ਰੋਮ, (ਕੈਂਥ)— ਬੀਤੇ ਦਿਨੀਂ ਇਟਲੀ ਦੇ ਮਸ਼ਹੂਰ ਸ਼ਹਿਰ ਵੇਨਿਸ ਵਿਖੇ ਇਟਲੀ ਦੀਆਂ ਸਭ ਤੋਂ ਸੋਹਣੀਆਂ ਮੁਟਿਆਰਾਂ ਦੀ ਸੁੰਦਰਤਾ ਪ੍ਰਤੀਯੋਗਤਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮਿਸ ਇਤਾਲੀਆ ਦਾ ਖਿਤਾਬ ਇਟਲੀ ਦੇ ਸ਼ਹਿਰ ਜੇਨੋਆ ਵਿੱਚ ਜੰਮੀ 20 ਸਾਲਾ ਸਨੁੱਖੀ ਮੁਟਿਆਰ ਕੈਰੋਲੀਨਾ ਸਤਰਾਮਾਰੇ ਦੀ ਝੋਲੀ ਪਿਆ ਹੈ। 80ਵੇਂ ਸੀਜ਼ਨ ਦੀ ਇਸ ਪ੍ਰਤੀਯੋਗਤਾ ਲਈ ਟੈਲੀਵਿਜ਼ਨ ਉੱਤੇ ਟੈਲੀਵੋਟਿੰਗ ਵੀ ਹੋਈ, ਜਿਸ ਵਿੱਚ ਸਥਾਨਕ ਲੋਕਾਂ ਨੇ ਭਰਪੂਰ ਦਿਲਚਸਪੀ ਦਿਖਾਈ। ਉੱਚੇ ਕੱਦ ਵਾਲੀ, ਹਰੀਆਂ ਅੱਖਾਂ ਵਾਲੀ ਤੇ ਭੂਰੇ ਵਾਲਾਂ ਵਾਲੀ ਕੈਰੋਲੀਨਾ ਸਤਰਾਮਾਰੇ ਪਿਛਲੇ 3 ਸਾਲਾਂ ਤੋਂ ਇੱਕ ਮਾਡਲ ਵਜੋਂ ਕੰਮ ਕਰ ਰਹੀ ਹੈ। ਉਹ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਸਨਰੇਮੋ ਵਿੱਚ 'ਅਕੈਡਮੀ ਆਫ਼ ਫਾਈਨ ਆਰਟਸ' ਵਿੱਚ ਗ੍ਰਾਫਿਕਸ ਅਤੇ ਡਿਜ਼ਾਈਨ ਵਿੱਚ ਵਿਦਿਆਰਥਣ ਹੈ।

ਕੈਰੋਲੀਨਾ ਸਤਰਾਮਾਰੇ ਦਾ ਮੰਨਣਾ ਹੈ ਕਿ ਇਹ ਮੁਕਾਬਲਾ ਅਸਲ ਖੇਡ ਹੈ, ਜਿਸ ਲਈ ਉਸ ਨੇ 8 ਸਾਲ ਮਿਹਨਤ ਕੀਤੀ। ਉਸ ਨੂੰ ਆਪਣਾ ਵਿਹਲਾ ਸਮਾਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਿਤਾਉਣਾ ਪੰਸਦ ਹੈ। ਜ਼ਿਕਰਯੋਗ ਹੈ ਕਿ ਇਹ ਮਿਸ ਇਟਲੀ ਸੁੰਦਰਤਾ ਪ੍ਰਤੀਯੋਗਤਾ ਮੁਕਾਬਲਾ ਸੰਨ 1939 ਵਿੱਚ ਐਂਸੋ ਮੀਰੀਲਿਆਨੀ ਨੇ ਸ਼ੁਰੂ ਕੀਤਾ ਸੀ ਜਿਹੜੇ ਕਿ ਇਤਾਲਵੀ ਟੈਲੀਵਿਜ਼ਨ ਸਖ਼ਸੀਅਤ ਸਨ। ਉਹ 50 ਸਾਲਾਂ ਤੱਕ 'ਮਿਸ ਇਟਲੀ ਸੁੰਦਰਤਾ ਪ੍ਰਤੀਯੋਗਤਾ ਮੁਕਾਬਲੇ' ਦੇ ਮੁਖੀ ਰਹੇ। ਸੰਨ 2010 ਵਿੱਚ ਉਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ 26 ਸਤੰਬਰ 2011 ਨੂੰ ਉਹਨਾਂ ਦੀ ਮੌਤ ਹੋ ਗਈ। 'ਮਿਸ ਇਟਲੀ ਸੁੰਦਰਤਾ ਪ੍ਰਤੀਯੋਗਤਾ ਮੁਕਾਬਲਾ' ਸਦਾ ਹੀ ਇਟਾਲੀ ਵਾਸੀਆਂ ਨੂੰ ਐਂਸੋ ਮੀਰੀਲਿਆਨੀ ਦੀ ਯਾਦ ਦੁਆਉਂਦਾ ਰਹੇਗਾ।
ਆਸਟ੍ਰੇਲੀਆ : ਝਾੜੀਆਂ 'ਚ ਲੱਗੀ ਅੱਗ ਕਾਰਨ 21 ਘਰ ਹੋਏ ਬਰਬਾਦ
NEXT STORY