ਮੈਲਬੌਰਨ (ਮਨਦੀਪ ਸਿੰਘ ਸੈਣੀ)- ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਸਵਾਰੀਆਂ ਭੇਜਣ ਵਿੱਚ ਮੁੜ ਬਾਜੀ ਮਾਰੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੈਲਬੌਰਨ ਦੇ ਨਾਲ ਲੱਗਦੇ ਸ਼ਹਿਰ ਜੀਲੌਂਗ ਦੀ ਅਖ਼ਬਾਰ ‘ਜੀਲੌਂਗ ਐਡਵਰਟਾਇਜ਼ਰ’ ਵਿੱਚ ਕਿਹਾ ਗਿਆ ਹੈ ਕਿ ਮੈਲਬੌਰਨ ਐਵਾਲੋਨ ਏਅਰਪੋਰਟ ‘ਤੋਂ ਏਅਰ ਏਸ਼ੀਆ ਐਕਸ ਦੀ ਉਡਾਣ ਜੋ ਕਿ ਬਰਾਸਤਾ ਕੁਆਲਾਲੰਪੂਰ, ਅੰਮ੍ਰਿਤਸਰ ਦੀਆਂ ਸਵਾਰੀਆਂ ਲੈ ਕੇ ਅੱਗੇ ਜਾਂਦੀ ਹੈ, ਦੀ ਗਿਣਤੀ ਸਭ ਤੋਂ ਵੱਧ ਹੈ। ਥਾਈਲੈਂਡ ਦਾ ਫੁਕੇਟ ਦੂਜੇ, ਭਾਰਤ ਦਾ ਕੋਚੀ ਤੀਸਰੇ, ਮਲੇਸ਼ੀਆ ਤੋਂ ਪੈਨਾਂਗ ਚੋਥੇ ਤੇ ਬੈਂਕਾਕ ਪੰਜਵੇ ਨੰਬਰ ਤੇ ਹਨ।
ਏਅਰ ਏਸ਼ੀਆ ਐਕਸ ਹੀ ਕੇਵਲ ਇਕੋ ਇੱਕ ਅੰਤਰ ਰਾਸ਼ਟਰੀ ਏਅਰਲਾਈਨ ਹੈ ਜੋ ਦਸੰਬਰ 2018 ਤੋਂ ਮੈਲਬੌਰਨ ਦੇ ਐਵਲੋਨ ਏਅਰਪੋਰਟ ਤੋਂ ਰੋਜ਼ਾਨਾ ਦੋ ਉਡਾਣਾਂ ਕੁਆਲਾਲੰਪੂਰ ਨੂੰ ਚਲਾ ਰਹੀ ਹੈ। ਏਅਰ ਏਸ਼ੀਆ ਨੇ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਤੀਕ ਹਫ਼ਤੇ ਵਿੱਚ ਚਾਰ ਉਡਾਣਾਂ ਅਗਸਤ 2018 ਵਿੱਚ ਸ਼ੁਰੂ ਕੀਤੀਆਂ ਸਨ। ਇਹ ਏਅਰਲਾਈਨ 377 ਸੀਟਾਂ ਵਾਲੀ ਏਅਰਬਸ ਏ-330 ਜਹਾਜ਼ ਦੀ ਵਰਤੋਂ ਕਰਦੀ ਹੈ, ਜਿਸ ਵਿੱਚ 365 ਇਕਾਨਮੀ ਤੇ 12 ਬਿਜ਼ਨਸ ਕਲਾਸ ਦੀਆਂ ਸੀਟਾਂ ਹਨ।
ਐਵਲੋਨ ਏਅਰਪੋਰਟ ਦੇ ਸੀ.ਈ.ਓ. ਜਸਟਿਨ ਗਿਡਿੰਗਜ਼ ਦਾ ਕਹਿਣਾ ਹੈ ਕਿ ਭਾਰਤ ਦੀ ਮਾਰਕੀਟ ਸੈਲਾਨੀਆਂ ਨੂੰ ਬਹੁਤ ਮੌਕਾ ਦੇ ਰਹੀ ਹੈ ।ਉਨ੍ਹਾਂ ਇਸ ਗੱਲ ਦੀ ਹੈਰਾਨੀ ਪ੍ਰਗਟ ਕੀਤੀ ਕਿ ਚੀਨ ਦਾ ਏਅਰਪੋਰਟ ਪਹਿਲੇ ਪੰਜ ਸਥਾਨਾਂ ਵਿੱਚ ਵਿੱਚ ਨਹੀਂ ਹੈ। ਇਸ ਰਿਪੋਰਟ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਅੰਮ੍ਰਿਤਸਰ ਦੀ ਮਹੱਤਤਾ ਨੂੰ ਵਿਸਥਾਰ ਨਾਲ ਖ਼ਬਰ ਵਿਚ ਪ੍ਰਕਾਸ਼ਿਤ ਕੀਤਾ ਹੈ।ਸਮੀਪ ਸਿੰਘ ਗੁਮਟਾਲਾ ਨੇ ਦਾਅਵਾ ਕੀਤਾ ਹੈ ਕਿ ਇਹ 'ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਮੁਹਿੰਮ ਦਾ ਹੀ ਨਤੀਜਾ ਹੈ ਕਿ ਇਸ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਉਡਾਣ ਸ਼ੁਰੂ ਕੀਤੀ ਹੈ।
