ਇੰਟਰਨੈਸ਼ਨਲ ਡੈਸਕ : ਗਾਜ਼ਾ ਵਿਚ 15 ਮਹੀਨਿਆਂ ਤੋਂ ਚੱਲੀ ਆ ਰਹੀ ਜੰਗ ਵਿਚ ਉਲਝੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਗਾਜ਼ਾ 'ਚ 15 ਮਹੀਨਿਆਂ ਤੋਂ ਚੱਲੀ ਜੰਗ 'ਚ ਉਲਝੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਹੋ ਗਿਆ ਹੈ।
ਖਬਰਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਸਮਝੌਤਾ ਛੇ ਹਫ਼ਤਿਆਂ ਦੇ ਸ਼ੁਰੂਆਤੀ ਜੰਗਬੰਦੀ ਪੜਾਅ ਦੀ ਵਿਵਸਥਾ ਕਰਦਾ ਹੈ ਅਤੇ ਇਸ ਵਿਚ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਕ੍ਰਮਵਾਰ ਵਾਪਸੀ ਅਤੇ ਹਮਾਸ ਦੁਆਰਾ ਇਜ਼ਰਾਈਲੀ ਬੰਧਕਾਂ ਦੀ ਅਦਲਾ-ਬਦਲੀ ਸ਼ਾਮਲ ਹੋਵੇਗੀ। ਹਾਲਾਂਕਿ ਅਜੇ ਤੱਕ ਜੰਗਬੰਦੀ ਨੂੰ ਲੈ ਕੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਮਿਸਰ ਅਤੇ ਕਤਰ ਦੀ ਅਗਵਾਈ 'ਚ ਹੋਈ ਜੰਗਬੰਦੀ
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤਾ ਅਮਰੀਕਾ ਦੇ ਸਮਰਥਨ ਵਾਲੇ ਮਿਸਰ ਅਤੇ ਕਤਰ ਦੀ ਅਗਵਾਈ ਵਿਚ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਆਇਆ ਹੈ। ਇਹ ਜੰਗਬੰਦੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਕੁਝ ਦਿਨ ਪਹਿਲਾਂ ਹੋਈ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਦੀ ਵੱਡੀ ਸਫਲਤਾ ਦੱਸਿਆ ਜਾ ਰਿਹਾ ਹੈ।
ਇਜ਼ਰਾਈਲੀ ਲੋਕਾਂ ਨੇ ਕੀਤਾ ਵਿਰੋਧ
ਜੰਗਬੰਦੀ ਤੋਂ ਪਹਿਲਾਂ ਸੂਚਨਾ ਆਈ ਸੀ ਕਿ ਗਾਜ਼ਾ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਸਮਝੌਤਾ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਹੱਥਾਂ 'ਚ ਵੱਡੇ-ਵੱਡੇ ਬੈਨਰ-ਪੋਸਟਰ ਅਤੇ ਇਜ਼ਰਾਈਲੀ ਝੰਡੇ ਲੈ ਕੇ ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਦੀਆਂ ਸੜਕਾਂ 'ਤੇ ਵਿਸ਼ਾਲ ਮਾਰਚ ਕੱਢਿਆ। ਲੋਕਾਂ ਨੇ ਹਮਾਸ ਨੂੰ ਸ਼ੈਤਾਨ ਦੱਸਿਆ ਅਤੇ ਸਰਕਾਰ ਤੋਂ ਕਿਸੇ ਵੀ ਹਾਲਤ ਵਿਚ ਇਸ ਨਾਲ ਸਮਝੌਤਾ ਨਾ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਇਜ਼ਰਾਈਲ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੇਲ ਅਵੀਵ ਵਿਚ ਬੰਧਕਾਂ ਦੇ ਪਰਿਵਾਰਾਂ ਨੇ ਇਕਜੁੱਟ ਹੋ ਕੇ ਸਰਕਾਰ ਨੂੰ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਜੰਗਬੰਦੀ ਦੇ ਪਹਿਲੇ ਪੜਾਅ ਦੌਰਾਨ ਬਿਮਾਰ ਅਤੇ ਜ਼ਖਮੀ ਬੰਧਕਾਂ ਸਮੇਤ 33 ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਰਿਹਾਅ ਕੀਤਾ ਜਾਵੇਗਾ। ਇਸ ਰਿਹਾਈ ਦੇ ਬਦਲੇ ਸੈਂਕੜੇ ਫਲਸਤੀਨੀ ਕੈਦੀਆਂ ਨੂੰ ਵੀ ਵਾਪਸ ਭੇਜਿਆ ਜਾਵੇਗਾ।
ਦੱਸਣਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਉਦੋਂ ਸ਼ੁਰੂ ਹੋਈ ਸੀ, ਜਦੋਂ ਹਮਾਸ ਦੀ ਅਗਵਾਈ ਵਾਲੇ ਅੱਤਵਾਦੀਆਂ ਨੇ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ 'ਚ ਕਰੀਬ 1200 ਲੋਕ ਮਾਰੇ ਗਏ ਸਨ ਅਤੇ ਕਰੀਬ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਇਜ਼ਰਾਇਲੀ ਸੁਰੱਖਿਆ ਬਲਾਂ ਨੇ ਗਾਜ਼ਾ 'ਚ ਹਮਲੇ ਸ਼ੁਰੂ ਕਰ ਦਿੱਤੇ ਅਤੇ ਹਮਾਸ ਦੇ ਨਾਸ਼ ਹੋਣ ਤੱਕ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ।
'46 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਏ ਮੌਤ'
ਗਾਜ਼ਾ ਦੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਅਕਤੂਬਰ 2023 ਤੋਂ ਗਾਜ਼ਾ ਵਿਚ ਇਜ਼ਰਾਈਲੀ ਮੁਹਿੰਮ ਦੌਰਾਨ 46,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਜਦੋਂਕਿ ਲੱਖਾਂ ਲੋਕ ਟੈਂਟਾਂ ਅਤੇ ਅਸਥਾਈ ਮੁੜ ਵਸੇਬਾ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗ ਕੀਤੀ ਹੈ ਕਿ ਇਜ਼ਰਾਈਲ-ਹਮਾਸ ਜੰਗਬੰਦੀ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ। ਉਸ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਬੰਧਕ ਵਾਪਸ ਨਾ ਕੀਤੇ ਗਏ ਤਾਂ ਹਮਾਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਟਰੰਪ ਦੇ ਮੱਧ ਪੂਰਬ ਦੇ ਰਾਜਦੂਤ ਸਟੀਵ ਵਿਟਕੌਫ ਨੇ ਵਿਆਪਕ ਗੱਲਬਾਤ ਦੀ ਅਗਵਾਈ ਕੀਤੀ ਅਤੇ ਸੌਦੇ ਨੂੰ ਸੀਲ ਕਰਨ ਲਈ ਰਾਸ਼ਟਰਪਤੀ ਦਾ ਅਹੁਦਾ ਛੱਡਣ ਵਾਲੇ ਜੋਅ ਬਾਈਡੇਨ ਨਾਲ ਮਿਲ ਕੇ ਕੰਮ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਜ਼ਾ 'ਚ 15 ਮਹੀਨਿਆਂ ਬਾਅਦ ਸ਼ਾਂਤੀ, ਇਜ਼ਰਾਈਲ ਅਤੇ ਹਮਾਸ ਜੰਗਬੰਦੀ 'ਤੇ ਸਹਿਮਤ
NEXT STORY