ਬੀਜਿੰਗ–7 ਸਾਲ ਬਾਅਦ ਚੀਨ ਪੁੱੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਦੋਵਾਂ ਨੇ 50 ਮਿੰਟ ਤੱਕ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਮੋਦੀ ਨੇ ਜਿਨਪਿੰਗ ਨੂੰ ਭਾਰਤ ਵਿਚ ਆਯੋਜਿਤ ਹੋਣ ਵਾਲੇ ‘ਬ੍ਰਿਕਸ-2026’ ਸੰਮੇਲਨ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ।ਇਸ ਤੋਂ ਪਹਿਲਾਂ ਉਨ੍ਹਾਂ ਜਿਨਪਿੰਗ ਸਾਹਮਣੇ ਅੱਤਵਾਦ ਦਾ ਮੁੱਦਾ ਉਠਾਇਆ। ਰਿਪੋਰਟਾਂ ਅਨੁਸਾਰ ਮੋਦੀ ਨੇ ਇਸ ਨੂੰ ਇਕ ਗਲੋਬਲ ਮੁੱਦਾ ਦੱਸਿਆ ਅਤੇ ਚੀਨ ਕੋਲੋਂ ਇਸ ਨਾਲ ਨਜਿੱਠਣ ਲਈ ਸਮਰਥਨ ਮੰਗਿਆ। ਇਸ ਦੇ ਨਾਲ ਹੀ ਜਿਨਪਿੰਗ ਨੇ ਮੀਟਿੰਗ ਵਿਚ ਕਿਹਾ ਕਿ ਉਨ੍ਹਾਂ ਨੂੰ ਮੋਦੀ ਨਾਲ ਮਿਲ ਕੇ ਖੁਸ਼ੀ ਹੋਈ ਹੈ। ਡ੍ਰੈਗਨ (ਚੀਨ) ਅਤੇ ਹਾਥੀ (ਭਾਰਤ) ਨੂੰ ਇਕੱਠੇ ਹੋਣਾ ਚਾਹੀਦਾ ਹੈ। ਸਿਖਰ ਸੰਮੇਲਨ ਤੋਂ ਬਾਅਦ ਮੋਦੀ ਅਧਿਕਾਰਤ ਸਵਾਗਤ ਸਮਾਰੋਹ ਵਿਚ ਪਹੁੰਚੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 2.8 ਅਰਬ ਲੋਕਾਂ ਦੀ ਭਲਾਈ ਭਾਰਤ-ਚੀਨ ਸਹਿਯੋਗ ਨਾਲ ਜੁੜੀ ਹੋਈ ਹੈ।
ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧਾਂ ਨੂੰ ਕਿਸੇ ਤੀਜੇ ਦੇਸ਼ ਦੇ ਲੈਂਜ਼ ਨਾਲ ਦੇਖਣ ਦੀ ਲੋੜ ਨਹੀਂ ਹੈ। ਇਸ ਗੱਲ ਨੂੰ ਡੋਨਾਲਡ ਟਰੰਪ ਲਈ ਇਕ ਸੁਨੇਹਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੇ ਭਾਰਤ ’ਤੇ ਮੋਟਾ ਟੈਰਿਫ ਲਾਇਆ ਹੈ। ਵਿਦੇਸ਼ ਮੰਤਰਾਲੇ ਨੇ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ ਬਾਰੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਬਹੁਪੱਖੀ ਮੰਚਾਂ ’ਤੇ ਅੱਤਵਾਦ ਅਤੇ ਨਿਰਪੱਖ ਵਪਾਰ ਵਰਗੇ ਦੁਵੱਲੇ, ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ਅਤੇ ਚੁਣੌਤੀਆਂ ’ਤੇ ਸਾਂਝੇ ਆਧਾਰ ਨੂੰ ਵਧਾਉਣਾ ਜ਼ਰੂਰੀ ਮੰਨਿਆ ਹੈ।
ਜਿਨਪਿੰਗ ਨੇ ਮੋਦੀ ਨੂੰ ਕਿਹਾ ਕਿ ਚੀਨ ਅਤੇ ਭਾਰਤ ਦੁਸ਼ਮਣ ਨਹੀਂ, ਸਗੋਂ ਭਾਈਵਾਲ ਹਨ ਅਤੇ ਦੋਵੇਂ ਦੇਸ਼ ਇਕ-ਦੂਜੇ ਲਈ ਖ਼ਤਰਾ ਨਹੀਂ ਸਗੋਂ ਵਿਕਾਸ ਦਾ ਮੌਕਾ ਹਨ। ਜਿੰਨਾ ਚਿਰ ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਰਹਿਣਗੇ, ਉਦੋਂ ਤੱਕ ਅਸੀਂ ਵਿਕਾਸ ਕਰਦੇ ਰਹਾਂਗੇ। ਸ਼ੀ ਨੇ ਕਿਹਾ ਕਿ ਚੀਨ ਅਤੇ ਭਾਰਤ ਨੂੰ ਚੰਗੇ ਗੁਆਂਢੀ ਅਤੇ ਇਕ-ਦੂਜੇ ਦੀ ਸਫਲਤਾ ’ਚ ਮਦਦ ਕਰਨ ਵਾਲੇ ਦੋਸਤ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਸਰਹੱਦੀ ਵਿਵਾਦ ਦੇ ‘ਨਿਰਪੱਖ, ਵਾਜਿਬ ਅਤੇ ਆਪਸੀ ਤੌਰ ’ਤੇ ਸਵੀਕਾਰਯੋਗ’ ਹੱਲ ਲਈ ਕੰਮ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ।
ਅਮਰੀਕਾ ’ਚ ਕਈ ਵਾਹਨ ਟਕਰਾਏ, 17 ਜ਼ਖਮੀ
NEXT STORY