ਸਤੰਬਰ 2017 ਵਿੱਚ ਜਦੋਂ ਇਸ ਹਵਾਈ ਕੰਪਨੀ ਪਾਸ ਪਹੁੰਚ ਕੀਤੀ ਗਈ ਤਾਂ ਉਸ ਸਮੇਂ ਇਸ ਗੱਲ ਦੀ ਚਿੰਤਾ ਸੀ ਕਿ ਮਲਿੰਡੋ ਏਅਰਲਾਈਨ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪੂਰ ਦੇ ਚਲਦਿਆਂ ਏਅਰ ਏਸ਼ੀਆ ਦਾ 377 ਸੀਟਾਂ ਵਾਲਾ ਜਹਾਜ਼ ਕਿਵੇਂ ਉਡਾਣ ਭਰੇਗਾ? ਉਨ੍ਹਾਂ ਵੱਲੋਂ ਏਅਰਲਾਈਨ ਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਆਸਟ੍ਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਨੂੰ ਪਸੰਦ ਕਰਨਗੇ।
ਏਅਰ ਏਸ਼ੀਆ ਐਕਸ ਦੀਆਂ ਮਲੇਸ਼ੀਆ ਤੋਂ 140 ਹਵਾਈ ਅੱਡਿਆਂ ਨੂੰ ਉਡਾਣਾਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿੰਗਾਪੁਰ ਦੀ ਸਕੂਟ ਤੇ ਮਲੇਸ਼ੀਆ ਦੀ ਮਲਿੰਡੋ ਆਸਟ੍ਰੇਲੀਆ, ਨਿਉਜ਼ੀਲੈਂਡ, ਮਲੇਸ਼ੀਆ ਆਦਿ ਦੇ ਦੇਸ਼ਾਂ ਨੂੰ ਉਡਾਣਾਂ ਭਰਦੀਆਂ ਹਨ। ਇਨ੍ਹਾਂ ਦੀਆਂ ਟਿਕਟਾਂ ਵੀ ਸਸਤੀਆਂ ਹਨ ਤੇ ਆਸਟ੍ਰੇਲੀਆ ਦੇ ਪ੍ਰਸਿੱਧ ਸ਼ਹਿਰਾਂ ਜਿਵੇਂ ਕਿ ਸਿਡਨੀ, ਪਰਥ, ਗੋਲਡ ਕੋਸਟ, ਬ੍ਰਿਸਬੇਨ, ਐਡੀਲੇਡ ਆਦਿ ਨੂੰ ਪੁੱਜਣ ਵਿੱਚ ਕੇਵਲ 14 ਤੋਂ 17 ਘੰਟੇ ਲੱਗਦੇ ਹਨ। ਦਿੱਲੀ ਹਵਾਈ ਅੱਡੇ ਦੀ ਖ਼ਜ਼ਲ ਖੁਆਰੀ ਤੋਂ ਵੀ ਬਚਿਆ ਜਾਂਦਾ ਹੈ।
ਭਾਰਤ ਵਿੱਚ ਇਨੀਸ਼ੀਏਟਿਵ ਦੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਸ੍ਰੀ ਯੋਗੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਹੁਤ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਸ. ਅਨੰਤਦੀਪ ਸਿੰਘ ਢਿੱਲੋਂ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਅਮਰੀਕਾ, ਕੈਨੇਡਾ, ਇਟਲੀ, ਲੰਡਨ, ਇੰਗਲੈਂਡ, ਜਰਮਨ ਆਦਿ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਪਰ ਏਅਰ ਇੰਡੀਆ ਜਾਂ ਹੋਰਨਾਂ ਭਾਰਤੀ ਹਵਾਈ ਕੰਪਨੀਆਂ ਵੱਲੋਂ ਇਨ੍ਹਾਂ ਦੇਸ਼ਾਂ ਨੂੰ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ?ਉਹਨਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੂੰਅਪੀਲ ਕੀਤੀ ਹੈ ਕਿ ਓਮਾਨ, ਤੁਰਕੀ, ਬਹਿਰੀਨ, ਯੂ ਏ ਈ ਤੋਂ ਇਲਾਵਾ ਮੱਧ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਇਲਾਵਾ ਯੂਰਪ ਦੀਆਂ ਕਈ ਹਵਾਈ ਕੰਪਨੀਆਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਇਨ੍ਹਾਂ ਮੁਲਕਾਂ ਨਾਲ ਦੁਵੱਲੇ ਹਵਾਈ ਸਮਝੌਤੇ ਰੁਕਾਵਟ ਬਣੇ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ।
ਪੀਓਕੇ 'ਚ ਪਾਕਿ ਦੀ ਸਾਜ਼ਿਸ਼, ਮੌਲਵੀ ਦਾ ਭਾਰਤ ਖਿਲਾਫ ਜਿਹਾਦ ਦਾ ਐਲਾਨ
NEXT STORY