ਰੋਮ, (ਕੈਂਥ)- ਇਟਲੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਇਟਲੀ ਸਰਕਾਰ ਵਲੋਂ ਲੋਬਾਰਦੀਆ, ਕੰਪਾਨੀਆ ਅਤੇ ਲਾਸੀਓ ਸੂਬੇ ਵਿਚ ਸਖ਼ਤੀ ਵਰਤਦਿਆਂ ਨਵੇਂ ਐਟੀ ਕੋਵਿਡ ਕਾਨੂੰਨ ਲਾਗੂ ਕੀਤੇ ਗਏ ਹਨ। ਬੀਤੇ ਦਿਨ ਇਟਲੀ ਦੇ ਕੰਪਾਨੀਆ ਸੂਬੇ ਅਧੀਨ ਪੈਂਦੇ ਸ਼ਹਿਰ ਨਾਪੋਲੀ ਵਿਚ ਸੈਂਕੜੇ ਲੋਕਾਂ ਨੇ ਸੜਕਾਂ ਉੱਤੇ ਆ ਕੇ ਤਾਲਾਬੰਦੀ ਵਰਗੇ ਬਣਾਏ ਕਾਨੂੰਨਾਂ ਦੀ ਵਿਰੋਧਤਾ ਕਰਦਿਆਂ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਬਾਅਦ ਵਿਚ ਹਿੰਸਕ ਘਟਨਾਵਾਂ ਦਾ ਰੂਪ ਧਾਰਨ ਕਰ ਗਿਆ ,ਜਿਸ 'ਤੇ ਇਟਲੀ ਦੀ ਗ੍ਰਹਿ ਮੰਤਰੀ ਲੂਚੀਆਨਾ ਲਾਮੋਰਗੇਸੇ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਨਾਪੋਲੀ ਸ਼ਹਿਰ ਵਿਚ ਜੋ ਵੀ ਹਿੰਸਕ ਘਟਨਾਵਾਂ ਹੋਈਆਂ ਹਨ, ਉਹ ਬਹੁਤ ਹੀ ਨਿੰਦਣਯੋਗ ਹਨ ਕਿਉਂਕਿ ਸਰਕਾਰ ਵਲੋਂ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਹਿੱਤਾਂ ਦੀ ਰਾਖੀ ਲਈ ਕਾਨੂੰਨ ਬਣਾਏ ਹਨ ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਲੋਂ ਪੁਲਸ ਅਤੇ ਮੀਡੀਆ ਕਰਮਚਾਰੀਆਂ ਉੱਤੇ ਕੀਤੀ ਹਿੰਸਕ ਕਾਰਵਾਈ ਬਹੁਤ ਹੀ ਗ਼ਲਤ ਹੈ।
ਇਹ ਵੀ ਪੜ੍ਹੋ- ਯੂ. ਕੇ. : ਮਈ ਮਹੀਨੇ ਤੋਂ ਬਾਅਦ ਹੁਣ ਫਿਰ ਕੋਰੋਨਾ ਮਾਮਲਿਆਂ 'ਚ ਬੇਹੱਦ ਤੇਜ਼ੀ ਆਈ
ਇਟਲੀ ਦੇ ਨਾਪੋਲੀ ਸ਼ਹਿਰ ਵਿਚ ਆਮ ਲੋਕਾਂ ਵਲੋਂ ਸਕੂਟਰਾਂ 'ਤੇ ਸਵਾਰ ਹੋ ਕੇ ਅਤੇ ਪੈਦਲ ਤੁਰ ਕੇ ਸਰਕਾਰ ਵਲੋਂ ਬਣਾਏ ਗਏ ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਗਲਤ ਕਰਾਰ ਦਿੰਦਿਆਂ ਹੋਇਆਂ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸਖ਼ਤੀ ਵਰਤਣੀ ਪਈ ਸੀ । ਪ੍ਰਦਰਸ਼ਨਕਾਰੀਆਂ ਵਲੋਂ ਕੂੜੇ ਦਾਨ ਵਾਲੀਆਂ ਪੇਟੀਆਂ ਨੂੰ ਅੱਗ ਲਗਾ ਦਿੱਤੀ ਅਤੇ ਭੰਨ-ਤੋੜ ਵੀ ਕੀਤੀ ਗਈ ਹੈ ਅਤੇ ਪੁਲਸ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਪ੍ਰਸ਼ਾਸਨ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਫ਼ੌਜੀ ਦਸਤਿਆਂ ਨੂੰ ਬੁਲਾ ਲਿਆ ਗਿਆ ਸੀ ਅਤੇ ਫਿਰ ਵੀ ਪ੍ਰਦਰਸ਼ਨਕਾਰੀਆਂ ਵਲੋਂ ਨਿਡਰ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਵਲੋਂ ਸ਼ਹਿਰ ਵਿਚ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ, ਦੂਜੇ ਪਾਸੇ ਇਟਲੀ ਦੀ ਰਾਜਧਾਨੀ ਰੋਮ ਸ਼ਹਿਰ ਵਿਚ "ਪਿਆਸਾ ਦੇਲ ਪੋਪਲੋ" ਵਿਚ ਵੀ ਸ਼ਨੀਵਾਰ ਰਾਤ ਨੂੰ ਪ੍ਰਦਰਸ਼ਨਕਾਰੀ ਵਲੋਂ ਪਟਾਕੇ, ਆਤਿਸ਼ਬਾਜ਼ੀਆਂ ਚਲਾ ਕੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਗਿਆ, ਤੇ ਕਾਫੀ ਨੁਕਸਾਨ ਵੀ ਕੀਤਾ ਗਿਆ ਹੈ, ਜਿਸ ਵਿਚ 2 ਪੁਲਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ ਤੇ ਕੁਝ ਵਿਆਕਤੀਆਂ ਨੂੰ ਪ੍ਰਦਰਸ਼ਨ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਟਲੀ ਵਿੱਚ ਵੱਖ-ਵੱਖ ਥਾਵਾਂ 'ਤੇ ਹੋਈਆਂ ਹਿੰਸਕ ਘਟਨਾਵਾਂ ਦੀ ਦੇਸ਼ ਦੇ ਵਿਦੇਸ਼ ਮੰਤਰੀ ਮੰਤਰੀ ਲੂਈਜੀ ਦੀ ਮਾਈਓ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿੰਸਕ ਘਟਨਾਵਾਂ ਕਾਰਨ ਵਾਲੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਯੂ. ਕੇ. : ਮਈ ਮਹੀਨੇ ਤੋਂ ਬਾਅਦ ਹੁਣ ਫਿਰ ਕੋਰੋਨਾ ਮਾਮਲਿਆਂ 'ਚ ਬੇਹੱਦ ਤੇਜ਼ੀ ਆਈ
NEXT STORY