾਈਲ ਸਮਰੱਥਾਵਾਂ ਕਦੇ ਵੀ ਕਿਸੇ ਗੱਲਬਾਤ ਦਾ ਵਿਸ਼ਾ ਨਹੀਂ ਬਣਨਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੱਖਿਆ ਸਮਰੱਥਾਵਾਂ ਦਾ ਵਿਸਥਾਰ ਕਰਨਾ ਉਨ੍ਹਾਂ ਦਾ ਆਪਣਾ ਮਾਮਲਾ ਹੈ।
ਈਰਾਨ ਨੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਤੁਰਕੀ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਵਿਚੋਲਗੀ ਦੀ ਸ਼ਲਾਘਾ ਕੀਤੀ ਹੈ। ਇਹ ਕੂਟਨੀਤਕ ਹਲਚਲ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਟਰੰਪ ਪ੍ਰਸ਼ਾਸਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਅਤੇ ਉੱਥੇ ਹੋ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਲਗਾਤਾਰ ਦਬਾਅ ਬਣਾ ਰਿਹਾ ਹੈ
ਨਿਪਾਹ ਵਾਇਰਸ ਦਾ ਖ਼ੌਫ਼! ਭਾਰਤ 'ਚ ਮਾਮਲੇ ਮਿਲਣ ਮਗਰੋਂ ਵਿਦੇਸ਼ਾਂ 'ਚ ਵੀ ਅਲਰਟ, ਜਾਣੋ ਕਿੰਨਾ ਘਾਤਕ ਹੈ ਇਹ ਵਾਇਰਸ
NEXT STORY