ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਤਣਾਅ ਘੱਟ ਕਰਨ ਲਈ ਵਾਸ਼ਿੰਗਟਨ ਡੀ.ਸੀ. ਵਿਚ ਹੋਈ ਇਤਿਹਾਸਕ ਵਾਰਤਾ ਦੇ ਬਾਵਜੂਦ ਜ਼ਮੀਨੀ ਹਾਲਾਤ ਹੋਰ ਵਿਗੜਦੇ ਨਜ਼ਰ ਆ ਰਹੇ ਹਨ। ਹਿਜ਼ਬੁੱਲਾ ਅਤੇ ਇਜ਼ਰਾਈਲੀ ਫ਼ੌਜ ਵਿਚਾਲੇ ਭਿਆਨਕ ਜੰਗ ਲਗਾਤਾਰ ਜਾਰੀ ਹੈ। ਰਿਪੋਰਟ ਦੇ ਮੁਤਾਬਕ, ਬੁੱਧਵਾਰ ਨੂੰ ਬੈਰੂਤ ਦੇ ਦੱਖਣੀ ਤੱਟੀ ਹਾਈਵੇਅ ’ਤੇ ਸਾਦੀਯਾਤ ਅਤੇ ਜਿਯੇਹ ਕਸਬਿਆਂ ਕੋਲ ਇਜ਼ਰਾਈਲੀ ਹਮਲਿਆਂ ’ਚ 2 ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਘਟਨਾ ਸਥਾਨ ’ਤੇ ਸੜੀ ਹੋਈ ਵੈਨ ਅਤੇ ਉਸ ’ਚੋਂ ਮਨੁੱਖੀ ਅਵਸ਼ੇਸ਼ ਬਰਾਮਦ ਹੋਣ ਦੀ ਖ਼ਬਰ ਹੈ।
ਉੱਤਰੀ ਇਜ਼ਰਾਈਲ ਦੇ ਟਿਕਾਣਿਆਂ ’ਤੇ ਵੀ ਹਮਲਾ
ਜਿੱਥੇ ਇਕ ਪਾਸੇ ਕੂਟਨੀਤਕ ਪੱਧਰ ’ਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ, ਉੱਥੇ ਹੀ ਜ਼ਮੀਨੀ ਹਕੀਕਤ ਵਿਚ ਹਿੰਸਾ ਅਤੇ ਤਬਾਹੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਲਿਬਨਾਨ-ਇਜ਼ਰਾਈਲ ਸੰਘਰਸ਼ ਹੁਣ ਇਕ ਵੱਡੇ ਮਨੁੱਖੀ ਸੰਕਟ ਦਾ ਰੂਪ ਲੈਂਦਾ ਜਾ ਰਿਹਾ ਹੈ। ਉੱਤਰੀ ਇਜ਼ਰਾਈਲ ਦੇ ਤਮਰਾ ਸ਼ਹਿਰ ਵਿਚ ਹਿਜ਼ਬੁੱਲਾ ਵੱਲੋਂ ਦਾਗੇ ਗਏ ਕਰੀਬ 30 ਰਾਕੇਟਾਂ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਹਿਜ਼ਬੁੱਲਾ ਨੇ ਦਾਅਵਾ ਕੀਤਾ ਕਿ ਉਸ ਨੇ ਉੱਤਰੀ ਇਜ਼ਰਾਈਲ ਦੇ 10 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਦੱਖਣੀ ਲਿਬਨਾਨ ’ਚ ਜ਼ਮੀਨੀ ਕਾਰਵਾਈ ਤੇਜ਼
ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਦੱਖਣੀ ਲਿਬਨਾਨ ’ਚ ਉਸ ਦੀ ਜ਼ਮੀਨੀ ਮੁਹਿੰਮ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਵਿਚ 200 ਤੋਂ ਵੱਧ ਹਿਜ਼ਬੁੱਲਾ ਟਿਕਾਣਿਆਂ ਨੂੰ ਹਥਿਆਰਾਂ ਦੇ ਜ਼ਖ਼ੀਰੇ ਸਮੇਤ ਤਬਾਹ ਕੀਤਾ ਗਿਆ ਹੈ। ਨਾਲ ਹੀ ਫ਼ੌਜ ਨੇ ਦੱਖਣੀ ਲਿਬਨਾਨ ਦੇ ਵੱਡੇ ਹਿੱਸੇ ਵਿਚ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਦੁਹਰਾਈ ਹੈ। ਇਜ਼ਰਾਈਲ ਨੇ ਲਿਬਨਾਨੀ ਸਰਹੱਦ ਦੇ ਅੰਦਰ 8-10 ਕਿਲੋਮੀਟਰ ਤੱਕ ਸੁਰੱਖਿਆ ਬਫਰ ਜ਼ੋਨ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਹ ਕਦਮ ਹਿਜ਼ਬੁੱਲਾ ਦੇ ਹਮਲਿਆਂ ਤੋਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ
