ਰੋਮ, (ਕੈਂਥ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਸ਼ਵ ਭਰ ਵਿੱਚ ਹੋਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ (ਵਿਚੈਂਸਾ) ਵਿਖੇ ਕਰਵਾਏ ਗਏ ਸਮਾਗਮ ਦੌਰਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਹਰਦੀਪ ਸਿੰਘ ਪ੍ਰਚਾਰਕ ਦਮਦਮੀ ਟਕਸਾਲ ਮਹਿਤਾ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏੇ ਸਮੂਹ ਸੰਗਤ ਨੂੰ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਤੇ ਵਿਚਾਰਧਾਰਾ ਨੂੰ ਅੱਜ ਸਮੁੱਚੇ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦੀ ਅਜੋਕੇ ਯੁੱਗ ਅੰਦਰ ਬਹੁਤ ਮਹੱਤਤਾ ਹੈ। ਇਸ ਗੁਰਬਾਣੀ ਨੂੰ ਸਮਝ ਕੇ ਦਿਲ ਵਿੱਚ ਵਸਾਉਣ ਦੀ ਲੋੜ ਹੈ।
ਇਸ ਮੌਕੇ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲਿਆਂ ਅਤੇ ਭਾਈ ਰਣਜੀਤ ਸਿੰਘ ਤੇ ਜਸਪਾਲ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾ ਕੀਰਤਨ ਕੀਤਾ ਗਿਆ। ਪ੍ਰਸਿੱਧ ਢਾਡੀ ਭਾਈ ਮਨਦੀਪ ਸਿੰਘ ਹੀਰਾਂ ਵਾਲੀ ਅਤੇ ਨਿਰਮਲ ਸਿੰਘ ਨੂਰ ਦੇ ਜਥਿਆਂ ਵਲੋਂ ਵਡਮੁੱਲਾ ਇਤਿਹਾਸ ਸਰਵਣ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਲੋਨੀਗੋ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ।
ਬਾਲਾਕੋਟ 'ਚ ਅੱਤਵਾਦੀ ਕੈਂਪਾਂ ਦੇ ਮੁੜ ਸਰਗਰਮ ਹੋਣ ਦੇ ਭਾਰਤੀ ਦੋਸ਼ ਬੇਬੁਨਿਆਦ: ਪਾਕਿ
NEXT STORY