ਓਨਟਾਰੀਓ (ਏਜੰਸੀ)- ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਐੱਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦੇ ਪ੍ਰਧਾਨ ਜਗਮੀਤ ਸਿੰਘ ਦੇ ਹੱਥ ਪਾਰਟੀ ਦੀ ਕਮਾਨ ਆਉਣ ਤੋਂ ਬਾਅਦ ਕੈਨੇਡਾ ਦੀਆਂ ਚੋਣਾਂ ਵਿਚ ਪਾਰਟੀ ਦੀਆਂ ਸੀਟਾਂ ਦੀ ਗਿਣਤੀ 44 ਤੋਂ ਡਿੱਗ ਕੇ 24 ’ਤੇ ਆ ਗਈ ਹੈ। ਇਸ ਲਿਹਾਜ਼ ਨਾਲ ਕੈਨੇਡਾ ਦੀ ਸਿਆਸਤ ਵਿਚ ਐੱਨ. ਡੀ. ਪੀ. ਦਾ ਪ੍ਰਭਾਵ ਘੱਟ ਹੋਇਆ ਹੈ। ਇਸ ਦੇ ਬਾਵਜੂਦ ਜਗਮੀਤ ਸਿੰਘ ਕੈਨੇਡਾ ਵਿਚ ਕਿੰਗ ਮੇਕਰ ਦੇ ਤੌਰ ’ਤੇ ਉਭਰੇ ਹਨ ਕਿਉਂਕਿ ਜਸਟਿਨ ਟਰੂਡੋ ਨੂੰ ਲਿਬਰਲ ਪਾਰਟੀ ਨੂੰ ਬਹੁਮਤ ਦੀ ਗਿਣਤੀ 170 ਤੋਂ ਵੀ ਘੱਟ ਸੀਟਾਂ ਹਾਸਲ ਹੋਈਆਂ ਹਨ। ਅਜਿਹੇ ਸਮੇਂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ. ਡੀ. ਪੀ. ਟਰੂਡੋ ਨੂੰ ਸਮਰਥਨ ਦੇ ਕੇ ਸਰਕਾਰ ਬਣਾ ਸਕਦੀ ਹੈ। ਹਾਲਾਂਕਿ ਇਹ ਘੱਟ ਬਹੁਮਤ ਵਾਲੀ ਸਰਕਾਰ ਹੋਵੇਗੀ।
ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਜਗਮੀਤ ਸਿੰਘ ਦੀ ਅਗਵਾਈ ’ਤੇ ਆਪਣੀ ਪਾਰਟੀ ਵਿਚ ਉਂਗਲੀਆਂ ਉਠਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਉਨ੍ਹਾਂ ਦੇ ਪਾਰਟੀ ਆਗੂ ਬਣਨ ਤੋਂ ਬਾਅਦ ਵੋਟ ਫੀਸਦੀ 19.7 ਤੋਂ ਡਿੱਗ ਕੇ 15.9 ਫੀਸਦੀ ਰਹਿ ਗਈ ਹੈ। ਐੱਨ. ਡੀ. ਪੀ. ਪਿਛਲੀਆਂ ਚੋਣਾਂ ਵਿਚ ਤੀਜੀ ਸਭ ਤੋਂ ਵੱਡੀ ਪਾਰਟੀ ਸੀ ਜੋ ਹੁਣ ਚੌਥੇ ਨੰਬਰ ’ਤੇ ਆ ਗਈ ਹੈ। 2015 ਦੀਆਂ ਸੰਸਦੀ ਚੋਣਾਂ ਵਿਚ ਐੱਨ. ਡੀ. ਪੀ. ਨੇ ਪਾਰਟੀ ਆਗੂ ਮੁਲਕੇਅਰ ਦੀ ਅਗਵਾਈ ਵਿਚ 44 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਚੋਣਾਂ ਦੇ ਨਤੀਜਿਆਂ ਅਨੁਸਾਰ ਐੱਨ. ਡੀ. ਪੀ. ਨੂੰ 28,49,214 ਵੋਟਾਂ ਹਾਸਲ ਹੋਈਆਂ, ਜਦਕਿ 2015 ਦੀਆਂ ਚੋਣਾਂ ਵਿਚ ਪਾਰਟੀ ਨੂੰ 34,61,262 ਵੋਟਾਂ ਹਾਸਲ ਹੋਈਆਂ ਸਨ ਅਤੇ ਪਾਰਟੀ ਦਾ ਵੋਟ ਫੀਸਦੀ 19.7 ਸੀ, ਜੋ ਹੁਣ ਡਿੱਗ ਕੇ 15.9 ਫੀਸਦੀ ਰਹਿ ਗਿਆ ਹੈ। ਇਸ ਕਾਰਣ 3.8 ਫੀਸਦੀ ਪਾਰਟੀ ਦਾ ਵੋਟ ਬੈਂਕ ਘੱਟ ਹੋ ਗਿਆ ਹੈ। ਉਥੇ ਹੀ ਲਿਬਰਲ ਪਾਰਟੀ ਦਾ ਵੋਟ ਸ਼ੇਅਰ ਵੀ 6.4 ਫੀਸਦੀ ਤੱਕ ਡਿੱਗ ਗਿਆ ਹੈ।
ਵਿਦੇਸ਼ਾਂ 'ਚ ਵੀ ਉਈਗਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਿਹੈ ਚੀਨ
NEXT STORY