ਰੋਮ/ਇਟਲੀ (ਕੈਂਥ): ਪੂਰੀ ਦੁਨੀਆ ਵਿੱਚ ਗੱਡੀ ਚਲਾਉਂਦੇ ਹੋਏ ਮੋਬਾਇਲ ਫੋਨ ਦੀ ਵਰਤੋਂ ਕਰਨਾ ਕਾਨੂੰਨੀ ਅਪਰਾਧ ਹੈ। ਇਸ ਬਾਬਤ ਇਟਲੀ ਸਰਕਾਰ ਨੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨ ਵਾਲੇ ਡਰਾਈਵਰ ਨੂੰ 1700 ਯੂਰੋ ਦਾ ਜ਼ੁਰਮਾਨਾ ਤੇ ਉਸ ਦਾ ਲਾਇਸੈਂਸ ਇੱਕ ਹਫ਼ਤੇ ਤੋਂ 2 ਮਹੀਨੇ ਤੱਕ ਮੁਅੱਤਲ ਕਰਨ ਦਾ ਕਾਨੂੰਨ ਲਾਗੂ ਕੀਤਾ ਹੋਇਆ ਹੈ ਪਰ ਫਿਰ ਵੀ ਕੁਝ ਲੋਕ ਅਜਿਹੇ ਹਨ ਜਿਹੜੇ ਕਿ ਪੁਲਸ ਪ੍ਰਸ਼ਾਸ਼ਨ ਤੋਂ ਅੱਖ ਬਚਾਉਂਦੇ ਹੋਏ ਅਕਸਰ ਫੋਨ ਦੀ ਵਰਤੋਂ ਕਰ ਹੀ ਲੈਂਦੇ ਹਨ ।ਸਪੇਨ, ਨਾਰਵੇ ਅਤੇ ਇੰਗਲੈਂਡ ਤੋਂ ਵੱਧ ਇਟਲੀ ਵਿੱਚ ਸੜਕ ਹਾਦਸੇ ਹੋ ਰਹੇ ਹਨ ।ਇਟਲੀ ਵਿੱਚ ਕਈ ਅਜਿਹੇ ਸੜਕ ਹਾਦਸੇ ਹੋ ਚੁੱਕੇ ਹਨ, ਜਿਹਨਾਂ ਦਾ ਕਾਰਨ ਡਰਾਈਵਰ ਵੱਲੋਂ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਸਾਹਮਣੇ ਆ ਚੁੱਕਾ ਹੈ ।
ਇਹਨਾਂ ਹਾਦਸਿਆਂ ਵਿੱਚ ਸਭ ਤੋਂ ਵੱਡਾ ਹਾਦਸਾ ਬਲੋਨੀਆਂ ਵਿਖੇ ਮੇਨ ਹਾਈਵੇਅ ਉੱਤੇ ਟੈਂਕਰ ਫੱਟਣ ਕਾਰਨ ਹੋਇਆ ਹਾਦਸਾ ਹੈ।ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਰੋਕਣ ਲਈ ਇਟਲੀ ਦੇ ਸੂਬੇ ਵੇਨੇਤੋ ਦੇ ਸ਼ਹਿਰ ਲੀਮੇਨਾ (ਪਾਦੋਵਾ) ਦੀ ਲੋਕਲ ਪੁਲਸ ਵੱਲੋਂ ਕੈਮਰੇ ਵਾਲਾ ਵਿਸ਼ੇਸ਼ ਇਲੈਕਟ੍ਰੋਨਿਕ ਉਪਕਰਣ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਨੂੰ ਕਿ ਐਂਟੀ ਸੈੱਲ ਫੋਨ ਤੇ ਸਪੀਡ ਕੈਮਰੇ ਦੇ ਨਾਲ ਟਰੂਕੈਮ ਵਜੋਂ ਜਾਣਿਆ ਜਾਂਦਾ ਹੈ।ਇਹ ਟਰੂਕੈਮ ਇਲੈਕਟ੍ਰੋਨਿਕ ਉਪਕਰਣ ਸਿਰਫ਼ ਆਉਣ ਜਾਣ ਵਾਲੀਆਂ ਗੱਡੀਆਂ ਦੀ ਤੇਜ ਰਫ਼ਤਾਰ ਹੀ ਨਹੀਂ ਦੱਸੇਗਾ ਸਗੋਂ ਇਹ ਵੀ ਦੱਸੇਗਾ ਕਿ ਗੱਡੀ ਚਲਾਉਣ ਵਾਲਾ ਡਰਾਈਵਰ ਫੋਨ ਦੀ ਵਰਤੋਂ ਕਰ ਰਿਹਾ ਹੈ ਜਾਂ ਨਹੀਂ ਤੇ ਨਾਲ ਹੀ ਇਹ ਵੀ ਦੱਸੇਗਾ ਕਿ ਡਰਾਈਵਰ ਨੇ ਸੀਟ ਬੈਲਟ ਲਗਾਈ ਜਾ ਨਹੀਂ।ਇਸ ਨਾਲ ਗੱਡੀ ਦੇ ਅੰਦਰ ਬੈਠੇ ਲੋਕਾਂ ਦੀਆਂ ਕਾਰਵਾਈਆਂ ਨੂੰ ਵੀ ਦੇਖਿਆ ਜਾ ਸਕਦਾ ਹੈ।
ਇਟਲੀ ਦਾ ਲੀਮੇਨਾ ਸ਼ਹਿਰ ਪਹਿਲਾਂ ਅਜਿਹਾ ਸ਼ਹਿਰ ਹੋਵੇਗਾ ਜਿੱਥੇ ਕਿ ਅਜਿਹੇ ਕੈਮਰੇ ਵਾਲੇ ਟਰੂਕੈਮ ਇਲੈਕਟ੍ਰੋਨਿਕ ਉਪਕਰਣ ਦੀ ਵਰਤੋਂ ਹੋਣ ਜਾ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਗੱਡੀ ਚਲਾਉਂਦੇ ਸਮੇਂ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਫੋਨਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ।ਇਹਨਾਂ ਟਰੂਕੈਮ ਇਲੈਕਟ੍ਰੋਨਿਕ ਉਪਕਰਣ ਦੀ ਕੀਮਤ 19.837 ਯੂਰੋ ਦੱਸੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਨੈਸ਼ਨਲ ਸੇਫ਼ਟੀ ਕੌਂਸਲ ਦੀ ਰਿਪੋਰਟ ਮੁਤਾਬਕ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨ ਨਾਲ ਹਰ ਸਾਲ 16 ਲੱਖ ਐਕਸੀਡੈਂਟ ਹੁੰਦੇ ਹਨ, ਜਿਹਨਾਂ ਵਿੱਚ 390 ਹਜ਼ਾਰ ਲੋਕ ਗੰਭੀਰ ਜਖ਼ਮੀ ਹੁੰਦੇ ਹਨ। ਅਮਰੀਕਾ ਵਿੱਚ ਹੋਏ 4 ਐਕਸੀਡੈਂਟਾਂ ਵਿੱਚ 1 ਐਕਸੀਡੈਂਟ ਦਾ ਕਾਰਨ ਫੋਨ ਦੀ ਵਰਤੋਂ ਕਰਨਾ ਹੈ।ਦੁਨੀਆ ਭਰ ਵਿੱਚ ਹਰ ਰੋਜ਼ 3287 ਮੌਤਾਂ ਐਕਸੀਡੈਂਟਾਂ ਕਾਰਨ ਹੁੰਦੀਆਂ ਹਨ ਜਿਹਨਾਂ ਵਿੱਚੋਂ 9 ਮੌਤਾਂ ਦਾ ਕਾਰਨ ਡਰਾਈਵਰ ਵੱਲੋਂ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਹੁੰਦਾ ਹੈ।
ਅਮਰੀਕਾ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕੀਤਾ ਸਵਾਗਤ
NEXT STORY