ਵਾਸ਼ਿੰਗਟਨ ਵਿਚ 30 ਸਾਲਾਂ ਬਾਅਦ ਸਿੱਧੀ ਗੱਲਬਾਤ
ਇਸ ਦੌਰਾਨ ਅਮਰੀਕਾ ਦੀ ਵਿਚੋਲਗੀ ’ਚ ਵਾਸ਼ਿੰਗਟਨ ਵਿਚ ਇਜ਼ਰਾਈਲ ਅਤੇ ਲਿਬਨਾਨ ਦੇ ਵਫਦਾਂ ਵਿਚਾਲੇ 3 ਦਹਾਕਿਆਂ ਵਿਚ ਪਹਿਲੀ ਵਾਰ ਉੱਚ-ਪੱਧਰੀ ਸਿੱਧੀ ਵਾਰਤਾ ਹੋਈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਨੂੰ ਇਤਿਹਾਸਕ ਮੌਕਾ ਦੱਸਿਆ। ਉੱਥੇ ਹੀ ਲਿਬਨਾਨ ਦੇ ਰਾਸ਼ਟਰਪਤੀ ਜੋਸੇਫ ਆਊਨ ਨੇ ਉਮੀਦ ਜਤਾਈ ਕਿ ਇਹ ਗੱਲਬਾਤ ਦੇਸ਼ ਦੇ ਲੋਕਾਂ ਦੇ ਦਰਦ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਹੋ ਸਕਦੀ ਹੈ। ਵਾਰਤਾ ਨੂੰ ਲੈ ਕੇ ਲਿਬਨਾਨ ਦੇ ਅੰਦਰ ਹੀ ਮਤਭੇਦ ਉੱਭਰ ਆਏ ਹਨ। ਹਿਜ਼ਬੁੱਲਾ ਨੇ ਇਸ ਗੱਲਬਾਤ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਸੰਗਠਨ ਦੇ ਸੰਸਦ ਮੈਂਬਰ ਹਸਨ ਫਦਲੱਲਾ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਦੇਸ਼ ਵਿਚ ਵੰਡ ਹੋਰ ਵੱਧ ਸਕਦੀ ਹੈ।
ਹਮਲਿਆਂ ਵਿਚ ਹੁਣ ਤੱਕ 2,124 ਲੋਕਾਂ ਦੀ ਮੌਤ
ਲਿਬਨਾਨੀ ਅਧਿਕਾਰੀਆਂ ਦੇ ਅਨੁਸਾਰ, 2 ਮਾਰਚ ਤੋਂ ਹੁਣ ਤੱਕ ਇਜ਼ਰਾਈਲੀ ਹਮਲਿਆਂ ਵਿਚ 2,124 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 254 ਔਰਤਾਂ ਅਤੇ 168 ਬੱਚੇ ਸ਼ਾਮਲ ਹਨ। ਕਰੀਬ 10 ਲੱਖ ਲੋਕ ਉੱਜੜ ਚੁੱਕੇ ਹਨ। ਦੂਜੇ ਪਾਸੇ, ਇਜ਼ਰਾਈਲ ਦੇ ਮੁਤਾਬਕ ਹਿਜ਼ਬੁੱਲਾ ਦੇ ਹਮਲਿਆਂ ਵਿਚ 12 ਫੌਜੀ ਅਤੇ 2 ਨਾਗਰਿਕ ਮਾਰੇ ਗਏ ਹਨ। ਇਜ਼ਰਾਈਲ ਦੀ ਫ਼ੌਜ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਦੱਖਣੀ ਲਿਬਨਾਨ ਵਿਚ ਹਿਜ਼ਬੁੱਲਾ ਦੇ 200 ਤੋਂ ਵੱਧ ਟਿਕਾਣਿਆਂ ’ਤੇ ਹਮਲਾ ਕੀਤਾ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਇਕ ਘੰਟੇ 'ਚ ਉਡਾ ਦਿਆਂਗੇ ਇਰਾਨ ਦੇ ਸਾਰੇ ਪੁਲ ਤੇ ਪਾਵਰ ਪਲਾਂਟ'', ਟਰੰਪ ਨੇ ਮੁੜ ਦੇ'ਤੀ ਇਰਾਨ ਨੂੰ ਧਮਕੀ
NEXT STORY