ਮਿਲਾਨ (ਸਾਬੀ ਚੀਨੀਆ)- ਦੱਖਣੀ ਇਟਲੀ ਦੇ ਸ਼ਹਿਰ ਬੱਤੀਪਾਲੀਆ ਵਿਖੇ ਸਥਾਪਿਤ ਧਾਰਮਿਕ ਅਸਥਾਨ 'ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ', ਸਲੈਰਨੋ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਥਾਨਕ ਸੰਗਤਾਂ ਵੱਲੋਂ 3 ਰੋਜ਼ਾ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ।

ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਤਿੰਨੇ ਦਿਨ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਿਆਂ ਹੋਇਆਂ ਆਪਣਾ ਜੀਵਨ ਸਫਲਾ ਬਣਾਇਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ।

ਗ੍ਰੰਥੀ ਸਿੰਘ ਭਾਈ ਇੰਦਰਜੀਤ ਸਿੰਘ ਮੋਰਾਂਵਾਲੀ ਦੁਆਰਾ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਨਵੀਆਂ ਖਰੀਦੀਆਂ ਗਈਆਂ ਇਮਾਰਤਾਂ ਲਈ ਦਸਵੰਦ ਕੱਢਣ ਅਤੇ ਚੱਲ ਰਹੀਆਂ ਸੇਵਾਵਾਂ ਵਿੱਚ ਹਿੱਸਾ ਪਾਉਣ ਲਈ ਅਪੀਲ ਕੀਤੀ ਗਈ।

ਦੱਸਣਯੋਗ ਹੈ ਦੱਖਣੀ ਇਟਲੀ ਦੇ ਜ਼ਿਲ੍ਹਾ ਸਲੈਰਨੋ ਦੇ ਕਸਬਾ ਬੱਤੀਪਾਲੀਆ ਵਿੱਚ ਸਿੱਖ ਸੰਗਤਾਂ ਵੱਲੋਂ ਸਾਲ 2013 ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਿਨਾ ਕੀਤੀ ਗਈ ਸੀ। ਹੁਣ ਸੰਗਤਾਂ ਦੁਆਰਾ ਗੁਰਦੁਆਰਾ ਸਾਹਿਬ ਦੀਆਂ ਨਵੀਆਂ ਇਮਾਰਤਾਂ ਖਰੀਦੀਆਂ ਗਈਆਂ ਹਨ ਜਿੱਥੇ ਕਿ ਸੇਵਾਵਾਂ ਚੱਲ ਰਹੀਆਂ ਹਨ। ਸਮਾਗਮਾਂ ਦੀ ਸਮਾਪਤੀ ੳਪਰੰਤ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜਥਿਆਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।

ਆਖ਼ਿਰਕਾਰ ਖ਼ਤਮ ਹੋਇਆ ਕਰਫ਼ਿਊ ! ਮੁੜ ਲੀਹ 'ਤੇ ਆਉਣ ਲੱਗੀ ਜ਼ਿੰਦਗੀ
NEXT STORY