ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸੂਬੇ ਆਏ ਦਿਨ ਕੁਦਰਤੀ ਆਫਤਾਂ ਦਾ ਸਾਹਮਣਾ ਕਰਦੇ ਹੀ ਰਹਿੰਦੇ ਹਨ। ਜਿੱਥੇ ਇੱਕ ਪਾਸੇ ਕੈਲੀਫੋਰਨੀਆ ਜ਼ਿਆਦਾਤਰ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਲੁਈਸਿਆਨਾ ਲਈ ਤੂਫ਼ਾਨ ਇਡਾ ਦਾ ਖਤਰਾ ਪੈਦਾ ਹੋ ਗਿਆ ਹੈ। ਲੂਈਸਿਆਨਾ ਦੇ ਗਵਰਨਰ ਜੌਨ ਬੇਲ ਐਡਵਰਡਜ਼ ਨੇ ਚੇਤਾਵਨੀ ਦਿੰਦਿਆਂ ਸੂਬੇ ਦੇ ਵਸਨੀਕਾਂ ਨੂੰ ਇਸ ਤੂਫ਼ਾਨ ਲਈ ਤਿਆਰ ਰਹਿਣ ਲਈ ਕਿਹਾ ਹੈ। ਇਹ ਤੂਫ਼ਾਨ ਸਟੇਟ 'ਚ ਆਉਣ ਵਾਲੇ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨਾਂ 'ਚੋਂ ਇੱਕ ਹੈ, ਜਿਸ ਨੂੰ ਚੌਥੀ ਖਤਰਨਾਕ ਸ਼੍ਰੇਣੀ 'ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਬਰਲਿਨ 'ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਸੰਬੰਧੀ ਉਪਾਵਾਂ ਦਾ ਕੀਤਾ ਵਿਰੋਧ
ਤੂਫ਼ਾਨ ਇਡਾ ਦਾ ਐਤਵਾਰ ਨੂੰ ਲੂਈਸਿਆਨਾ 'ਚ ਆਉਣ ਦਾ ਖਦਸ਼ਾ ਹੈ। ਸ਼ਨੀਵਾਰ ਨੂੰ ਇਸ ਤੂਫ਼ਾਨ ਦੀਆਂ ਤੂਫ਼ਾਨੀ ਹਵਾਵਾਂ ਤਕਰੀਬਨ 85 ਮੀਲ ਪ੍ਰਤੀ ਘੰਟਾ ਹੋ ਗਈਆਂ ਸਨ ਅਤੇ ਅਗਲੇ 24 ਤੋਂ 36 ਘੰਟਿਆਂ 'ਚ ਹਵਾਵਾਂ ਦੀ ਤੇਜ਼ੀ ਵਧਣ ਦੀ ਉਮੀਦ ਹੈ। ਨੈਸ਼ਨਲ ਹਰੀਕੇਨ ਸੈਂਟਰ ਦੁਆਰਾ ਤੂਫ਼ਾਨ ਦੇ ਬਹੁਤ ਹੀ ਖਤਰਨਾਕ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਗਵਰਨਰ ਐਡਵਰਡਜ਼ ਨੇ ਕਿਹਾ ਕਿ ਲੈਂਡਫਾਲ 'ਤੇ ਹਵਾ ਦੀ ਗਤੀ 140 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਅਤੇ ਉੱਤਰ ਵੱਲ ਲਗਾਤਾਰ ਹਵਾਵਾਂ 110 ਮੀਲ ਪ੍ਰਤੀ ਘੰਟਾ ਤੱਕ ਚੜ੍ਹ ਸਕਦੀਆਂ ਹਨ। ਇਸ ਦੇ ਨਾਲ ਹੀ ਰਾਜ 'ਚ ਐਤਵਾਰ ਤੋਂ ਮੰਗਲਵਾਰ ਤੱਕ 8 ਤੋਂ 16 ਇੰਚ ਮੀਂਹ ਦੀ ਵੀ ਉਮੀਦ ਹੈ, ਕੁਝ ਖੇਤਰਾਂ 'ਚ 20 ਇੰਚ ਤੋਂ ਵੱਧ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ
ਮੌਸਮ ਮਾਹਿਰਾਂ ਅਨੁਸਾਰ ਤੂਫ਼ਾਨ 300 ਮੀਲ ਲੰਬੇ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਨਦੀ 'ਚ ਹੜ੍ਹ ਵੀ ਆ ਸਕਦਾ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਐਮਰਜੈਂਸੀ ਘੋਸ਼ਣਾ ਲਈ ਲੂਈਸਿਆਨਾ ਦੀ ਬੇਨਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਸੰਘੀ ਐਮਰਜੈਂਸੀ ਏਜੰਸੀ ਨੂੰ ਆਫਤ ਰਾਹਤ ਦੇ ਯਤਨਾਂ 'ਚ ਤਾਲਮੇਲ ਕਰਨ ਦਾ ਅਧਿਕਾਰ ਦਿੱਤਾ ਹੈ। ਅਲਾਬਾਮਾ ਦੇ ਰਾਜਪਾਲ ਕੇ ਆਈਵੇ ਅਤੇ ਮਿਸੀਸਿਪੀ ਦੇ ਰਾਜਪਾਲ ਟੇਟ ਰੀਵਜ਼ ਨੇ ਵੀ ਤੂਫ਼ਾਨ ਤੋਂ ਪਹਿਲਾਂ ਸ਼ਨੀਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਨੇ ਅਸ਼ਾਂਤ ਸੂਬੇ 'ਚ ਅਫਗਾਨ ਲੋਕ ਗਾਇਕ ਦਾ ਕੀਤਾ ਕਤਲ
NEXT STORY