ਢਾਕਾ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਦੋ ਦਿਨਾ ਬੰਗਲਾਦੇਸ਼ ਯਾਤਰਾ ਦੇ ਦੂਸਰੇ ਦਿਨ ਦੀ ਸ਼ੁਰੂਆਤ ਸਤਖਿਰਾ ਸਥਿਤ ਪ੍ਰਾਚੀਨ ਜਸ਼ੋਰੇਸ਼ਵਰੀ ਕਾਲੀ ਮੰਦਿਰ ’ਚ ਦੇਵੀ ਕਾਲੀ ਦੀ ਪੂਜਾ-ਅਰਚਨਾ ਕੀਤੀ ਅਤੇ ਸਾਰੀ ਮਨੁੱਖ ਜਾਤੀ ਦੇ ਕਲਿਆਣ ਦੀ ਕਾਮਨਾ ਕੀਤੀ। ਕਈ ਸ਼ਤਾਬਦੀਆਂ ਪੁਰਾਣਾ ਇਹ ਮੰਦਿਰ 51 ਸ਼ਕਤੀਪੀਠਾਂ ’ਚੋਂ ਇਕ ਹੈ। ਮੰਦਿਰ ਕੰਪਲੈਕਸ ’ਚ ਪਹੁੰਚਣ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਸੰਖ ਵਜਾ ਕੇ, ਤਿਲਕ ਲਾ ਕੇ ਅਤੇ ਹੋਰ ਰਵਾਇਤੀ ਤਰੀਕਿਆਂ ਨਾਲ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮਾਂ ਕਾਲੀ ਦੀ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਮਾਂ ਕਾਲੀ ਨੂੰ ਇਕ ਮੁਕੁਟ, ਸਾੜ੍ਹੀ ਅਤੇ ਹੋਰ ਪੂਜਾ ਦੀ ਸਮੱਗਰੀ ਵੀ ਅਰਪਿਤ ਕੀਤੀ ਅਤੇ ਆਖਿਰ ’ਚ ਮੰਦਿਰ ਦੀ ਪਰਿਕਰਮਾ ਵੀ ਕੀਤੀ। ਬਾਅਦ ’ਚ ਉਨ੍ਹਾਂ ਨੇ ਕਿਹਾ ਕਿ ਮੰਦਿਰ ਵਿਚ ਪੂਜਾ ਅਰਚਨਾ ਕਰ ਕੇ ਉਨ੍ਹਾਂ ਨੇ ਪੂਰੀ ਮਨੁੱਖ ਜਾਤੀ ਦੇ ਕਲਿਆਣ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ, ‘‘ਅੱਜ ਮੈਨੂੰ 51 ਸ਼ਕਤੀਪੀਠਾਂ ’ਚੋਂ ਇਕ ਮਾਂ ਕਾਲੀ ਦੇ ਚਰਨਾਂ ਵਿਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੌਕਾ ਮਿਲੇ ਤਾਂ 51 ਸ਼ਕਤੀਪੀਠਾਂ ’ਚ ਕਦੀ ਨਾ ਕਦੀ ਜਾ ਕੇ ਮੱਥਾ ਟੇਕਾਂ।’’ ਮੋਦੀ ਨੇ ਕਿਹਾ ਕਿ ਸਾਲ 2015 ਵਿਚ ਉਹ ਜਦੋਂ ਬੰਗਲਾਦੇਸ਼ ਆਏ ਸਨ ਤਾਂ ਉਨ੍ਹਾਂ ਮਾਂ ਕਾਲੀ ਦੇ ਚਰਨਾਂ ਵਿਚ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਜਾਤੀ ਕੋਰੋਨਾ ਕਾਰਨ ਅਨੇਕ ਮੁਸੀਬਤਾਂ ’ਚੋਂ ਲੰਘ ਰਹੀ ਹੈ, ਮਾਂ ਤੋਂ ਇਹੀ ਪ੍ਰਾਰਥਨਾ ਹੈ ਕਿ ਉਹ ਪੂਰੀ ਮਨੁੱਖ ਜਾਤੀ ਨੂੰ ਕੋਰੋਨਾ ਦੇ ਇਸ ਸੰਕਟ ਤੋਂ ਜਲਦ ਤੋਂ ਜਲਦ ਛੁਟਕਾਰਾ ਦਿਵਾਉਣ।
ਪ੍ਰਧਾਨ ਮੰਤਰੀ ਨੇ ‘‘ਸਰਵ ਭਵੰਤੁ ਸੁਖਿਨ:’ ਦੇ ਮੰਤਰ ਦਾ ਜ਼ਿਕਰ ਕੀਤਾ ਅਤੇ ‘ਵਸੁਧੈਵ ਕੁਟੁੰਬਕਮ’ ਨੂੰ ਭਾਰਤੀ ਸੱਭਿਆਚਾਰ ਦੀ ਵਿਰਾਸਤ ਦੱਸਦਿਆਂ ਕਿਹਾ, ‘‘ਅਸੀਂ ਪੂਰੀ ਮਨੁੱਖ ਜਾਤੀ ਦੇ ਕਲਿਆਣ ਲਈ ਪ੍ਰਾਰਥਨਾ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਜਦੋਂ ਇਥੇ ਮਾਂ ਕਾਲੀ ਦੀ ਪੂਜਾ ਦਾ ਮੇਲਾ ਲੱਗਦਾ ਹੈ ਤਾਂ ਬਹੁਤ ਵੱਡੀ ਗਿਣਤੀ ਵਿਚ ਭਗਤ ਆਉਂਦੇ ਹਨ, ਜਿਨ੍ਹਾਂ ਵਿਚ ਸਰਹੱਦ ਪਾਰ ਦੇ ਸ਼ਰਧਾਲੂ ਵੀ ਸ਼ਾਮਲ ਹੁੰਦੇ ਹਨ। ਇਥੇ ਇਕ ਭਾਈਚਾਰਕ ਕੇਂਦਰ ਦੇ ਨਿਰਮਾਣ ਦੀ ਜ਼ਰੂਰਤ ਦੱਸਦਿਆਂ ਕਿਹਾ ਕਿ ਭਾਰਤ ਸਰਕਾਰ ਇਥੇ ਇਸ ਦੇ ਨਿਰਮਾਣ ਦਾ ਕੰਮ ਕਰੇਗੀ ਤਾਂ ਕਿ ਜਦੋਂ ਕਾਲੀ ਪੂਜਾ ਦੇ ਸਮੇਂ ਲੋਕ ਇਥੇ ਆਉਣ ਤਾਂ ਇਹ ਉਨ੍ਹਾਂ ਦੇ ਕੰਮ ਆਵੇ। ਮੁਸੀਬਤ ਦੇ ਸਮੇਂ ਵੀ ਇਹ ਕੰਮ ਆਵੇ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਥੇ ਨਿਰਮਾਣ ਕਾਰਜ ਕਰਵਾਏਗੀ। ਇਸ ਦੇ ਲਈ ਬੰਗਲਾਦੇਸ਼ ਸਰਕਾਰ ਨੇ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਅੱਜ ਗੋਪਾਲਗੰਜ ਜ਼ਿਲੇ ਦੇ ਤੁੰਗੀਪਾੜਾ ਵਿਚ ‘ਬੰਗਬੰਧੂ’ ਸ਼ੇਖ ਮੁਜ਼ੀਬੁਰ ਰਹਿਮਾਨ ਦੀ ਯਾਦਗਾਰ ’ਤੇ ਵੀ ਜਾਣਗੇ। ਉਹ ਉਸ ਸਥਾਨ ’ਤੇ ਜਾਣ ਵਾਲੇ ਪਹਿਲੇ ਮਾਣਯੋਗ ਭਾਰਤੀ ਹੋਣਗੇ। ਪ੍ਰਧਾਨ ਮੰਤਰੀ ਦਾ ਓਰਾਕਾਂਡੀ ’ਚ ਮਤੁਆ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਸੰਵਾਦ ਦਾ ਵੀ ਪ੍ਰੋਗਰਾਮ ਹੈ। ਸ਼ਨੀਵਾਰ ਦੀ ਦੁਪਹਿਰ ਮੋਦੀ ਪ੍ਰਧਾਨ ਮੰਤਰੀ ਦਫਤਰ ’ਚ ਸ਼ੇਖ ਹਸੀਨਾ ਨਾਲ ਗੱਲਬਾਤ ਕਰਨਗੇ।
ਇਸ ਦੌਰਾਨ ਪੰਜ ਸਮਝੌਤਾ ਪੱਤਰਾਂ ’ਤੇ ਦਸਤਖਤ ਹੋਣ ਦੀ ਉਮੀਦ ਹੈ। ਕੁਝ ਯੋਜਨਾਵਾਂ ਦਾ ਵੀ ਉਹ ਡਿਜੀਟਲ ਮਾਧਿਅਮ ਨਾਲ ਉਦਘਾਟਨ ਕਰਨਗੇ। ਦੇਸ਼ ਨੂੰ ਰਵਾਨਾ ਹੋਣ ਤੋਂ ਪਹਿਲਾਂ ਉਹ ਰਾਸ਼ਟਰਪਤੀ ਅਬਦੁਲ ਹਮੀਦ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਢਾਕਾ ਪਹੁੰਚੇ ਸਨ, ਜਿਥੇ ਉਨ੍ਹਾਂ ਦਾ ਸਵਾਗਤ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੀਤਾ। ਹਸੀਨਾ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਵੀ ਹਜ਼ਰਤ ਸ਼ਾਹ ਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਥਿਤ ਸਨ। ਮੋਦੀ ਦੇ ਸਨਮਾਨ ਵਿਚ 19 ਤੋਪਾਂ ਦੀ ਸਲਾਮੀ ਅਤੇ ‘ਗਾਰਡ ਆਫ ਆਨਰ’ ਵੀ ਦਿੱਤਾ ਗਿਆ।
ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਇਹ ਯਾਤਰਾ ਸ਼ੇਖ ਮੁਜ਼ੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ, ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਡਿਪਲੋਮੈਟਿਕ ਸਬੰਧ ਸਥਾਪਿਤ ਹੋਣ ਦੇ 50 ਸਾਲ ਪੂਰੇ ਹੋਣ ਅਤੇ ਬੰਗਲਾਦੇਸ਼ ਮੁਕਤੀ ਸੰਗਰਾਮ ਦੇ 50 ਸਾਲ ਪੂਰੇ ਹੋਣ ਨਾਲ ਸਬੰਧਤ ਹੈ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਸਾਲ 2015 ਵਿਚ ਬੰਗਲਾਦੇਸ਼ ਦੀ ਯਾਤਰਾ ਕੀਤੀ ਸੀ।
ਮਿਆਦ ਖ਼ਤਮ ਹੋ ਚੁਕੇ OCI ਕਾਰਡ ਦੇ ਨਵੀਨੀਕਰਨ ਦੀ ਤਾਰੀਖ਼ 31 ਦਸੰਬਰ 2021 ਤੱਕ ਕੀਤੀ ਜਾਵੇ -ਸਤਨਾਮ ਚਾਹਲ
NEXT STORY