ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਚੀਨੀ ਨਵੇਂ ਸਾਲ 'ਤੇ ਉਹਨਾਂ ਨੇ ਪਹਿਲੀ ਵਾਰ ਚੀਨੀ ਰਾਸ਼ਟਰਪਤੀ ਨਾਲ ਗੱਲ ਕਰ ਕੇ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਚੀਨ ਦੀਆਂ ਆਰਥਿਕ ਨੀਤੀਆਂ, ਮਨੁੱਖੀ ਅਧਿਕਾਰ ਉਲੰਘਣਾ ਅਤੇ ਤਾਇਵਾਨ ਨੂੰ ਧਮਕਾਉਣ ਦਾ ਮੁੱਦਾ ਚੀਨ ਸਾਹਮਣੇ ਚੁੱਕਿਆ ਹੈ। ਇੱਥੇ ਦੱਸ ਦਈਏ ਕਿ ਚੀਨ ਦਾ ਲੂਨਰ ਨਿਊ ਯੀਅਰ ਦੁਨੀਆ ਦੇ ਸਭ ਤੋਂ ਰੰਗੀਨ ਤਿਉਹਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਜਿਸ ਦੀ ਚਰਚਾ ਦੁਨੀਆ ਭਰ ਦੇ ਲੋਕਾਂ ਵਿਚ ਹੁੰਦੀ ਹੈ। ਚੀਨੀ ਨਵੇਂ ਸਾਲ ਦੀ ਸ਼ੁਰੂਆਤ ਚੰਨ 'ਤੇ ਆਧਾਰਿਤ ਕੈਲੰਡਰ ਦੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਹੁੰਦੀ ਹੈ। ਲੂਨਰ ਨਿਊ ਯੀਅਰ ਉਤਸਵ 15 ਦਿਨਾਂ ਤੱਕ ਚੱਲਣ ਦੇ ਬਾਅਦ ਲਾਲਟੇਨ ਉਤਸਵ ਨਾਲ ਖਤਮ ਹੁੰਦਾ ਹੈ।
ਜ਼ਾਹਰ ਕੀਤੀ ਚਿੰਤਾ
ਬਾਈਡੇਨ ਨੇ ਟਵੀਟ ਕੀਤਾ ਹੈ,''ਮੈਂ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ ਕਰ ਕੇ ਚੀਨੀ ਲੋਕਾਂ ਨੂੰ ਲੂਨਰ ਨਿਊ ਯੀਅਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੈਂ ਚੀਨ ਦੀਆਂ ਆਰਥਿਕ ਨੀਤੀਆਂ ਮਨੁੱਖੀ ਅਧਿਕਾਰ ਉਲੰਘਣਾ ਅਤੇ ਤਾਇਵਾਨ ਨੂੰ ਧਮਕਾਉਣ 'ਤੇ ਚਿੰਤਾ ਵੀ ਜ਼ਾਹਰ ਕੀਤੀ ਹੈ। ਮੈਂ ਉਹਨਾਂ ਨੂੰ ਦੱਸਿਆ ਹੈ ਕਿ ਜਦੋਂ ਅਮਰੀਕੀ ਲੋਕਾਂ ਨੂੰ ਫਾਇਦਾ ਹੋਵੇਗਾ ਤਾਂ ਮੈਂ ਚੀਨ ਨਾਲ ਕੰਮ ਕਰਾਂਗਾ।''
ਅਮਰੀਕਾ ਦਾ ਤਾਇਵਾਨ ਨੂੰ ਸਮਰਥਨ
ਕੁਝ ਦਿਨ ਪਹਿਲਾਂ ਹੀ ਚੀਨ ਨੇ ਅਮਰੀਕਾ ਨੂੰ ਦੋ ਟੂਕ ਕਿਹਾ ਸੀ ਕਿ ਉਸ ਨੂੰ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਦੀਆਂ ਬੀਜਿੰਗ ਦੇ ਪ੍ਰਤੀ ਹਮਲਾਵਰ ਨੀਤੀਆਂ ਵਿਚ ਤੁਰੰਤ ਸੁਧਾਰ ਕਰਨਾ ਚਾਹੀਦਾ ਹੈ। ਚੀਨ ਨੇ ਵੀ ਇਹ ਕਿਹਾ ਹੈ ਕਿ ਅਮਰੀਕਾ ਦੇ ਨਾਲ ਉਸ ਦੇ ਸੰਬੰਧਾਂ ਵਿਚ ਤਾਇਵਾਨ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਮੁੱਦਾ ਹੈ। ਅਸਲ ਵਿਚ ਚੀਨ ਤਾਇਵਾਨ 'ਤੇ ਆਪਣਾ ਕਬਜ਼ਾ ਦੱਸਦਾ ਹੈ ਅਤੇ ਉਸ ਦੇ ਏਅਰਸਪੇਸ ਵਿਚ ਆਪਣੇ ਲੜਾਕੂ ਜਹਾਜ਼ ਭੇਜਦਾ ਰਹਿੰਦਾ ਹੈ ਜਦਕਿ ਤਾਇਵਾਨ ਨੂੰ ਅਮਰੀਕਾ ਦਾ ਸਮਰਥਨ ਮਿਲਿਆ ਹੋਇਆ ਹੈ। ਅਮਰੀਕੀ ਨੇਵੀ ਦੱਖਣੀ ਚੀਨ ਸਾਗਰ ਵਿਚ ਆਪਣੀ ਮੌਜੂਦਗੀ ਵਧਾ ਰਹੀ ਹੈ।
ਨੋਟ- ਬਾਈਡੇਨ ਦੇ ਚੀਨੀ ਰਾਸ਼ਟਰਪਤੀ ਨਾਲ ਗੱਲ ਕਰਨ 'ਤੇ ਕੁਮੈਂਟ ਕਰ ਦਿਓ ਰਾਏ।
ਫਲੋਰੀਡਾ 'ਚ ਕੰਪਿਊਟਰ ਹੈਕਿੰਗ ਨਾਲ ਕੀਤੀ ਪਾਣੀ ਨੂੰ ਜ਼ਹਿਰੀਲਾ ਕਰਨ ਦੀ ਕੋਸ਼ਿਸ਼
NEXT STORY