ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਮੈਲਬੌਰਨ ਵੱਲੋਂ ਆਸਟ੍ਰੇਲੀਆ ਦੇ ਫੈਡਰਲ ਮੈਂਬਰ ਪਾਰਲੀਮੈਂਟ ਅਤੇ ਮੰਤਰੀ ਏਜ਼ਡ ਕੇਅਰ ਐਂਡ ਸੀਨੀਅਰਜ਼ ਸੈਮ ਰੇਅ ਨਾਲ ਇੱਕ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਗਿਆ। ਇਹ ਮਹੱਤਵਪੂਰਨ ਸਮਾਗਮ ਪਲੰਪਟਨ ਇਲਾਕੇ ਦੇ ਪ੍ਰਸਿੱਧ “ਗੋਲਡਨ ਪਾਮ” ਰਿਜ਼ੋਰਟ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਅਤੇ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।

ਸੈਮ ਰੇਅ ਦੀ ਆਮਦ ‘ਤੇ ਕਲੱਬ ਦੇ ਸੰਸਥਾਪਕ ਗੁਰਪ੍ਰੀਤ ਸਿੰਘ (ਗੋਪੀ ਸ਼ੋਕਰ), ਪ੍ਰਧਾਨ ਮੋਂਟੀ ਬੈਨੀਪਾਲ, ਸਕੱਤਰ ਵਿੱਕੀ ਸੰਧੂ ਅਤੇ ਸੁਖਰਾਜ ਰੋਮਾਣਾ , ਬਲਰਾਜ ਸਿੰਘ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਨੌਜਵਾਨ ਵਿਦਿਆਰਥੀ ਕੋਆਰਡੀਨੇਟਰ ਨਮਨਵੀਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਸ ਨੇ ਨਾ ਸਿਰਫ਼ ਸੈਮ ਰੇਅ ਦਾ ਸੁਆਗਤ ਕੀਤਾ ਸਗੋਂ ਕਲੱਬ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਉਪਲਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਗੁਰਪ੍ਰੀਤ ਸਿੰਘ (ਗੋਪੀ ਸ਼ੋਕਰ) ਨੇ ਸੈਮ ਰੇਅ ਨੂੰ ਕਲੱਬ ਦੀਆਂ ਹੁਣ ਤੱਕ ਦੀਆਂ ਕਾਰਗੁਜ਼ਾਰੀਆਂ ਅਤੇ ਭਾਈਚਾਰੇ ਵਿੱਚ ਕੀਤੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਤੋਂ ਇਲਾਵਾ, ਪ੍ਰਧਾਨ ਮੋਂਟੀ ਬੈਨੀਪਾਲ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਲੱਬ ਦੇ ਉਦੇਸ਼ਾਂ ਅਤੇ ਸਮਾਜਿਕ ਸੇਵਾ ਦੀਆਂ ਭਵਿੱਖ ਯੋਜਨਾਵਾਂ ਨੂੰ ਸਾਂਝਾ ਕੀਤਾ। ਇਸ ਮੌਕੇ ‘ਤੇ ਐਂਟਰੀ (ਵੁੱਡਲੀ) ਦੇ ਨਿਵਾਸੀ ਰਣਜੋਤ ਚੱਠਾ ਵਲੋਂ ਖੇਤਰ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਅਤੇ ਟਰੈਫਿਕ ਸੰਬੰਧੀ ਮੁਸ਼ਕਲਾਂ ਬਾਰੇ ਸੈਮ ਰੇਅ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਹੋਰ ਨਿਵਾਸੀਆਂ ਅਤੇ ਮਹਿਮਾਨਾਂ ਨੇ ਵੀ ਆਪਣੀਆਂ ਚਿੰਤਾਵਾਂ ਅਤੇ ਵੱਖ-ਵੱਖ ਮੁੱਦਿਆਂ ਬਾਰੇ ਸੈਮ ਰੇਅ ਨਾਲ ਗੱਲਬਾਤ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੰਤਰੀ ਸੈਮ ਰੇਅ ਨੇ ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਈਚਾਰੇ ਨਾਲ ਰੂਬਰੂ ਹੋਣਾ ਉਨ੍ਹਾਂ ਲਈ ਹਮੇਸ਼ਾ ਮਹੱਤਵਪੂਰਨ ਹੈ। ਉਨ੍ਹਾਂ ਨੇ ਦੱਸਿਆ ਕਿ ਫੈਡਰਲ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਨਾਲ ਮਿਲ ਕੇ ਖੇਤਰ ਦੀਆਂ ਸਮੱਸਿਆਵਾਂ ‘ਤੇ ਕੰਮ ਕਰ ਰਹੀ ਹੈ। ਸੈਮ ਰੇਅ ਨੇ ਖਾਸ ਤੌਰ ‘ਤੇ ਦੱਸਿਆ ਕਿ ਵੈਸਟਰਨ ਹਾਈਵੇ ਦੇ ਚੌੜਾਈਕਰਨ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਟਰੈਫਿਕ ਦੀਆਂ ਦਿੱਕਤਾਂ ਵਿੱਚ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਮੈਲਟਨ ਇਲਾਕੇ ਵਿੱਚ ਵੀ ਵਿਕਾਸ ਕਾਰਜ ਜੰਗੀ ਪੱਧਰ 'ਤੇ ਚਲ ਰਹੇ ਹਨ। ਇਹ ਸਮਾਗਮ ਨਾ ਸਿਰਫ਼ ਭਾਈਚਾਰੇ ਅਤੇ ਚੁਣੇ ਹੋਏ ਪ੍ਰਤਿਨਿਧੀਆਂ ਵਿੱਚ ਸਿੱਧਾ ਸੰਪਰਕ ਬਣਾਉਣ ਦਾ ਸਫਲ ਮੰਚ ਸਾਬਤ ਹੋਇਆ, ਸਗੋਂ ਲੋਕਾਂ ਦੀਆਂ ਚਿੰਤਾਵਾਂ ਤੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਵੀ ਮਹੱਤਵਪੂਰਨ ਕੜੀ ਬਣਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ, ਜਗਜੋਤ ਚੱਠਾ, ਕਮਲਜੀਤ ਸਿੰਘ, ਅਨੂਪ ਬੁੱਟਰ, ਸੰਦੀਪ ਸੰਧੂ, ਪਰਮਿੰਦਰ ਚੀਮਾ, ਗੁਰਬਾਜ ਸਿੰਘ, ਡੈਨੀ ਸੋਹਲ, ਘੁੱਦਾ ਕਾਲਾ ਸੰਘਿਆ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਪਾਕਿਸਤਾਨ : ਅੱਤਵਾਦੀਆਂ ਨੇ ਬਿਜਲੀ ਕੰਪਨੀ ਦੇ 6 ਕਰਮਚਾਰੀਆਂ ਨੂੰ ਕੀਤਾ ਅਗਵਾ
NEXT STORY